liquor party ਦੌਰਾਨ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ
ਦੋਸਤਾਂ ਨੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ
ਲੁਧਿਆਣਾ : ਲੁਧਿਆਣਾ ਦੇ ਹੈਬੋਵਾਲ ਰੋਡ ’ਤੇ ਸ਼ਰਾਬ ਦੇ ਨਸ਼ੇ ਧੁੱਤ ਕੁੱਝ ਦੋਸਤਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਸ ਬਹਿਸ ਨੇ ਖੂਨੀ ਰੂਪ ਧਾਰ ਲਿਆ। ਸ਼ਰਾਬੀ ਦੋਸਤਾਂ ਨੇ ਆਪਣੇ ਦੋਸਤ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਦੋਸਤ ਕਮਲ ਡੇਅਰੀ ਦੇ ਨੇੜੇ ਬੈਠ ਕੇ ਸ਼ਰਾਬ ਪੀ ਰਹੇ ਸਨ। ਦੋਸਤਾਂ ’ਚ ਅਚਾਨਕ ਬਹਿਸ ਛਿੜ ਗਈ, ਜੋ ਇੰਨੀ ਵਧ ਗਈ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਇਕ ਦੋਸਤ ਨੇ ਰਿੰਕੂ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ,ਜਿਸ ਕਾਰਨ ਰਿੰਕੂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਇੰਚਾਰਜ ਵਿਜੇ ਕੁਮਾਰ ਅਨੁਸਾਰ ਮ੍ਰਿਤਕ ਰਿੰਕੂ ਮੂਲ ਨਾਲ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਹ ਲੁਧਿਆਣਾ ਦੀ ਫੈਕਟਰੀ ਵਿਚ ਟ੍ਰੇਲਰ ਅਪਰੇਟਰ ਦਾ ਕੰਮ ਕਰਦਾ ਸੀ। ਪੁਲਿਸ ਅਨੁਸਾਰ ਸ਼ਰਾਬ ਦੇ ਨਸ਼ੇ ’ਚ ਹੋਈ ਬਹਿਸ ਨੇ ਖੂਨੀ ਰੂਪ ਧਾਰ ਲਿਆ। ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।