ਖੇਤੀ ਕਾਨੂੰਨ ਭਾਰਤੀ ਖੇਤੀਬਾੜੀ 'ਚ ਨਵੇਂ ਬਦਲਾਅ ਦੀ ਨੀਂਹ ਬਣਨਗੇ: ਤੋਮਰ
ਖੇਤੀ ਕਾਨੂੰਨ ਭਾਰਤੀ ਖੇਤੀਬਾੜੀ 'ਚ ਨਵੇਂ ਬਦਲਾਅ ਦੀ ਨੀਂਹ ਬਣਨਗੇ: ਤੋਮਰ
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਸਮਝਾਉਣ ਲਈ ਲਿਖੀ ਚਿੱਠੀ
ਨਵੀਂ ਦਿੱਲੀ, 17 ਦਸੰਬਰ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 'ਸਿਆਸੀ ਸਵਾਰਥ' ਲਈ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਭੰਬਲਭੂਸੇ ਤੋਂ ਬਚਣ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ 'ਝੂਠ ਦੀ ਕੰਧ' ਬਣਾਉਣ ਦੀ ਸਾਜ਼ਸ਼ ਰਚੀ ਜਾ ਰਹੀ ਹੈ |
ਕਿਸਾਨਾਂ ਨੂੰ ਲਿਖੇ ਇਕ ਪੱਤਰ ਵਿਚ ਤੋਮਰ ਨੇ ਦਾਅਵਾ ਕੀਤਾ ਕਿ ਤਿੰਨ ਖੇਤੀਬਾੜੀ ਸੁਧਾਰ ਕਾਨੂੰਨ ਭਾਰਤੀ ਖੇਤੀਬਾੜੀ ਵਿਚ ਇਕ ਨਵੇਂ ਬਦਲਾਅ ਦੀ ਨੀਂਹ ਬਣੇਗਾ, ਜਿਸ ਨਾਲ ਕਿਸਾਨਾਂ ਨੂੰ ਵਧੇਰੇ ਸੁਤੰਤਰ ਅਤੇ ਸ਼ਕਤੀਸ਼ਾਲੀ ਬਣਾਇਆ ਜਾਵੇਗਾ | ਖੇਤੀਬਾੜੀ ਕਾਨੂੰਨਾਂ ਨੂੰ ''ਇਤਿਹਾਸਕU ਕਰਾਰ ਦਿੰਦਿਆਂ ਤੋਮਰ ਨੇ ਕਿਹਾ ਕਿ ਉਨ੍ਹਾਂ ਨੇ ਕਈ ਰਾਜਾਂ ਵਿਚ ਕਿਸਾਨ ਸੰਗਠਨਾਂ ਨਾਲ ਇਨ੍ਹਾਂ ਸੁਧਾਰਾਂ ਬਾਰੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਇਸ ਤੋਂ ਬਹੁਤ ਖ਼ੁਸ਼ ਹਨ ਅਤੇ ਕਿਸਾਨਾਂ ਵਿਚ ਇਕ ਨਵੀਂ ਉਮੀਦ ਪੈਦਾ ਹੋਈ ਹੈ | ਦੇਸ ਦੇ ਵੱਖ-ਵੱਖ ਖੇਤਰਾਂ ਦੇ ਕਿਸਾਨਾਂ ਦੀਆਂ ਵੀ ਉਦਾਹਰਣਾਂ ਹਨ ਜਿਨ੍ਹਾਂ ਨੇ ਨਵੇਂ ਕਾਨੂੰਨਾਂ ਦਾ ਲਾਭ ਲੈਣਾ ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਦੂਸਰਾ ਪੱਖ ਇਹ ਹੈ ਕਿ ਕਿਸਾਨ ਜਥੇਬੰਦੀਆਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਹੈ |
ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ, ਮੇਰਾ ਫ਼ਰਜ਼ ਬਣਦਾ ਹੈ ਕਿ ਹਰ ਕਿਸਾਨ ਦੀ ਉਲਝਣ ਦੂਰ ਕੀਤੀ ਜਾਵੇ | ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਹਾਡੇ ਸਾਹਮਣੇ ਦਿੱਲੀ ਅਤੇ ਆਸ ਪਾਸ ਦੇ ਖੇਤਰ ਵਿਚ ਸਰਕਾਰ ਅਤੇ ਕਿਸਾਨਾਂ ਵਿਚਕਾਰ ਕੀਤੀ ਜਾ ਰਹੀ ਸਾਜ਼ਸ਼ ਦੀ ਸੱਚਾਈ ਅਤੇ ਸਹੀ ਉਦੇਸ਼ ਰਖਾਂ | (ਪੀਟੀਆਈ)