ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਨਵੀਂ ਪਾਰਟੀ ਦਾ ਐਲਾਨ, 'ਸੰਯੁਕਤ ਸੰਘਰਸ਼ ਪਾਰਟੀ' ਰੱਖਿਆ ਨਾਮ
'ਦੇਸ਼ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਪਰ ਅੱਜ ਬਦਲਾਅ ਦੀ ਲੋੜ ਹੈ'
ਚੰਡੀਗੜ੍ਹ : ਦੇਸ਼ ਵਿੱਚ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ ਸਿਆਸਤ ਖੇਡਣ ਦੀ ਚਾਲ ਵੀ ਚੱਲ ਪਈ ਹੈ। ਇੱਕ ਸਾਲ ਤੱਕ ਸੜਕਾਂ ’ਤੇ ਖੜ੍ਹੇ ਹੋ ਕੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਸਿਆਸਤ ਵਿੱਚ ਅਗਵਾਈ ਕਰਨਗੇ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸਤ 'ਚ ਐਂਟਰੀ ਕਰ ਲਈ ਹੈ। ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਚੜੂਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਐਲਾਨ ਕੀਤਾ।
ਚੜੂਨੀ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ ਪਰ ਅੱਜ ਬਦਲਾਅ ਦੀ ਲੋੜ ਹੈ। ਅੱਜ ਗਰੀਬ ਹੋਰ ਗਰੀਬ ਅਤੇ ਅਮੀਰ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਹੈ। ਕੁਪੋਸ਼ਣ ਦੀ ਹਾਲਤ ਅਜਿਹੀ ਹੈ ਕਿ 2014 ਦੀ ਰਿਪੋਰਟ ਅਨੁਸਾਰ 45% ਭੁੱਖੇ ਸੌਂ ਜਾਂਦੇ ਹਨ।
ਚੜੂਨੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਇਕਜੁੱਟ ਹੋਣਾ ਪਵੇਗਾ। ਪੰਜਾਬ ਦਾ ਨੌਜਵਾਨ ਪ੍ਰੇਸ਼ਾਨ ਹੈ। ਸਾਡੀ ਜਵਾਨੀ ਉਨ੍ਹਾਂ ਅੰਗਰੇਜ਼ਾਂ ਕੋਲ ਜਾ ਰਹੀ ਹੈ ਜਿਨ੍ਹਾਂ ਅੰਗਰੇਜ਼ਾਂ ਨੂੰ ਕੱਢਿਆ ਸੀ। ਪੰਜਾਬ ਅੰਦਰ ਕੋਈ ਕਾਰੋਬਾਰ ਅਤੇ ਰੁਜ਼ਗਾਰ ਨਹੀਂ ਹੈ। ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਪੰਜਾਬ ਵਿੱਚ ਹਰ ਵਿਅਕਤੀ ਨੂੰ ਰੁਜ਼ਗਾਰ ਮਿਲੇ। ਖੇਤੀ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਵਿਦੇਸ਼ਾਂ ਵਿੱਚ ਖੇਤੀ ਦੀ ਮੰਗ ਹੋ ਸਕਦੀ ਹੈ। ਉਤਪਾਦਨ ਤੋਂ ਲੈ ਕੇ ਖਪਤਕਾਰ ਤੱਕ, ਵਪਾਰ ਕਿਸਾਨ ਦੇ ਨਾਲ ਹੋਵੇਗਾ। ਅਜਿਹੀ ਖੇਤੀ ਕੀਤੀ ਜਾਵੇਗੀ, ਜਿਸ ਦੀ ਵਿਦੇਸ਼ਾਂ ਵਿੱਚ ਮੰਗ ਹੋਵੇ।
ਰਸ਼ਪਾਲ ਸਿੰਘ ਜੌੜਾਮਾਜਰਾ ਨੂੰ ਸੰਯੁਕਤ ਸੰਘਰਸ਼ ਪਾਰਟੀ ਨਵੀਂ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ। ਜੋ ਪੱਤਰਕਾਰ ਸਮਾਜ ਤੋਂ ਹਨ।
ਇਸ ਮੌਕੇ ਰਸ਼ਪਾਲ ਨੇ ਕਿਹਾ ਪੰਜਾਬ ਵਿਚ ਹਾਲੇ ਸ਼ੁਰੂਆਤ ਹੈ ਫਿਰ ਅੱਗੇ ਵਧਾਂਗੇ’। ਉਨ੍ਹਾਂ ਕਿਹਾ ਕਿ ਉਹ 30 ਸਾਲ ਤੋਂ ਚੜੂਨੀ ਨਾਲ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਸਿਆਸਤ ਵਿਚ ਬਾਰੇ ਨਹੀਂ ਸੋਚਿਆ ਸੀ। ਉਨ੍ਹਾਂ ਦੱਸਿਆ ਕਿ 1 ਸਾਲ ਤੱਕ ਚੱਲੇ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ। ਆਪਣੇ ਹੱਕਾਂ ਦੀ ਮੰਗ ਕਰ ਰਹੇ ਕਿਸਾਨ ਜਥੇਬੰਦੀਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਰਹੀ ਪਰ ਸਾਡੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਇਸ ਪੂਰੇ ਅੰਦੋਲਨ ਦੌਰਾਨ ਮਹਿਸੂਸ ਕੀਤਾ ਗਿਆ ਕਿ ਜਿਵੇਂ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਇਸੇ ਤਰ੍ਹਾਂ ਵਿਗੜੀ ਰਾਜਨੀਤੀ ਨੂੰ ਠੀਕ ਕਰਨ ਲਈ ਸਿਆਸਤ ਵਿਚ ਆਉਣਾ ਜ਼ਰੂਰੀ ਹੈ।