ਸੱਜਣ ਕੁਮਾਰ ਵਿਰੁਧ ਹਾਈ ਕੋਰਟ ਦਾ ਫ਼ੈਸਲਾ ਦਲੇਰੀ ਭਰਿਆ : ਯੂਨਾਈਟਡ ਸਿੱਖ ਮੂਵਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਨਾਈਟਡ ਸਿੱਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ,  ਕੈਪਟਨ ਚੰਨਣ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ....

United Sikh Movement

ਚੰਡੀਗੜ੍ਹ : ਯੂਨਾਈਟਡ ਸਿੱਖ ਮੂਵਮੈਂਟ ਦੇ ਆਗੂ ਡਾਕਟਰ ਭਗਵਾਨ ਸਿੰਘ,  ਕੈਪਟਨ ਚੰਨਣ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਦੇਣ ਦੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ਦਾ ਇਕ ਦਲੇਰੀ ਭਰਿਆ ਫ਼ੈਸਲਾ ਦੱਸਿਆ ਹੈ। ਜਿਨ੍ਹਾਂ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਉਲਟਾਉਂਦਿਆਂ ਇਹ ਟਿੱਪਣੀਆਂ ਵੀ ਕੀਤੀਆਂ ਹਨ ਕਿ ਜਾਣ-ਬੁੱਝ ਕੇ ਕਮਜ਼ੋਰ ਚਾਰਜਸ਼ੀਟ ਤਿਆਰ ਕੀਤੀ ਗਈ ਅਤੇ ਦੋਸ਼ੀਆਂ ਨੂੰ ਹੁਣ ਤਕ ਸਿਆਸੀ ਸ਼ਹਿ ਤੇ ਬਚਾਇਆ ਜਾਂਦਾ ਰਿਹਾ। 

ਭਾਰਤੀ ਕਾਨੂੰਨ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਕੌਮ ਦੇ ਕਾਤਲ ਨੂੰ ਬਿਲਕੁਲ ਉਹੋ ਜਿਹੀ ਸਜ਼ਾ ਸੁਣਾਈ ਗਈ ਹੈ ਜੋ ਹੁਣ ਤਕ ਸਿਰਫ਼ ਸਿੱਖਾਂ ਲਈ ਹੀ ਹੁੰਦੀ ਸੀ ਕਿ ਉਮਰ ਭਰ ਲਈ ਮੌਤ ਤਕ ਜੇਲ੍ਹ ਵਿਚ ਰੱਖਣਾ। ਅੱਜ ਦੇ ਇਸ ਇਤਿਹਾਸਕ ਫ਼ੈਸਲੇ ਨੇ ਭਾਰਤੀ ਸਰਕਾਰਾਂ ਦਾ ਵੀ ਪਾਜ ਉਘਾੜਿਆ ਹੈ ਕਿ ਜੇ ਕਾਨੂੰਨ ਨੂੰ ਆਜ਼ਾਦੀ ਨਾਲ ਕੰਮ ਕਰਨ ਦਿਤਾ ਜਾਂਦਾ ਤਾਂ ਸਿੱਖਾਂ ਦੇ ਇਸ ਸੱਭ ਤੋਂ ਭਿਆਨਕ ਸਰਕਾਰੀ ਕਤਲੇਆਮ ਵਿਚ ਇਨਸਾਫ਼ ਬਹੁਤ ਪਹਿਲਾਂ ਹੀ ਹੋ ਸਕਦਾ ਸੀ। ਨਿਆਂ ਪ੍ਰਣਾਲੀ ਨੂੰ ਵੀ ਸਿੱਖਾਂ ਦੀਆਂ ਕੋਸ਼ਿਸ਼ਾਂ ਅੱਗੇ ਝੁਕਣਾ ਪਿਆ ਅਤੇ ਇਨਸਾਫ਼ ਕਰਨ ਲਈ ਮਜਬੂਰ ਹੋਣਾ ਪਿਆ।

ਜਦਕਿ 2013 ਵਿਚ ਇਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਕੇ ਹੇਠਲੀ ਅਦਾਲਤ ਨੇ ਉਸਨੂੰ ਬਰੀ ਕਰ ਦਿਤਾ ਸੀ। ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਵੀ ਭਾਰਤੀ ਰਾਜਨੀਤੀ ਤੰਤਰ ਕੋਈ ਸਬਕ ਸਿਖਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਸਿੱਖਾਂ ਦੇ ਇਕ ਹੋਰ ਕਾਤਲ ਕਮਲਨਾਥ ਨੂੰ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਜੋ ਬਿਲਕੁਲ ਇਹ ਦਰਸਾਉਂਦਾ ਹੈ ਕਿ ਸਿੱਖ ਕੌਮ ਦੇ ਦੋਸ਼ੀ ਉਨ੍ਹਾਂ ਦੇ ਹੀਰੋ ਹਨ ਜਿਨ੍ਹਾਂ ਨੂੰ ਉਚ ਸੰਵਿਧਾਨਿਕ ਅਹੁਦਿਆਂ ਨਾਲ ਨਿਵਾਜਦੇ ਹਨ।