ਕੰਗਨਾ ਵਲੋਂ ਟਵਿੱਟਰ ’ਤੇ ਸ਼ੇਅਰ ਕੀਤਾ ਮੇਰਾ ਗੀਤ ਨਾ ਹਟਾਇਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ: ਜੱਸ ਗੁ
ਕੰਗਨਾ ਵਲੋਂ ਟਵਿੱਟਰ ’ਤੇ ਸ਼ੇਅਰ ਕੀਤਾ ਮੇਰਾ ਗੀਤ ਨਾ ਹਟਾਇਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ: ਜੱਸ ਗੁਣੀਕੇ
ਕੁੱਪ ਕਲਾਂ, 18 ਜਨਵਰੀ (ਮਾ. ਕੁਲਦੀਪ ਸਿੰਘ ਲਵਲੀ): ਫ਼ਿਲਮ ਐਕਟ੍ਰਸ ਕੰਗਨਾ ਰਣੌਤ ਦੇ ਵਿਵਾਦਤ ਬਿਆਨਾਂ ਨੂੰ ਲੈ ਕੇ ਪੰਜਾਬੀਆਂ ਵਿਚ ਕੰਗਨਾ ਵਿਰੁਧ ਵਿਰੋਧ ਵਧਦਾ ਹੀ ਜਾ ਰਿਹਾ ਹੈ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਇਕ ਬਜ਼ੁਰਗ ਮਾਤਾ ਨੂੰ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਵਲੋਂ ਸੌ ਰੁਪਏ ’ਤੇ ਦਿਹਾੜੀ ਲੈ ਕੇ ਸੰਘਰਸ਼ ’ਚ ਸ਼ਾਮਲ ਹੋਣ ਦੇ ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਉ ਵਿਚ ਦਿਤੇ ਬਿਆਨਾਂ ਕਾਰਨ ਜਿੱਥੇ ਸਮੁੱਚੇ ਪੰਜਾਬੀਆਂ ਅਤੇ ਕਿਸਾਨਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ, ਉੱਥੇ ਹੀ ਸੋਸ਼ਲ ਮੀਡੀਆ ਉਤੇ ਅਪਣੇ ਗੀਤਾਂ ਉਤੇ ਬੋਲਾਂ ਰਾਹੀਂ ਕਾਫ਼ੀ ਮਕਬੂਲੀਅਤ ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਅਤੇ ਭਾਰਤੀ ਸਰਹੱਦ ’ਤੇ ਤਾਇਨਾਤ ਦੇਸ਼ ਦੇ ਰਾਖੇ ਪੰਜਾਬੀ ਫ਼ੌਜੀ ਜੱਸ ਗੁਣੀਕੇ ਵਲੋਂ ਵੀ ਕਿਸਾਨਾਂ ਦੀ ਹਮਾਇਤ ਵਿਚ ਐਕਟਰਸ ਕੰਗਣਾ ਰਣੌਤ ਦਾ ਵਿਰੋਧ ਕੀਤਾ ਗਿਆ ਹੈ।
ਅਸਲ ’ਚ ਇਸ ਫ਼ੌਜੀ ਦਾ ਇਕ ਗੀਤ ਕੰਗਨਾ ਰਣੌਤ ਵਲੋਂ ਅਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਸੀ, ਪਰ ਪੰਜਾਬੀ ਹੋਣ ਨਾਤੇ ਅਤੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਇਸ ਫ਼ੌਜੀ ਜਵਾਨ ਜੱਸ ਗੁਣੀਕੇ ਵਲੋਂ ਕੰਗਨਾ ਨੂੰ ਫੌਰੀ ਤੌਰ ’ਤੇ ਅਪਣੇ ਟਵਿਟਰ ਤੋਂ ਗੀਤ ਹਟਾਉਣ ਦਾ ਹੁਕਮ ਸੁਣਾ ਦਿਤਾ ਹੈ ਤੇ ਅਜਿਹਾ ਨਾ ਕਰਨ ਦੀ ਸਥਿਤੀ ਵਿਚ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਗਈ ਹੈ ਜਿਸ ਦੀ ਹਰ ਕੋਈ ਪ੍ਰਸੰਸਾ ਕਰ ਰਿਹਾ ਹੈ। ਕੁੱਪ ਕਲਾਂ ਵਿਖੇ ਪਹੁੰਚੇ ਜੱਸ ਗੁਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਕੋਈ ਪੰਜਾਬੀ ਫ਼ੌਜੀ ਦੇ ਰੂਪ ਵਿਚ ਦੇਸ਼ ਦੀ ਸਰਹੱਦ ’ਤੇ ਰਾਖੀ ਕਰਦਾ ਹੈ ਤਾਂ ਉਹ ਦੇਸ਼ ਭਗਤ ਪਰ ਜਦੋਂ ਉਨ੍ਹਾਂ ਦੇ ਪਰਵਾਰਕ ਮੈਂਬਰ ਅਪਣੇ ਜਮਹੂਰੀ ਹੱਕਾਂ ਲਈ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਧਰਨਾ ਦੇਣ ਤਾਂ ਉਨ੍ਹਾਂ ਨੂੰ ਅਤਿਵਾਦੀ ਤੇ ਖ਼ਾਲਸਤਾਨੀ ਕਿਹਾ ਜਾ ਰਿਹਾ ਹੈ ਜੋ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ।
ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ ਬਜ਼ੁਰਗ ਹੋਣ ਦੇ ਬਾਵਜੂਦ ਵੀ ਅਪਣੇ ਹੱਕਾਂ ਲਈ ਕੇਂਦਰ ਸਰਕਾਰ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਹਨ ਨਾ ਕਿ ਦਿਹਾੜੀਦਾਰ ਹਨ। ਗੁਣੀਕੇ ਨੇ ਆਖਿਆ ਕਿ ਜਦੋਂ ਅਪਣੇ ਉਤੇ ਪੈਂਦੀ ਆ ਫਿਰ ਪਤਾ ਲੱਗਦਾ। ਜਦੋਂ ਕੰਗਨਾ ਦੇ ਨਾਜਾਇਜ ਮੁੰਬਈ ਵਿਚਲੇ ਦਫ਼ਤਰ ਨੂੰ ਢਾਹਿਆ ਗਿਆ ਸੀ ਤਾਂ ਉਹ ਖ਼ੁਦ ਅੱਗ ਬਬੂਲਾ ਹੋਈ ਫਿਰਦੀ ਸੀ ਪਰ ਇੱਥੇ ਤਾਂ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਜਮੂਹਰੀ ਹੱਕਾਂ ਲਈ ਪ੍ਰਦਰਸ਼ਨ ਹੋ ਰਹੇ ਹਨ ਜਿਹੜੇ ਉਨ੍ਹਾਂ ਨੂੰ ਅੱਜ ਤਕ ਨਹੀਂ ਮਿਲੇ।
ਇਸ ਮੌਕੇ ਰਸ਼ੀਦ ਮੋਮਨਾਬਾਦ, ਗਾਇਕ ਖਾਨ ਇਮਰਾਨ, ਗਾਇਕ ਗਗਨ ਗੁਣੀਕੇ , ਗੁਰਮੀਤ ਸਿੰਘ ਰੰਗੀ, ਬਾਦਸ਼ਾਹ ਬ੍ਰਦਰਜ਼, ਪ੍ਰਧਾਨ ਜੁਲਫ਼ਕਾਰ, ਪਰਗਟ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਅਤੇ ਗੁਰਸ਼ਰਨ ਪੰਧੇਰ ਆਦਿ ਵੀ ਹਾਜ਼ਰ ਸਨ ।
ਫੋਟੋ ਨੰ 18 ਐਸੳੈਨਜੀ 26