ਇਕ ਦਿਨ 'ਚ ਰੀਕਾਰਡ 2.7 ਲੱਖ ਲੋਕਾਂ ਨੂੰ ਲੱਗਾ ਕੋਰੋਨਾ ਦਾ ਟੀਕਾ

ਏਜੰਸੀ

ਖ਼ਬਰਾਂ, ਪੰਜਾਬ

ਇਕ ਦਿਨ 'ਚ ਰੀਕਾਰਡ 2.7 ਲੱਖ ਲੋਕਾਂ ਨੂੰ ਲੱਗਾ ਕੋਰੋਨਾ ਦਾ ਟੀਕਾ

image

ਨਵੀਂ ਦਿੱਲੀ, 18 ਜਨਵਰੀ: ਕੋਰੋਨਾ ਵਾਇਰਸ ਤੋਂ ਬੱਚਣ ਲਈ ਭਾਰਤ ਸਰਕਾਰ ਨੇ ਹੁਣ ਪੂਰੇ ਦੇਸ਼ 'ਚ ਟੀਕਾਕਰਨ ਦੀ ਸ਼ੁਰੂਆਤ ਕਰ ਦਿਤੀ ਹੈ | ਟੀਕਾਕਰਨ ਦੇ ਪਹਿਲੇ ਦਿਨ ਪੂਰੇ ਦੇਸ਼ 'ਚ 2 ਲੱਖ 7 ਹਜ਼ਾਰ 229 ਲੋਕਾਂ ਨੂੰ ਟੀਕਾ ਲਾਇਆ ਗਿਆ ਹੈ | ਇਹ ਅੰਕੜਾ ਅਪਣੇ ਆਪ ਵਿਚ ਇਕ ਰੀਕਾਰਡ ਹੈ | ਭਾਰਤ ਤੋਂ ਇਲਾਵਾ ਦੁਨੀਆਂ ਦੇ ਕਿਸੇ ਦੇਸ਼ ਨੇ ਪਹਿਲੇ ਦਿਨ ਇੰਨੀ ਵੱਡੀ ਗਿਣਤੀ 'ਚ ਟੀਕਾਕਰਨ ਨਹੀਂ ਕੀਤਾ ਸੀ | 

ਇਸ ਬਾਬਤ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ 'ਚ ਇਕ ਦਿਨ 'ਚ ਰੀਕਾਰਡ ਗਿਣਤੀ 'ਚ ਟੀਕਾਕਰਨ ਕੀਤਾ ਗਿਆ ਜੋ ਅਮਰੀਕਾ, ਬਿ੍ਟੇਨ ਅਤੇ ਫਰਾਂਸ ਤੋਂ ਕਿਤੇ ਵੱਧ ਹੈ | ਡਾ. ਹਰਸ਼ਵਰਧਨ ਨੇ ਟਵੀਟ ਕੀਤਾ ਕਿ ਇਕ ਹੋਰ ਰੀਕਾਰਡ | ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਹੋਰ ਦੇਸ਼ਾਂ ਦੀ ਤੁਲਨਾ 'ਚ ਸਭ ਤੋਂ ਵੱਧ ਗਿਣਤੀ 'ਚ ਲੋਕਾਂ ਨੂੰ ਟੀਕੇ ਲਾਏ ਗਏ | 
ਦਸਣਯੋਗ ਹੈ ਕਿ ਇਸ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਡਾਕਟਰਾਂ ਨੇ ਦੇਸ਼ ਦੇ 6 ਸੂਬਿਆਂ ਵਿਚ ਵੀ ਟੀਕਾਕਰਨ ਮੁਹਿੰਮ ਚਲਾਈ ਸੀ ਜਿਸ 'ਚ 17,072 ਲੋਕਾਂ ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ ਸੀ | ਸਰਕਾਰ ਇਨ੍ਹਾਂ ਲੋਕਾਂ 'ਤੇ ਨਿਗਰਾਨੀ ਰੱਖ ਰਹੀ ਹੈ, ਤਾਂ ਕਿ ਇਨ੍ਹਾਂ 'ਚ ਕਿਸੇ ਤਰ੍ਹਾਂ ਦਾ ਵਾਇਰਸ ਦਿੱਸੇ ਤਾਂ ਤੁਰਤ ਚੰਗਾ ਇਲਾਜ ਦਿਤਾ ਜਾ ਸਕੇ | ਹੁਣ ਤਕ ਮਿਲੇ ਅੰਕੜਿਆਂ ਮੁਤਾਬਕ 447 ਲੋਕਾਂ 'ਚ ਉਲਟ ਨਤੀਜੇ ਦਿੱਸੇ ਹਨ | ਇਨ੍ਹਾਂ 'ਚੋਂ ਸਿਰਫ਼ 3 ਲੋਕਾਂ ਨੂੰ ਹੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਇਹ ਲੋਕ ਠੀਕ ਹਨ | ਜਿਨ੍ਹਾਂ ਲੋਕਾਂ 'ਚ ਸਾਈਡ ਇਫੈਕਟ (ਉਲਟ ਨਤੀਜੇ) ਸੀ, ਉਨ੍ਹਾਂ ਨੂੰ ਹਲਕਾ ਬੁਖ਼ਾਰ, ਸਿਰ ਪੀੜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ | ਦਸਣਯੋਗ ਹੈ ਕਿ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ 'ਚ ਵੈਕਸੀਨ ਕੇਂਦਰ ਬਣਾਏ ਹਨ, ਤਾਕਿ ਲੋਕਾਂ ਨੂੰ ਛੇਤੀ ਤੋਂ ਛੇਤੀ ਕੋਰੋਨਾ ਵੈਕਸੀਨ ਦਿਤੀ ਜਾ ਸਕੇ | (ਏਜੰਸੀ)