ਅਕਾਲੀ ਆਗੂ ਕਿਸਾਨ ਅੰਦੋਲਨ ਨੂੰ ਅਪਣਾ ਅੰਦੋਲਨ ਦੱਸਣ ਤੋਂ ਬਾਜ਼ ਆਉਣ : ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਆਗੂ ਕਿਸਾਨ ਅੰਦੋਲਨ ਨੂੰ ਅਪਣਾ ਅੰਦੋਲਨ ਦੱਸਣ ਤੋਂ ਬਾਜ਼ ਆਉਣ : ਰਾਜੇਵਾਲ

image

ਕਿਸਾਨ ਜਥੇਬੰਦੀਆਂ ਨੇ ਬੀਬੀ ਜਗੀਰ ਕੌਰ ਦੇ ਬਿਆਨ ਦਾ ਲਿਆ ਸਖ਼ਤ ਨੋਟਿਸ

ਚੰਡੀਗੜ੍ਹ, 17 ਦਸੰਬਰ (ਗੁਰਉਪਦੇਸ਼ ਭੁੱਲਰ): ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਅਪਣਾ ਅੰਦੋਲਨ ਦੱਸਣ ਦੇ ਦਿਤੇ ਜਾ ਰਹੇ ਬਿਆਨਾਂ ਤੋਂ ਬਾਜ਼ ਆਉਣ ਲਈ ਤਾੜਨਾ ਕੀਤੀ ਗਈ ਹੈ। ਇਸ ਬਾਰੇ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਮੋਰਚੇ ਦੇ ਪ੍ਰਮੁੱਖ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਥੇਬੰਦੀਆਂ ਨੇ ਐਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਹੋਰ ਕਈ ਅਕਾਲੀ ਆਗੂ ਵੀ ਅਜਿਹੇ ਬਿਆਨ ਦੇ ਰਹੇ ਹਨ। 
ਰਾਜੇਵਾਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਦਾ ਇਹ ਬਿਆਨ ਬਹੁਤ ਇਤਰਾਜ਼ਯੋਗ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਸਾਡਾ ਹੀ ਹੈ ਅਤੇ ਅਸੀ ਹੀ ਅੰਦੋਲਨ ਚਲਾਉਣ ਲਈ ਅਪਣੇ ਆਗੂ ਉਥੇ ਭੇਜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਸ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ, ਜਿਸ ਕਰ ਕੇ ਸਿੱਖਾਂ ਦੀ ਮਹਾਨ ਸੰਸਥਾ ਐਸ.ਜੀ.ਪੀ.ਸੀ. ਪ੍ਰਧਾਨ ਵਲੋਂ ਅਜਿਹੀ ਝੂਠ ਭਰੀ ਗ਼ਲਤ ਬਿਆਨੀ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਤਲਬ ਕਰਨ। 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਅਪਣੇ ਆਗੂਆਂ ਨੂੰ ਅਜਿਹੀ ਗ਼ਲਤ ਬਿਆਨਬਾਜ਼ੀ ਤੋਂ ਰੋਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਕੇ ਗ਼ੈਰ ਸਿਆਸੀ ਕਿਸਾਨ ਅੰਦੋਲਨ ਬਾਰੇ ਭਰਮ ਭੁਲੇਖੇ ਪੈਦਾ ਕਰ ਕੇ ਅਪਣੇ ਸਿਆਸੀ ਹਿੱਤਾਂ ਦੀ ਪੂਰਤੀ ਦੇ ਯਤਨ ਕੀਤੇ ਜਾ ਰਹੇ ਹਨ।