Punjab News: ਸੁਖਬੀਰ ਬਾਦਲ ਦੇ ਅੜੀਅਲ ਰਵਈਏ ਕਾਰਨ ਹੀ ਅਕਾਲੀ ਦਲ ਦਾ ਬੁਰਾ ਹਸ਼ਰ ਹੋਇਆ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

Punjab News: ਕਿਹਾ, 104 ਸਾਲ ਦੀ ਪਾਰਟੀ ਚਾਰ ਉਮੀਦਵਾਰ ਵੀ ਖੜੇ ਨਾ ਕਰ ਸਕੀ

Sukhbir Badal's stubborn attitude caused the Akali Dal to suffer: Dhindsa

 

Punjab News: ਬਾਗ਼ੀ ਅਕਾਲੀ ਧੜੇ ਨਾਲ ਜੁੜੇ ਪ੍ਰਮੁੱਖ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਮੌਜੂਦਾ ਪੰਥਕ ਅਤੇ ਸਿਆਸੀ ਹਲਾਤ ’ਤੇ ਚਿੰਤਾ ਪ੍ਰਗਟ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਅੱਜ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਮੌਜੂਦਾ ਸਿਆਸੀ ਹਾਲਾਤ ਵਿਚ ਚਾਰ ਉਮੀਦਵਾਰ ਨਹੀਂ ਉਤਾਰ ਸਕੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਸ ਤੋਂ ਵੀ ਮਾੜੇ ਹਾਲਾਤ ਵਿਚ ਅਪਣਾ ਝੰਡਾ ਬੁਲੰਦ ਰਖਿਆ ਸੀ, ਜਦੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਧਿਰ ਉਨ੍ਹਾਂ ਨੂੰ ਜਾਤੀ ਅਤੇ ਸਿਆਸੀ ਤੌਰ ’ਤੇ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਸੀ ਪਰ ਅੱਜ ਜਦੋਂ ਪਾਰਟੀ ਅਪਣਾ ਸੌ ਸਾਲਾ ਇਤਿਹਾਸ ਬਣਾ ਚੁੱਕੀ ਸੀ ਉਸ ਵੇਲੇ ਸਾਡੇ ਕੋਲ ਚਾਰ ਉਮੀਦਵਾਰ ਹੀ ਚੋਣ ਪਿੜ ਵਿਚ ਉਤਾਰਨ ਲਈ ਨਹੀਂ ਸਨ।

ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਮੌਜੂਦਾ ਹਾਲਾਤ ਲਈ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ ਉਸ ਸਮੇਂ ਤੋਂ ਅਕਾਲੀ ਦਲ ਹਾਸ਼ੀਏ ’ਤੇ ਆਉਂਦਾ ਗਿਆ ਅਤੇ ਲਗਾਤਾਰ ਪਿਛਲੀਆਂ ਚਾਰ ਚੋਣਾਂ ਵਿਚ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ। ਅਕਾਲੀ ਦਲ ਅਪਣੇ ਸੌ ਵਰ੍ਹੇ ਮੌਕੇ ਮਹਿਜ ਤਿੰਨ ਸੀਟਾਂ ’ਤੇ ਸਿਮਟ ਗਿਆ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿਚ ਦਸ ਸੀਟਾਂ ’ਤੇ ਜ਼ਮਾਨਤ ਜ਼ਬਤ ਹੋਈ।

ਢੀਂਡਸਾ ਨੇ ਮੁੜ ਉਸ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ 2017 ਵਿਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇ ਕੇ ਪਾਸੇ ਹਟ ਜਾਣ ਦੀ ਬੇਨਤੀ ਕੀਤੀ ਸੀ ਅਤੇ ਇਹੀ ਬੇਨਤੀ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰ ਕੇ ਖ਼ੁਦ ਕਮਾਨ ਅਪਣੇ ਹੱਥ ਵਿਚ ਲੈਣ, ਪਰ ਉਸ ਵੇਲੇ ਦਿਤੀ ਗਈ ਸਲਾਹ ਨੂੰ ਨਹੀ ਮੰਨਿਆ ਗਿਆ ਹੈ ਤੇ ਜਦੋਂ ਅਕਾਲੀ ਦਲ ਬੁਰੀ ਤਰ੍ਹਾਂ ਹਾਸ਼ੀਏ ਤੇ ਜਾ ਚੁੱਕਾ ਹੈ ਹੁਣ ਅਸਤੀਫ਼ਾ ਦਿਤਾ ਹੈ। 

ਢੀਂਡਸਾ ਨੇ ਮੁੜ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਪੂਰਾ ਪੰਜਾਬ ਅਪਣੇ ਹੱਕ ਹਕੂਕਾਂ ਦੀ ਤਰਜਮਾਨੀ ਕਰਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਵਲ ਵੇਖ ਰਿਹਾ ਹੈ, ਮੌਜੂਦਾ ਸਿਆਸੀ ਅਤੇ ਪੰਥਕ ਹਾਲਾਤ ਨੂੰ ਵੇਖਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਿਰਮੌਰ ਜਮਾਤ ਨੂੰ ਬਲ ਪੂਰਵਕ ਸੇਧ ਦੇਣ ਲਈ ਦਖ਼ਲ ਦੇਣ ਅਤੇ ਨਵੀਂ ਭਰਤੀ ਕਰਵਾ ਕੇ ਅਜਿਹੇ ਪ੍ਰਧਾਨ ਦੀ ਤਲਾਸ਼ ਨੂੰ ਪੂਰਾ ਕੀਤਾ ਜਾਵੇ ਜਿਹੜਾ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਚਲਣ ਦੇ ਸਮਰੱਥ ਹੋਵੇ ਅਤੇ ਅਗਲੀ ਸਿਆਸੀ ਲੜਾਈ ਲੜਨ ਦੀ ਯੋਗਤਾ ਰਖਦਾ ਹੈ।