BJP ਆਗੂ ਸੁਰਜੀਤ ਜਿਆਣੀ ਨੇ ਖੇਤੀ ਕਾਨੂੰਨ ਰੱਦ ਹੋਣ ਦੇ ਫ਼ੈਸਲੇ ਨੂੰ ਕਿਸਾਨਾਂ ਲਈ ਦੱਸਿਆ ਮਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਫਿਰ ਵੀ ਜੇਕਰ ਉਹ ਵਿਰੋਧ ਕਰਦੇ ਹਨ ਤਾਂ ਅਸੀਂ ਇਸ ਨੂੰ ਰਾਜਨੀਤੀ ਹੀ ਕਹਾਂਗੇ, ਇਹ ਕੋਈ ਕਿਰਸਾਨੀ ਦਾ ਮੁੱਦਾ ਹੈ ਹੀ ਨਹੀਂ ਸੀ। 

Surjit Kumar Jyani

ਚੰਡੀਗੜ੍ਹ : ਭਾਵੇਂ ਕਿ ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨ ਕਿਰਸਾਨੀ ਸੰਘਰਸ਼ ਤੋਂ ਬਾਅਦ ਵਾਪਸ ਲਏ ਗਏ ਹਨ ਪਰ ਅਜੇ ਵੀ ਕਈ ਭਾਜਪਾ ਆਗੂ ਇਸ ਨੂੰ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਕਾਨੂੰਨ ਹੀ ਕਰਾਰ ਦੇ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਬੀਜੇਪੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨੇ  ਖੇਤੀ ਕਾਨੂੰਨ ਰੱਦ ਹੋਣ ਦੇ ਫ਼ੈਸਲੇ ਨੂੰ ਕਿਸਾਨਾਂ ਲਈ ਮਾੜਾ ਦੱਸਿਆ ਹੈ।

ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ 'ਤੇ ਵੀ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਇਹ ਸਿਰਫ਼ 3 ਮਹੀਨਿਆਂ ਦਾ ਮੁੱਖ ਮੰਤਰੀ ਹੈ ਅਤੇ ਆਪਣੇ ਕਾਰਜਕਾਲ ਵਿੱਚ ਲੋਕਾਂ ਨੂੰ ਲਾਲੀਪੌਪ ਦੇਣ ਦਾ ਕੰਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੂੰ ਝੂਠ ਬੋਲਣ ਤੋਂ ਬਿਨ੍ਹਾ ਹੋਰ ਕੋਈ ਕੰਮ ਨਹੀਂ ਹੈ।

ਜਿਆਣੀ ਨੇ ਕਿਹਾ ਕਿ ਮੁੱਖ ਮੰਤਰੀ ਪਿਛਲੇ ਦਿਨੀ ਜਿਹੜਾ ਹਸਪਤਾਲ ਦਾ ਉਦਘਾਟਨ ਕਰ ਕੇ ਗਏ ਹਨ ਉਹ ਤਾਂ ਸਾਡੀ ਸਰਕਾਰ ਵੇਲੇ ਹੀ ਬਣ ਗਿਆ ਸੀ। ਉਨ੍ਹਾਂ ਮੌਜੂਦਾ ਸਰਕਾਰ 'ਤੇ ਸਵਾਲ ਚੁਕਦਿਆਂ ਕਿਹਾ ਕਿ ਇਨ੍ਹਾਂ ਨੇ ਪੋਣੇ ਪੰਜ ਸਾਲ ਕੁਝ ਵੀ ਨਹੀਂ ਕੀਤਾ।

ਇਹ ਸਿਰਫ਼ ਚੋਣ ਜ਼ਾਬਤਾ ਲਗਨ ਤੋਂ ਪਹਿਲਾਂ ਸਿਰਫ਼ ਨੀਂਹ ਪੱਥਰ ਰੱਖੇ ਜਾ ਰਹੇ ਹਨ। ਜਿਆਣੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਬੱਸ ਸਟੈਂਡ ਦਾ ਵੀ ਕੰਮ ਅਧੂਰਾ ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇੱਕ ਹੈਲੀਕਾਪਟਰ ਮਿਲਿਆ ਹੋਇਆ ਹੈ ਜਿਸ ਨੂੰ ਕਦੀ ਕਿਧਰ ਤੇ ਕਦੀ ਕਿਧਰ ਉਡਾਈ ਫਿਰਦੇ ਹਨ।  ਇਹ ਜਨਤਾ ਨੂੰ ਲਾਰੇ ਲਗਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹੇ। ਜਿਆਣੀ ਨੇ ਮੁੱਖ ਮੰਤਰੀ ਚੰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਪੌਣੇ ਪੰਜ ਸਾਲ ਤਕਨੀਕੀ ਸਿੱਖਿਆ ਦਾ ਮਹਿਕਮਾ ਰਿਹਾ ਹੈ ਜੋ ਸਭ ਤੋਂ ਛੋਟਾ ਹੈ ਪਰ ਉਨ੍ਹਾਂ ਤੋਂ ਉਹ ਵੀ ਨਹੀਂ ਸੰਭਾਲਿਆ ਗਿਆ।

ਮਹਿਕਮੇ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ। ਅੱਜ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਕਹਿ ਰਹੇ ਹਨ ਕਿ ਪੰਜਾਬ ਦਾ ਭਲਾ ਕਰ ਦੇਣਗੇ ਤਾਂ ਜੇਕਰ ਉਹ ਇੱਕ ਵਿਭਾਗ ਨਹੀਂ ਸੰਭਾਲ ਸਕੇ ਤਾਂ ਸੂਬੇ ਦਾ ਭਲਾ ਕਿਸ ਤਰ੍ਹਾਂ ਕਰਨਗੇ। ਜਿਆਣੀ ਨੇ ਕਿਹਾ ਕਿ ਮੈਂ ਵੀ ਨਿਰੋਲ ਕਿਸਾਨ ਹਾਂ ਅਤੇ ਇਸ ਕਿਸਾਨੀ ਸੰਘਰਸ਼ ਨਾਲ ਕਿਸਾਨਾਂ ਦਾ ਹੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਿਥੇ ਪਹੁੰਚਣ ਲਈ 75 ਸਾਲ ਲੱਗੇ ਸਨ ਉਹ ਇਸ ਇੱਕ ਸਾਲ ਦੇ ਸੰਘਰਸ਼ ਕਾਰਨ ਫਿਰ ਉਥੇ ਹੀ ਆ ਗਏ ਹਾਂ। ਜਿਆਣੀ ਨੇ ਕਿਹਾ ਕਿ ਪ੍ਰਜਾਤੰਤਰ ਵਿਚ ਵਿਚ ਵੋਟ ਦੀ ਕਦਰ ਹੁੰਦੀ ਹੈ ਕਿਸੇ ਨੂੰ ਹਰਾਉਣ ਜਾ ਜਿਤਾਉਣ ਦੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਦੀ ਗੱਲ ਮਨ ਕੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਫਿਰ ਵੀ ਜੇਕਰ ਉਹ ਵਿਰੋਧ ਕਰਦੇ ਹਨ ਤਾਂ ਅਸੀਂ ਇਸ ਨੂੰ ਰਾਜਨੀਤੀ ਹੀ ਕਹਾਂਗੇ, ਇਹ ਕੋਈ ਕਿਰਸਾਨੀ ਦਾ ਮੁੱਦਾ ਹੈ ਹੀ ਨਹੀਂ ਸੀ।