ਠੰਢ ਤੋਂ ਬਚਾਅ ਲਈ ਬਾਲੀ ਅੰਗੀਠੀ ਬਣੀ ਕਾਲ

ਏਜੰਸੀ

ਖ਼ਬਰਾਂ, ਪੰਜਾਬ

ਠੰਢ ਤੋਂ ਬਚਾਅ ਲਈ ਬਾਲੀ ਅੰਗੀਠੀ ਬਣੀ ਕਾਲ

image

ਦੋ ਥਾਈਂ ਸਾਹ ਘੁਟਣ ਕਾਰਨ ਪੰਜ ਜਣਿਆਂ ਦੀ ਮੌਤ

ਫ਼ਿਰੋਜ਼ਪੁਰ/ਮੱਲਾਂਵਾਲਾ ਖਾਸ, 18 ਜਨਵਰੀ (ਰਵੀ ਕੁਮਾਰ, ਗੁਰਬਚਨ ਸਿੰਘ, ਸੁਖਵਿੰਦਰ ਸਿੰਘ) : ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਹਾਮਦ ਵਾਲਾ ਉਤਾੜ ’ਚ ਰਾਤ ਦੇ ਸਮੇਂ ਇਕ ਘਰ ਦੇ ਕਮਰੇ ’ਚ ਕੋਲਿਆਂ ਦੀ ਅੰਗੀਠੀ ਬਾਲ ਕੇ ਸੁੱਤੇ ਇਕ ਪਰਵਾਰ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਦਮ ਘੁਟਣ ਕਾਰਨ ਮਾਂ ਸਣੇ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਜਵੀਰ ਕੌਰ (35) ਪਤਨੀ ਜਗਜੀਤ ਸਿੰਘ ਅਪਣੇ ਦੋ ਬੱਚੇ ਪ੍ਰੀਤ ਸਿੰਘ (11) ਅਤੇ ਏਕਮਪ੍ਰੀਤ ਸਿੰਘ (5) ਦੇ ਨਾਲ ਬੀਤੀ ਰਾਤ ਕੋਲਿਆਂ ਦੀ ਅੰਗੀਠੀ ਜਲਾ ਕੇ ਅਪਣੇ ਕਮਰੇ ’ਚ ਸੁੱਤੇ ਹੋਏ ਸਨ। ਧੂੰਆਂ ਚੜ੍ਹਨ ਕਾਰਨ ਦਮ ਘੁਟਣ ਨਾਲ ਉਨ੍ਹਾਂ ਤਿੰਨਾਂ ਦੀ ਮੌਤ ਹੋ ਗਈ। 
ਅੱਜ ਸਵੇਰੇ ਜਦੋਂ ਉਹ ਤਿੰਨੋਂ ਨਾ ਉੱਠੇ ਤਾਂ ਰਾਜਬੀਰ ਕੌਰ ਦੀ ਸੱਸ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਰਾਜਬੀਰ ਕੌਰ ਅਤੇ ਉਸ ਦੇ ਬੱਚੇ ਨਹੀਂ ਉੱਠੇ। ਇਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ।
ਉਸ ਦੀ ਸੱਸ ਨੇ ਵੇਖਿਆ ਕਿ ਰਾਜਬੀਰ ਕੌਰ ਅਤੇ ਉਸ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਥਾਣਾ ਮੱਲਾਂਵਾਲਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਰੂਪ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਭਾਣਾ ਜ਼ਿਲ੍ਹਾ ਫ਼ਰੀਦਕੋਟ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ’ਚ ਭੇਜ ਦਿਤੀਆਂ ਹਨ ਅਤੇ ਪੁਲਿਸ ਵਲੋਂ ਇਸ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਰਾਜਬੀਰ ਕੌਰ ਦਾ ਪਤੀ ਜਗਜੀਤ ਸਿੰਘ ਮਲੇਸ਼ੀਆ ’ਚ ਰਹਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਲੇ ਬਲਦੇ ਸਮੇਂ ਕਾਰਬਨ ਮੋਨੋਆਕਸਾਈਡ ਨਾਲ ਇਸ ਪਰਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ।
ਘਟਨਾ ਦਾ ਪਤਾ ਲਗਦਿਆਂ ਹੀ ਡੀ.ਐਸ.ਪੀ. ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ, ਐਸ.ਡੀ.ਐਮ. ਜ਼ੀਰਾ ਰਣਜੀਤ ਸਿੰਘ, ਸਾਬਕਾ ਮੰਤਰੀ ਪੰਜਾਬ ਇੰਦਰਜੀਤ ਸਿੰਘ ਜ਼ੀਰਾ ਨੇ ਮੌਕੇ ’ਤੇ ਪਹੁੰਚ ਕੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। 
ਅੰਮ੍ਰਿਤਸਰ, (ਪਪ) : ਅੰਮÇ੍ਰਤਸਰ ਦੇ ਥਾਣਾ ਕੋਤਵਾਲੀ ਅਧੀਨ ਆਉਂਦੇ ਬਾਜ਼ਾਰ ਤਿਵਾਰੀਆ ਇਲਾਕੇ ਵਿਚ ਠੰਢ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤੇ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਜਨਾਨੀ ਰਜੀਨਾ ਬੇਗਮ ਦੀ ਉਮਰ 22 ਸਾਲ ਜਦਕਿ ਉਸ ਦੇ ਪੁੱਤਰ ਰਿਜਵਾਨ ਦੀ ਉਮਰ 4 ਸਾਲ ਦੱਸੀ ਜਾ ਰਹੀ ਹੈ। ਜਦਕਿ ਮ੍ਰਿਤਕਾ ਦਾ ਪਤੀ ਅਬਜਲ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਸਿਆ ਜਾ ਰਿਹਾ ਹੈ ਕਿ ਅਬਜਲ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਇਥੇ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਜ਼ਿਆਦਾ ਠੰਡ ਹੋਣ ਕਰ ਕੇ ਪਰਵਾਰ ਨੇ ਕਮਰੇ ਵਿਚ ਅੰਗੀਠੀ ਬਾਲੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।


ਫੋਟੋ ਫਾਈਲ: 18 ਐੱਫਜੈੱਡਆਰ 08