ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ

image

ਬਠਿੰਡਾ (ਸ਼ਹਿਰੀ/ਦਿਹਾਤੀ) 17 ਦਸੰਬਰ (ਮਾਨ/ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੇ ਇਕ ਨੌਜਵਾਨ ਕਿਸਾਨ ਦੀ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਵਿਚ ਹਿੱਸਾ ਲੈਣ ਗਏ ਦੀ ਟਿੱਕਰੀ ਸਰਹੱਦ 'ਤੇ ਅਚਨਚੇਤ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਜੈ ਸਿੰਘ (36) ਪੁੱਤਰ ਕੁਲਦੀਪ ਸਿੰਘ ਨਾਮਕ ਕਿਸਾਨ ਦਿੱਲੀ ਸੰਘਰਸ਼ ਦੌਰਾਨ ਟਿਕਰੀ ਬਾਰਡਰ ਉਪਰ ਪਿਛਲੇ ਕੁੱਝ ਦਿਨਾਂ ਤੋਂ ਕਿਸਾਨੀ ਜੱਥੇ ਨਾਲ ਗਿਆ ਹੋਇਆ ਸੀ | ਮਿ੍ਤਕ ਨੌਜਵਾਨ ਭਾਵੇਂ ਕਿਸੇ ਕਿਸਾਨ ਜਥੇਬੰਦੀ ਦਾ ਸਰਗਰਮ ਮੈਂਬਰ ਨਹੀਂ ਸੀ, ਪ੍ਰੰਤੂ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਾਰਨ ਇਸ ਦੇ ਮਨ ਅੰਦਰ ਜਰੂਰ ਟੀਸ ਸੀ | ਜਿਸ ਕਾਰਨ ਹੀ ਇਹ ਮੁੱਢ ਤੋਂ ਹੀ ਕਿਸਾਨੀ ਸੰਘਰਸ਼ ਵਿਚ ਰੋਜ਼ਾਨਾ ਸ਼ਮੂਲੀਅਤ ਕਰਦਾ ਸੀ | 
ਨੌਜਵਾਨ ਜੈ ਸਿੰਘ ਕਿਸਾਨ ਜਥੇ ਦੇ ਨਾਲ ਹੀ ਟਿੱਕਰੀ ਸਰਹੱਦ ਵਿਖੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਹੋਇਆ ਸੀ, ਜਿਥੇ ਸਵੇਰੇ ਸਮੇਂ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਧਰ ਘਟਨਾ ਦਾ ਪਤਾ ਲਗਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੋੜ ਗਈ | ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਿ੍ਤਕ ਸਿਰ ਸਰਕਾਰੀ ਅਤੇ ਗ਼ੈਰ ਸਰਕਾਰੀ ਕਾਫ਼ੀ ਕਰਜ ਸੀ, ਬੇਸ਼ੱਕ ਕੁੱਝ ਕਰਜਾ ਉਸ ਨੇ ਪਿਛਲੇ ਦਿਨੀ ਅਪਣਾ ਵਾਹਨ ਵੇਚ ਕੇ ਉਤਾਰ ਦਿਤਾ ਸੀ ਪਰ ਅਜੇ ਵੀ ਕਾਫ਼ੀ ਕਰਜ ਕਿਸਾਨ ਪਰਵਾਰ ਸਿਰ ਬੋਲ ਰਿਹਾ ਹੈ |
17-1ਏ