ਸਾਲ ਦੇ ਅੰਤ ਤੱਕ ਤੀਜੀ ਸਭ ਤੋਂ ਵੱਡੀ ਆਰਥਕ ਸ਼ਕਤੀ ਬਣੇਗਾ ਭਾਰਤ: ਰਾਜਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ 46ਵੇਂ ਸਲਾਨਾ ਐਵਾਰਡ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

photo

ਲੁਧਿਆਣਾ (ਰਾਜਕੁਮਾਰ ਸਾਥੀ) : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ 5ਵੀਂ ਸ਼ਕਤੀ ਹੈ ਅਤੇ ਇਸ ਸਾਲ ਦੇ ਅੰਤ ਤਕ ਇਸ ਦੁਨੀਆਂ ਦੀ ਸਭ ਤੋਂ ਵੱਡੀ ਤੀਜੀ ਆਰਥਕ ਤਾਕਤ ਬਣ ਜਾਵੇਗਾ। ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ (ਐਲਐਮਏ) ਵਲੋਂ ਆਯੋਜਤ 46ਵੇਂ ਸਲਾਨਾ ਐਵਾਰਡ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਪਾਲ ਕਟਾਰੀਆ ਨੇ ਕਿਹਾ ਕਿ 50 ਸਾਲ ਪਹਿਲਾਂ ਵੀ ਲੁਧਿਆਣਾ ਦੇ ਕਾਰੋਬਾਰ ਦਾ ਦੇਸ਼ ਦੇ ਬਾਜ਼ਾਰ ’ਤੇ ਪੂਰਾ ਕਬਜ਼ਾ ਸੀ।

ਪ੍ਰਾਚੀਨ ਕਾਲ ਤੋਂ ਲੈ ਕੇ 17ਵੀ ਸਦੀ ਤਕ ਅਤੇ 18ਵੀਂ ਸਦੀ ਦੇ ਸ਼ੁਰੂ ਹੋਣ ਤਕ ਦੁਨੀਆਂ ਦੀ ਜੀਡੀਪੀ ਵਿਚ ਭਾਰਤ ਦਾ 24.7 ਫ਼ੀ ਸਦੀ ਹਿੱਸਾ ਹੁੰਦਾ ਸੀ। ਪਰੰਤੁ ਅੰਗਰੇਜ਼ਾਂ ਨੇ ਸਾਡੇ ਦੇਸ਼ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ। ਉਨ੍ਹਾਂ ਨੇ ਸਾਡੇ ਦੇਸ਼ ਨੂੰ ਉੁਤਪਾਦਕ ਦੀ ਬਜਾਏ ਗ੍ਰਾਹਕ ਬਣਾ ਕੇ ਰੱਖ ਦਿਤਾ। ਦੇਸ਼ ਦੀ ਆਜ਼ਾਦੀ ਵੇਲੇ ਦੁਨੀਆਂ ਦੇ ਬਾਜ਼ਾਰ ਵਿਚ ਭਾਰਤ ਦੀ ਜੀਡੀਪੀ ਸਿਰਫ਼ 4.2 ਫ਼ੀ ਸਦੀ ਸੀ। ਉਸਤੋਂ ਬਾਅਦ ਦੇਸ਼ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੇ ਇਸ ਨੂੰ ਸੰਭਾਲਿਆ ਅਤੇ ਅੱਜ ਸਾਡਾ ਦੇਸ਼ ਦੁਨੀਆਂ ਦੀ 5ਵੀਂ ਸਭ ਤੋਂ ਵੱਡੀ ਆਰਥਕ ਸ਼ਕਤੀ ਹੈ।

ਰਾਜਪਾਲ ਨੇ ਦਾਅਵਾ ਕੀਤਾ ਕਿ ਇਸ ਸਾਲ 2024 ਦੇ ਅੰਤ ਤਕ ਸਾਡਾ ਦੇਸ਼ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਆਰਥਕ ਸ਼ਕਤੀ ਦੇ ਤੌਰ ’ਤੇ ਉਭਰੇਗਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਹੈ। ਇਸੇ ਕਾਰਨ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਗੁਰੁਆਂ ਦੀ ਧਰਤੀ ਹੈ। ਜਿਥੇ ਗੁਰੂਆਂ ਨੇ ਧਰਮ ਤੇ ਦੇਸ਼ ਲਈ ਅਪਣੀ ਕੁਰਬਾਨੀਆਂ ਦਿਤੀਆਂ। 

ਐਲਐਮਏ ਵਲੋਂ ਉਦਯੋਗਪਤੀਆਂ ਨੂੰ ਸਨਮਾਨ ਤੇ ਉਤਸ਼ਾਹਤ ਕਰਨ ਲਈ ਕੀਤਾ ਜਾ ਰਿਹਾ ਉਪਰਾਲਾ ਸਮਾਜ ਨੂੰ ਉੱਪਰ ਚੁੱਕਣ ਵਾਲਾ ਅਤੇ ਭਵਿੱਖ ਦੀ ਪੀੜੀ ਨੂੰ ਮਜ਼ਬੂਤ ਕਰਨ ਵਾਲਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ 2047 ਵਿਚ ਭਾਰਤ ਦੁਨੀਆਂ ਵਿਚ ਸਭ ਤੋਂ ਵੱਡੀ ਆਰਥਕ ਤਾਕਤ ਬਣ ਜਾਵੇਗਾ, ਪਰ ਇਹ ਬਣੇਗਾ ਕਿਵੇਂ। ਸਿਰਫ਼ ਕਹਿਣ ਨਾਲ ਕੁਝ ਨਹੀਂ ਹੋਵੇਗਾ। ਅੱਜ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਇਸਦੇ ਲਈ ਕੰਮ ਕਰਨਾ ਹੋਵੇਗਾ। ਸਿਖਿਆ ਦੇ ਕੋਰਸਾਂ ਵਿਚ ਬਦਲਾਅ ਕਰਨਾ ਹੋਵੇਗਾ। ਸਿਰਫ਼ ਇਤਿਹਾਸ ਜਾਂ ਗਣਿਤ ਪੜ੍ਹਨ ਨਾਲ ਕੁਝ ਨਹੀਂ ਹੋਵੇਗਾ।

ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕੋਰਸ ਹੋਣ, ਤਾਂ ਜੋ ਬੱਚੇ ਪੜ੍ਹਦੇ-ਪੜ੍ਹਦੇ ਹੀ ਕਿੱਤਾ ਮੁਖੀ ਬਣ ਸਕਣ। ਸਾਡੇ ਦੇਸ਼ ਦੀ ਔਰਤਾਂ ਵਿਚ ਵੀ ਕਾਫੀ ਸਮਰੱਥਾ ਹੈ, ਇਹ ਵੀ ਦੇਸ਼ ਨੂੰ ਅੱਗੇ ਲੈ ਜਾਣ ਵਿਚ ਸਮਰੱਥ ਹਨ। ਸਿਰਫ਼ ਇਨ੍ਹਾਂ ਨੂੰ ਸਹੀ ਵਾਤਾਵਰਣ ਦੇਣ ਦੀ ਲੋੜ ਹੈ। ਇਸ ਮੌਕੇ ਰਾਜਪਾਲ ਨੇ ਐਵਾਰਡ ਹਾਸਲ ਕਰਨ ਵਾਲੇ ਉਦਯੋਗਪਤੀਆਂ ਨੂੰ ਵਧਾਈ ਦਿਤੀ। ਇਸ ਸਮਾਰੋਹ ’ਚ ਟੈਕਸਟਾਈਲ ਇੰਡਸਟਰੀ ਇੰਟਰਪਿਨਿਓਰ ਖੇਤਰ ਵਿਚ ਮੁਨੀਸ਼ ਅਵਸਥੀ, ਮੈਨੇਜਿੰਗ ਖੇਤਰ ਵਿਚ ਮਨੋਹਰਾ ਕੁਮਾਰ, ਯੰਗ ਇਨੋਵੇਟਿਵ ਇੰਟਰਪਿਨਿਓਰ ਖੇਤਰ ’ਚ ਤਰਨਜੀਤ ਸਿੰਘ ਭਮਰਾ, ਏਵਨ ਸਾਇਕਲ ਦੇ ਸੀਐਮਡੀ ਓਂਕਾਰ ਸਿੰਘ ਪਾਹਵਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਸੀਐਸਆਰ ਤੇ ਸਸਟੇਨੇਬਲ ਪ੍ਰੈਕਟਿਸ ਖੇਤਰ ਵਿਚ ਵਿਨਾਇਕ ਮਿੱਤਲ, ਐਮਨਜਿੰਗ ਐਸਐਮਈ ਖੇਤਰ ’ਚ ਵਿਕਰਮ ਛਾਬੜਾ ਅਤੇ ਵੂਮਨ ਇੰਟਰਪਿਨਿਓਰ ਖੇਤਰ ਵਿਚ ਕਾਮਨਾ ਰਾਜ ਅਗਰਵਾਲਾ ਨੂੰ ਐਵਾਰਡ ਆਫ਼ ਦੀ ਈਅਰ-2023 ਦੇ ਕੇ ਸਨਮਾਨਤ ਕੀਤਾ ਗਿਆ।