ਅੰਗਹੀਣ ਜੋੜਾ ਸਖ਼ਤ ਮਿਹਨਤ ਕਰ ਕੇ ਈ-ਰਿਕਸ਼ਾ ਚਲਾ ਕੇ ਨੌਜਵਾਨਾਂ ਨੂੰ ਦੇ ਰਿਹਾ ਸੇਧ
ਕਿਹਾ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦੈ ਸਗੋਂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ-ਨਾਲ ਹੱਥੀ ਕਿਰਤ ਕਰਨੀ ਚਾਹੀਦੀ ਹੈ
ਕਲਾਨੌਰ: ਅੱਜ ਦੇ ਅਜੋਕੇ ਸਮੇਂ ਵਿਚ ਜਿਥੇ ਪੜ੍ਹੇ ਲਿਖੇ ਨੌਜਵਾਨ ਰੋਜ਼ਗਾਰ ਨਾ ਮਿਲਣ ਤੋਂ ਨਿਰਾਸ਼ ਹੋ ਕੇ ਨਸ਼ਿਆਂ ਜਾਂ ਮਾਨਸਕ ਬੀਮਾਰੀ ਦੀ ਲਪੇਟ ਵਿਚ ਆ ਰਹੇ ਹਨ ਉਥੇ ਪਿੰਡ ਲੱਖਣ ਕਲਾਂ ਦਾ ਅੰਗਹੀਣ ਜੋੜਾ ਈ-ਰਿਕਸ਼ਾ ਚਲਾਉਣ ਤੋਂ ਇਲਾਵਾ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਪਰਮੇਸ਼ਵਰ ਦੀ ਬੰਦਗੀ ਕਰ ਕੇ ਮਿਸਾਲ ਪੈਦਾ ਕਰਨ ਤੋਂ ਇਲਾਵਾ ਨੌਜਵਾਨਾਂ ਨੂੰ ਸੇਧ ਦੇ ਰਿਹਾ ਹੈ। ਅੰਗਹੀਣ ਰੋਹਿਤ ਨੇ ਦਸਿਆ ਕਿ ਉਹ ਬਾਰ੍ਹਵੀਂ ਕਲਾਸ ਪਾਸ ਹੈ ਅਤੇ ਉਸ ਦੇ ਦੋ ਭਰਾ ਤੇ ਇਕ ਭੈਣ ਹੈ। 2012 ਵਿਚ ਪਸ਼ੂਆਂ ਦਾ ਚਾਰਾ ਕੁਤਰਦੇ ਸਮੇਂ ਟੋਕੇ ਵਿਚ ਆਣ ਕਾਰਨ ਉਸ ਦੀ ਖੱਬੀ ਬਾਂਹ ਕੱਟੀ ਗਈ ਸੀ।
ਉਸ ਨੇ ਦਸਿਆ ਕਿ ਉਸ ਦੀ ਇਕ ਬਾਂਹ ਹੋਣ ਕਾਰਨ ਉਸ ਨੂੰ ਲੋਕ ਦਿਹਾੜੀ ਤੇ ਵੀ ਮਜ਼ਦੂਰੀ ਲਈ ਨਹੀਂ ਸੀ ਖੜਦੇ ਅਤੇ ਉਹ ਨਿਰਾਸ਼ ਹੋ ਕੇ ਜਲੰਧਰ ਦੇ ਖਾਂਭਰੇ ਸਥਿਤ ਅੰਕੁਰ ਨਰੂਲਾ ਦੇ ਚਰਚ ਵਿਚ ਚਲ ਗਿਆ ਜਿਥੇ ਉਹ ਪਰਮੇਸ਼ਵਰ ਦੀ ਬੰਦਗੀ ਕਰਨ ਦੇ ਨਾਲ-ਨਾਲ ਉਥੇ ਦਰੀਆਂ ਵਛਾਉਣ ਤੇ ਇਕੱਠੀਆਂ ਕਰਦਾ ਸੀ। ਉਸ ਨੇ ਦਸਿਆ ਕਿ ਇਸ ਉਪਰੰਤ ਉਸ ਦਾ ਨਿਕਾਹ ਦੋਹਾਂ ਲੱਤਾਂ ਤੋਂ ਅੰਗਹੀਣਾਂ ਰੂਤਾ ਪਿੰਡ ਲੱਖਣ ਕਲਾਂ ਨਾਲ ਸੰਗਤਾਂ ਵਲੋਂ ਕਰਵਾ ਦਿਤਾ ਗਿਆ।
ਉਸ ਨੇ ਦਸਿਆ ਕਿ ਇਸ ਦੌਰਾਨ ਉਸ ਦੇ ਘਰ ਜੁੜਵੇ ਬੱਚਿਆਂ ਨੇ ਜਨਮ ਲਿਆ। ਇਸ ਮੌਕੇ ਅੰਗਹੀਣ ਰੂਤਾ ਨੇ ਦਸਿਆ ਕਿ ਉਹ ਸਲਾਈ ਕਢਾਈ ਦਾ ਕੰਮ ਕਰਦੀ ਹੈ। ਅੰਗਹੀਣ ਜੋੜੇ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਅੰਕੁਰ ਨਰੂਲਾ ਵਲੋਂ ਉਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਈ-ਰਿਕਸ਼ਾ ਦਾਨ ਦਿਤਾ ਗਿਆ। ਉਨ੍ਹਾਂ ਦਸਿਆ ਕਿ ਉਹ ਇਸ ਈ ਰਿਕਸ਼ੇ ਨੂੰ ਚਲਾ ਕੇ ਵਧੀਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ-ਨਾਲ ਹੱਥੀ ਕਿਰਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗ੍ਰਹਿਸਤੀ ਜੀਵਨ ਵਿਚ ਕਿਸੇ ਪ੍ਰਕਾਰ ਦੀ ਮੁਸ਼ਕਲ ਸਾਹਮਣੇ ਨਹੀਂ ਆਉਂਦੀ।