‘ਤਾਂਡਵ’ ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਵਿਰੁਧ ਲਖਨਊ ਵਿਚ ਐਫ਼ਆਈਆਰ ਦਰਜ

ਏਜੰਸੀ

ਖ਼ਬਰਾਂ, ਪੰਜਾਬ

‘ਤਾਂਡਵ’ ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਵਿਰੁਧ ਲਖਨਊ ਵਿਚ ਐਫ਼ਆਈਆਰ ਦਰਜ

image

ਪੁਲਿਸ ਟੀਮ ਮੁੰਬਈ ਰਵਾਨਾ, ਕਰੇਗੀ ਮਾਮਲੇ ਦੀ ਪੂਰੀ ਜਾਂਚ

ਲਖਨਊ, 18 ਜਨਵਰੀ: ਵੈੱਬ ਸੀਰੀਜ਼ ‘ਤਾਂਡਵ’ ਰਾਹੀਂ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਲਖਨਊ ਦੇ ਹਜ਼ਰਤਗੰਜ ਕੋਤਵਾਲੀ ਵਿਚ ਇਸ ਦੇ ਨਿਰਮਾਤਾ-ਨਿਰਦੇਸ਼ਕ, ਲੇਖਕ ਅਤੇ ਹੋਰਨਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ।  ਬਸਪਾ ਮੁਖੀ ਮਾਇਆਵਤੀ ਨੇ ਵੀ ‘ਤਾਂਡਵ’ ਤੋਂ ਇਤਰਾਜ਼ਯੋਗ ਸੀਨ ਹਟਾਉਣ ਦੀ ਗੱਲ ਕਹੀ ਹੈ। 
ਡਿਪਟੀ ਕਮਿਸ਼ਨਰ ਪੁਲਿਸ (ਕੇਂਦਰੀ) ਸੋਮਨ ਬਰਮਾ ਨੇ ‘ਪੀਟੀਆਈ’ ਨੂੰ ਦਸਿਆ ਕਿ ਐਫ਼ਆਈਆਰ ਦਰਜ ਹੋਣ ਤੋਂ ਬਾਅਦ ਚਾਰ ਪੁਲਿਸ ਅਧਿਕਾਰੀਆਂ ਦੀ ਇਕ ਟੀਮ ਇਸ ਮਾਮਲੇ ਦੀ ਜਾਂਚ ਲਈ ਸੋਮਵਾਰ ਨੂੰ ਮੁੰਬਈ ਲਈ ਰਵਾਨਾ ਹੋਈ। ਇਹ ਟੀਮ ਮੁੰਬਈ ਜਾ ਕੇ ਮਾਮਲੇ ਦੀ ਪੂਰੀ ਜਾਂਚ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਐਫ਼ਆਈਆਰ ਹਜ਼ਰਤਗੰਜ ਦੇ ਸੀਨੀਅਰ ਸਬ-ਇੰਸਪੈਕਟਰ ਅਮਰਨਾਥ ਯਾਦਵ ਨੇ ਖ਼ੁਦ ਦਰਜ ਕਰਵਾਈ ਸੀ। ਉਸ ਨੇ ਇਸ ਵੈੱਬ ਸੀਰੀਜ਼ ਵਿਚ ਕੁਝ ਇਤਰਾਜ਼ਯੋਗ ਦਿਖਾਈ ਦੇਣ ਤੋਂ ਬਾਅਦ ਐਫ਼ਆਈਆਰ ਦਰਜ ਕਰਵਾਈ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੰਡੀਆ ਓਰਿਜਨਲ ਕੰਟੈਂਟ (ਐਮਾਜ਼ਨ) ਦੇ ਮੁਖੀ ਅਪੂਰਨਾ ਪੁਰੋਹਿਤ, ਨਿਰਦੇਸ਼ਕ ਅਲੀ ਅੱਬਾਸ ਜ਼ਫਰ, ਨਿਰਮਾਤਾ ਹਿਮਾਂਸ਼ੂ ਕ੍ਰਿਸ਼ਨਾ ਮਹਿਰਾ, ਲੇਖਕ ਗੌਰਵ ਸੋਲੰਕੀ ਅਤੇ ਹੋਰਾਂ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ। (ਪੀਟੀਆਈ)


ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਟਵੀਟ ਕੀਤਾ, “ਧਾਰਮਕ ਅਤੇ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੁਝ ਦ੍ਰਿਸ਼ਾਂ ਬਾਰੇ “ਤਾਂਡਵ” ਵੈੱਬ ਸੀਰੀਜ਼ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਵਿਚ ਜੋ ਵੀ ਇਤਰਾਜ਼ਯੋਗ ਹੈ, ਨੂੰ ਹਟਾਉਣਾ ਉਚਿਤ ਹੋਵੇਗਾ ਤਾਂ ਜੋ ਦੇਸ਼ ਵਿਚ ਕਿਤੇ ਵੀ ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਖ਼ਰਾਬ ਨਾ ਹੋਵੇ। (ਪੀਟੀਆਈ)