Punjab Weather News: ਪੰਜਾਬ ਵਿੱਚ ਠੰਢ ਦਾ ਅਸਰ, ਪਾਰਾ 5 ਡਿਗਰੀ ਵੀ ਕੀਤਾ ਗਿਆ ਦਰਜ, ਜਾਣੋ ਆਪਣੇ ਸ਼ਹਿਰ ਦਾ ਹਾਲ
ਕਈ ਇਲਾਕਿਆ ਵਿੱਚ ਠੰਢ ਦਾ ਕਹਿਰ ਸ਼ੁਰੂ ਹੋ ਗਿਆ
Punjab Weather News: ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਬਾਅਦ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ, ਅਤੇ ਅਗਲੇ ਦੋ ਹਫ਼ਤਿਆਂ ਵਿੱਚ ਇਹ ਹੋਰ ਵੀ ਡਿੱਗ ਜਾਵੇਗਾ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਤਾਪਮਾਨ ਥੋੜ੍ਹਾ ਵਧਿਆ ਹੈ, ਪਰ ਇਹ ਆਮ ਦੇ ਨੇੜੇ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਅਗਲੇ 72 ਘੰਟਿਆਂ ਵਿੱਚ ਚੰਗੀ ਧੁੱਪ ਅਤੇ ਸਾਫ਼ ਮੌਸਮ ਰਹੇਗਾ, ਜਿਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ।
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਹੋਇਆ ਹੈ। ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜੋ ਕਿ 29.6 ਡਿਗਰੀ ਸੀ।
ਅਗਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ, ਪਰ ਧੁੰਦ ਦੀ ਸੰਭਾਵਨਾ ਹੈ। ਬਾਹਰੀ ਇਲਾਕਿਆਂ ਵਿੱਚ ਧੁੰਦ ਛਾਈ ਰਹਿ ਸਕਦੀ ਹੈ, ਜੋ ਕਿ ਠੰਢ ਦੇ ਸੰਕੇਤ ਹੈ। ਘੱਟੋ-ਘੱਟ ਤਾਪਮਾਨ 5 ਤੋਂ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।
ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 22 ਤੋਂ 30 ਡਿਗਰੀ ਸੈਲਸੀਅਸ ਤੱਕ ਰਹੇਗਾ। ਹਵਾ ਦੀ ਗਤੀ ਹੌਲੀ ਰਹੇਗੀ, ਜਿਸ ਨਾਲ ਠੰਢ ਦਾ ਅਹਿਸਾਸ ਹੋਰ ਵੀ ਸਪੱਸ਼ਟ ਹੋ ਜਾਵੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਪੰਜਾਬ ਵਿੱਚ ਧੁੰਦ ਵੀ ਪੈ ਸਕਦੀ ਹੈ।