ਦਖਣੀ ਏਸ਼ੀਆ ’ਚ ਚੀਨ ਦੀ ਵਧਦੀ ਭੂਮਿਕਾ ਨਾਲ ਖੇਤਰ ’ਚ ਵਧੇਗਾ ਟਕਰਾਅ : ਅਮਰੀਕਾ
ਦਖਣੀ ਏਸ਼ੀਆ ’ਚ ਚੀਨ ਦੀ ਵਧਦੀ ਭੂਮਿਕਾ ਨਾਲ ਖੇਤਰ ’ਚ ਵਧੇਗਾ ਟਕਰਾਅ : ਅਮਰੀਕਾ
ਵਾਸ਼ਿੰਗਟਨ, 17 ਦਸੰਬਰ : ਅਮਰੀਕਾ ਦੇ ਇਕ ਮੁੱਖ ਥਿੰਕਟੈਂਕ ਨੇ ਕਿਹਾ ਹੈ ਕਿ ਦਖਣੀ ਏਸ਼ੀਆ ’ਚ ਚੀਨ ਦੀ ਵੱਧਦੀ ਭੂਮਿਕਾ ਦਾ ਖੇਤਰ ਦੀ ਰਾਜਨੀਤੀ, ਅਰਥਸ਼ਾਸਤਰ ਅਤੇ ਸੁਰੱਖਿਆ ’ਤੇ ਵੱਡਾ ਅਸਰ ਪੈ ਰਿਹਾ ਹੈ ਅਤੇ ਆਉਣ ਵਾਲੇ ਦਹਾਕਿਆਂ ’ਚ ਖੇਤਰ ’ਚ ਟਕਰਾਅ ਅਤੇ ਉਥਲ ਪੁਥਲ ਕਾਫ਼ੀ ਵੱਧ ਸਕਦੀ ਹੈ। ਥਿੰਕਟੈਂਕ ‘ਯੂਐਸ ਇੰਸਟੀਚਿਊਟ ਆਫ਼ ਪੀਸ’ ਨੇ ਬੁਧਵਾਰ ਨੂੰ ਪ੍ਰਕਾਸ਼ਿਤ ਇਕ ਰੀਪੋਰਟ ’ਚ ਕਿਹਾ ਕਿ ਚੀਨ ਦੀ ਹਿੱਸੇਦਾਰੀ ਨਾਲ ਖੇਤਰ ’ਚ ਪੈਣ ਵਾਲੇ ਅਸਰ ਦਾ ਅਧਿਐਨ ਕਰਨਾ ਇਕ ਸਫ਼ਲ ਨੀਤੀ ਬਣਾਉਣ ਅਤੇ ਅਮਰੀਕਾ ਦੇ ਹਿੱਤਾਂ ਤੇ ਮੁੱਲਾਂ ਨੂੰ ਅੱਗੇ ਵਧਾਉਣ ਲਈ ਅਹਿਮ ਹੋਵੇਗਾ। ਰੀਪੋਰਟ ਇਕ ਦੋਪੱਖੀ ਸਮੂਹ ਵਲੋਂ ਤਿਆਰ ਕੀਤੀ ਗਈ ਹੈ, ਜਿਸ ’ਚ ਸੀਨੀਅਰ ਮਾਹਰ, ਸਾਬਕਾ ਨੀਤੀ ਨਿਰਮਾਤਾ ਅਤੇ ਸੇਵਾਮੁਕਤ ਡਿਪਲੋਮੇਟ ਆਦਿ ਸ਼ਾਮਲ ਹਨ।
ਰੀਪੋਰਟ ‘ਚਾਇਨਾਜ਼ ਇਨਫ਼ਲੂਐਂਸ ਆਨ ਕਾਨਫ਼ਲਿਕਟ ਡਾਇਨਾਮਿਕਸ ਇਨ ਸਾਉਥ ਏਸ਼ੀਆ ਸਟੇਟਸ’ ’ਚ ਕਿਹਾ ਗਿਆ ਹੈ, ‘‘ਖੇਤਰ ’ਚ ਚੀਨ ਦੀ ਵੱਧਦੀ ਮੌਜੂਦਗੀ ਨਾਲ ਦਖਣੀ ਏਸ਼ੀਆ ’ਚ ਸਥਿਤੀ ਪਹਿਲਾਂ ਹੀ ਬਦਲਣੀ ਸ਼ੁਰੂ ਹੋ ਗਈ ਹੈ। ਇਹ ਇਕ ਅਜਿਹੇ ਖੇਤਰ ਵਜੋਂ ਉਭਰ ਰਿਹਾ ਹੈ, ਜਿਥੇ ਅਮਰੀਕਾ-ਚੀਨ ਅਤੇ ਖੇਤਰੀ ਦੁਸ਼ਮਣੀ ਹਿਮਾਲਿਆ ਦੀ ਉਚਾਈ ਤੋਂ ਲੈ ਕੇ ਹਿੰਦ ਮਹਾਸਾਗਰ ਦੀ ਡੂੰਘਾਈ ਤਕ ਫੈਲੀ ਹੈ।’’ ਇਹ ਪਾਇਆ ਗਿਆ ਕਿ ਅਮਰੀਕਾ ਅਤੇ ਚੀਨ ਦੋਵੇਂ ਹੀ ਦਖਣੀ ਏਸ਼ੀਆ ਨੂੰ ਅਹਿਮ ਮੰਨਦੇ ਹਨ, ‘ਹਾਲਾਂਕਿ ਇਹ ਖੇਤਰ ਦੋਨਾਂ ਦੀ ਹੀ ਮੁੱਖ ਰਾਜਨੀਤੀਕ ਤਰਜੀਹ ਨਹੀਂ ਹੈ।’’
ਥਿੰਕਟੈਂਕ ਨੇ ਰੀਪੋਰਟ ’ਚ ਕਿਹਾ ਕਿ ਭਾਰਤ-ਪਾਕਿਸਤਾਨ ਵਿਵਾਦ ’ਚ ਚੀਨ ਦੇ ਨਿਰਪੱਖ ਰੁਖ ਅਪਨਾਉਣ ਦੀ ਬਜਾਏ ਜਿਆਦਾਤਰ ਪਾਕਿਸਤਾਨ ਦਾ ਹੀ ਸਾਥ ਦਿਤਾ ਹੈ, ਕਿਉਂਕਿ ਪਾਕਿਸਤਾਨ ਨੂੰ ਸਮਰਥਨ ਦੇਣ ਨਾਲ ਏਸ਼ੀਆ ’ਚ ਭਾਰਤ ਦੀ ਤਾਕਤ ਘੱਟ ਕਰਨ ’ਚ ਮਦਦ ਮਿਲਦੀ ਹੈ। ਉਸ ਨੇ ਕਿਹਾ, ‘‘ਖ਼ਾਸਕਰ ਪਿਛਲੇ ਸਾਲ, ਚੀਨ ਨੇ ਕਸ਼ਮੀਰ ਦੇ ਮਾਮਲੇ ’ਚ ਪਾਕਿਸਤਾਨ ਲਈ ਅਪਣਾ ਸਮਰਥਨ ਦੋਗੁਣਾ ਕਰ ਦਿਤਾ।’’ ਰੀਪੋਰਟ ਮੁਤਾਬਕ ਚੀਨ-ਭਾਰਤ ਸਰਹੱਦੀ ਇਲਾਕੇ ਅੱਗੇ ਵੀ ਚਰਚਾ ਦੇ ਵਿਸ਼ੇ ਬਣੇ ਰਹਿਣਗੇ। ਚੀਨ ਅਤੇ ਭਾਰਤ ਦੇ ਸੰਬੰਧ ਹੋਰ ਵੱਧ ਮੁਕਾਬਲਿਆਂ ਨਾਲ ਭਰੇ ਹੋਣਗੇ ਅਤੇ ਏਸ਼ੀਆ ਦੀ ਦੋ ਸੱਭ ਤੋਂ ਵੱਡੀ ਸ਼ਕਤੀਆਂ, ਪੂਰੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਲਈ ਟਕਰਾਅ ਕਰਣਗੀਆਂ। (ਪੀਟੀਆਈ)