Ludhiana ’ਚ 15 ਜਣਿਆਂ ਨੂੰ ਵੱਢਣ ਵਾਲਾ ਕੁੱਤਾ ਨਿਕਲਿਆ ਰੈਬਿਜ਼ ਪੀੜਤ
ਪੀੜਤਾਂ ਨੂੰ ਲਗਵਾਉਣੇ ਪੈਣਗੇ ਐਂਟੀ ਰੈਬਿਜ਼ ਟੀਕੇ, ਕੁੱਤੇ ਦੀ ਹੋਈ ਮੌਤ
ਲੁਧਿਆਣਾ : ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ’ਚ ਬੀਤੇ ਐਤਵਾਰ ਨੂੰ ਬੱਚੇ ਸਣੇ 15 ਜਣਿਆਂ ਨੂੰ ਵੱਢਣ ਵਾਲਾ ਕੁੱਤਾ ਰੈਬਿਜ਼ ਰੋਗ ਤੋਂ ਪੀੜਤ ਸੀ । ਗੁਰੂ ਅੰਗਦ ਦੇਵ ਪਸ਼ੂ ਇਲਾਜ ਤੇ ਵਿਗਿਆਨ ਯੂਨੀਵਰਸਿਟੀ ਦੀ ਪੋਸਟਮਾਰਟਮ ਰਿਪੋਰਟ ਬੁੱਧਵਾਰ ਨੂੰ ਨਗਰ ਨਿਗਮ ਨੂੰ ਸੌਂਪੀ ਗਈ । ਇਸ ਰਿਪੋਰਟ ਵਿਚ ਮਰੇ ਕੁੱਤੇ ਨੂੰ ਰੈਬਿਜ਼ ਹੋਣ ਬਾਰੇ ਪੁਸ਼ਟੀ ਹੋ ਗਈ ਹੈ।
ਰੈਬਿਜ਼ ਪੀੜਤ ਨਿਕਲਿਆ ਲੁਧਿਆਣਾ ’ਚ 15 ਜਣਿਆਂ ਨੂੰ ਵੱਢ ਕੇ ਮਰਿਆ ਕੁੱਤਾ, ਪੀੜਤਾਂ ਨੂੰ ਐਂਟੀ ਰੈਬਿਜ਼ ਟੀਕਾ ਲਗਾਉਣਾ ਜ਼ਰੂਰੀ ਹੋਵੇਗਾ । ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਸਾਰੇ ਪੀੜਤਾਂ ਨੂੰ ਐਂਟੀ ਰੈਬਿਜ਼ ਟੀਕੇ ਲਾਉਣੇ ਜ਼ਰੂਰੀ ਹੋਣਗੇ, ਜਦਕਿ ਜ਼ਖ਼ਮੀ ਲੋਕਾਂ ਨੂੰ ਇਮਿਊਗਲੋਬੁਲਿਨ ਵੀ ਦਿੱਤੀ ਜਾਵੇਗੀ। ਬੀਤੇ ਐਤਵਾਰ ਨੂੰ ਸਵੇਰ ਵੇਲੇ ਇਕ 11 ਸਾਲਾ ਬੱਚੇ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰਨ ਤੋਂ ਬਾਅਦ ਲੜੀਵਾਰ 14 ਜਣੇ ਇਸ ਬਿਮਾਰ ਕੁੱਤੇ ਨੇ ਵੱਢੇ ਸਨ। ਨਿਗਮ ਦੀ ਟੀਮ ਨੇ ਦੁਪਹਿਰ ਪਿੱਛੋਂ ਕੁੱਤਾ ਕਾਬੂ ਕਰ ਕੇ ਏ.ਬੀ.ਸੀ. ਸੈਂਟਰ ਪਹੁੰਚਾ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।
ਵੈਟਰਨਰੀ ਡਾ. ਰਾਜੀਵ ਮੁਤਾਬਕ ਜੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਮੋਢੇ ਤੋਂ ਹੇਠਾਂ ਦੇ ਅੰਗਾਂ ਜਿਵੇਂ ਹੱਥ, ਬਾਂਹ, ਛਾਤੀ, ਪੇਟ, ਲੱਕ ਜਾਂ ਲੱਤਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਐਂਟੀ ਰੈਬਿਜ਼ ਪੋਸਟ ਬਾਈਟ ਵੈਕਸੀਨੇਸ਼ਨ ਲਾਉਣੀ ਚਾਹੀਦੀ ਹੈ। ਇਹ ਪ੍ਰਕਿਰਿਆ ਪੰਜ ਟੀਕਿਆਂ ਦਾ ਮੁਕੰਮਲ ਕੋਰਸ ਹੁੰਦੀ ਹੈ। ਇਸ ਦੇ ਨਾਲ ਹੀ ਟੈੱਟਨਸ ਦਾ ਟੀਕਾ ਲਾਉਣਾ ਜ਼ਰੂਰੀ ਹੁੰਦਾ ਹੈ। ਜੇ ਮੋਢੇ ਦੇ ਹੇਠਲੇ ਅੰਗਾਂ ’ਤੇ ਜ਼ਖ਼ਮ ਹੋਵੇ ਤਾਂ ਮੈਡੀਕਲ ਅਫਸਰ ਦੀ ਸਲਾਹ ਨਾਲ ਸੀਰਮ ਦਾ ਟੀਕਾ ਲਗਾਉਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਮੋਢੇ ਤੋਂ ਉੱਪਰ ਦੇ ਅੰਗਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਟੈੱਟਨਸ, ਐਂਟੀ ਰੈਬਿਜ਼ ਵੈਕਸੀਨ ਦੇ ਨਾਲ ਹੀ ਹਾਈਪਰ ਸੀਰਮ ਦਾ ਟੀਕਾ ਲਵਾਉਣਾ ਚਾਹੀਦਾ ਹੈ। ਹਾਈਪਰ ਸੀਰਮ ਦੇ ਟੀਕੇ ਨਾਲ ਰੈਬਿਜ਼ ਵਾਇਰਸ ਨੂੰ ਉਥੇ ਨਸ਼ਟ ਕੀਤਾ ਜਾ ਸਕਦਾ ਹੈ।