ਲੰਗਰਾਂ ’ਚ ਵਰਤੀ ਜਾਣ ਵਾਲੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ’ਤੇ ਮਨਾਹੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੰਗਰਾਂ ਲਈ ਮੁਹੱਈਆ ਕਰਵਾਏਗਾ ਸਮੱਗਰੀ
ਫਤਹਿਗੜ੍ਹ ਸਾਹਿਬ : ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਭਾ 25 ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿਚ ਹੋਵੇਗੀ। ਸ਼ਹੀਦੀ ਸਭਾ ਦੌਰਾਨ ਸ਼ਰਧਾਲੂਆਂ ਦੀ ਸੇਵਾ ਲਈ ਸੈਂਕੜੇ ਵੱਡੇ ਤੇ ਛੋਟੇ ਲੰਗਰ ਲਗਾਏ ਜਾਣਗੇ, ਜਿਸ ਸਬੰਧੀ ਲੰਗਰ ਕਮੇਟੀਆਂ ਨੇ ਗੁਰਦੁਆਰਾ ਪ੍ਰਬੰਧਕਾਂ ਤੋਂ ਪ੍ਰਵਾਨਗੀ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ।
ਇਸ ਦੌਰਾਨ ਮਨੁੱਖੀ ਸਿਹਤ ਲਈ ਖਤਰਨਾਕ ਸਾਬਤ ਹੋ ਰਹੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੰਗਰਾਂ ਲਈ ਵਾਤਾਵਰਣ ਅਨੁਕੂਲ ਸਮੱਗਰੀ ਮੁਹੱਈਆ ਕਰਵਾਏਗਾ। ਸ਼ਹੀਦੀ ਸਭਾ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿੱਥੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਰੋਕਣ ਲਈ ਚੈਕਿੰਗ ਕਰੇਗਾ ਉਥੇ ਹੀ ਬੋਰਡ ਵੱਲੋਂ ਬਦਲ ਵਲੋਂ ਲੱਕੜ ਅਤੇ ਸਟਰੈਚ ਦੀਆ ਪਲੇਟਾਂ, ਕਟੋਰੀਆਂ, ਚਮਚੇ ਅਤੇ ਕਾਗਜ਼ ਦੇ ਕੱਪ ਵੰਡੇਗਾ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਮੋਹਿਤ ਸਿੰਗਲਾ ਨੇ ਦੱਸਿਆ ਹੈ ਕਿ ਲੰਗਰਾਂ ਵਿਚ ਗਰਮ ਚਾਹ, ਕੌਫੀ, ਹਲਵਾ, ਖੀਰ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਪਰੋਸਣ ਲਈ ਪਾਬੰਦੀਸ਼ੁਦਾ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਿਹਤ ਅਤੇ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਸਲਾ ਕੀਤਾ ਹੈ ਕਿ ਲੰਗਰ ਕਮੇਟੀਆਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ , ਰੀਸਾਈਕਲਿੰਗ ਉਦਯੋਗ ਦੇ ਸਹਿਯੋਗ ਨਾਲ, ਲੰਗਰਾਂ ਲਈ ਲੱਕੜ ਤੇ ਸਟਰੈਚ ਦੀਆਂ ਪਲੇਟਾਂ, ਕਟੋਰੀਆਂ, ਚਮਚੇ ਅਤੇ ਕਾਗਜ਼ ਦੇ ਕੱਪ ਪ੍ਰਦਾਨ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਗਭਗ 2 ਲੱਖ ਪੇਪਰ ਕੱਪ, 2 ਲੱਖ ਕਟੋਰੇ, 2 ਲੱਖ ਤੋਂ ਵੱਧ ਚਮਚੇ ਅਤੇ 50,000 ਪਲੇਟਾਂ ਦਾ ਪ੍ਰਬੰਧ ਕੀਤਾ ਹੈ। ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਲੰਗਰ ਕਮੇਟੀਆਂ, ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਮੀਟਿੰਗ ਹੋਈ ਸੀ, ਜਿਸ ’ਚ ਲੰਗਰ ਕਮੇਟੀਆਂ ਨੂੰ ਸਪੱਸ਼ਟ ਤੌਰ 'ਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।