27 ਸ਼ਹਿਰਾਂ ’ਚ 1000 ਕਿਲੋਮੀਟਰ ਤੋਂ ਵੱਧ ਨਵੇਂ ਮੈਟਰੋ ਨੈਟਵਰਕ ’ਤੇ ਹੋ ਰਿਹੈ ਕੰਮ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

27 ਸ਼ਹਿਰਾਂ ’ਚ 1000 ਕਿਲੋਮੀਟਰ ਤੋਂ ਵੱਧ ਨਵੇਂ ਮੈਟਰੋ ਨੈਟਵਰਕ ’ਤੇ ਹੋ ਰਿਹੈ ਕੰਮ : ਮੋਦੀ

image

ਅਹਿਮਦਾਬਾਦ ਅਤੇ ਸੂਰਤ ਦੇ ਮੈਟਰੋ ਪ੍ਰਾਜੈਕਟ ਦਾ ਮੋਦੀ ਨੇ ਰਖਿਆ ਨੀਂਹ ਪੱਥਰ

ਅਹਿਮਦਾਬਾਦ, 18 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਮੈਟਰੋ ਨੈੱਟਵਰਕ ਦਾ ਵਿਸਤਾਰ ਦਰਸਾਉਂਦਾ ਹੈ ਕਿ ਮੌਜੂਦਾ ਸਰਕਾਰ ਵਿਕਾਸ ਯੋਜਨਾਵਾਂ ਨੂੰ ਕਿੰਨੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ 27 ਸ਼ਹਿਰਾਂ ਵਿਚ 1000 ਕਿਲੋਮੀਟਰ ਤੋਂ ਵੱਧ ਮੈਟਰੋ ਨੈਟਵਰਕ ਚੱਲ ਰਿਹਾ ਹੈ, ਜਦਕਿ 2014 ਦੇ ਪਹਿਲੇ 10 ਸਾਲਾਂ ਵਿਚ ਸਿਰਫ਼ 225 ਕਿਲੋਮੀਟਰ ਮੈਟਰੋ ਲਾਈਨ ਹੀ ਸ਼ੁਰੂੂ ਹੋ ਸਕੀ ਸੀ।
ਪ੍ਰਧਾਨ ਮੰਤਰੀ ਵੀਡੀਉ ਕਾਨਫ਼ਰੰਸ ਰਾਹੀਂ ਆਯੋਜਿਤ ਇਕ ਸਮਾਗਮ ਵਿਚ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਅਤੇ ਸੂਰਤ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ, ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ ਵਿਚ ਨਾ ਤਾਂ ਆਧੁਨਿਕ ਸੋਚ ਸੀ ਅਤੇ ਨਾ ਹੀ ਕੋਈ ਨੀਤੀ ਸੀ। ਨਤੀਜਾ ਇਹ ਹੋਇਆ ਕਿ ਹਰ ਸ਼ਹਿਰ ਦੀ ਇਕ ਵਖਰੀ ਕਿਸਮ ਦੀ ਮੈਟਰੋ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਜੋ ਪਹੁੰਚ ਸੀ ਅਤੇ ਸਾਡੀ ਸਰਕਾਰ ਕਿਵੇ ਕੰਮ ਕਰ ਰਹੀ ਹੈ, ਇਸ ਦਾ ਚੰਗਾ ਉਦਾਹਰਣ ਮੈਟਰੋ ਨੈਟਵਰਕ ਹੈ। ਇਸ ਦੇ ਵਿਸਤਾਰ ਤੋਂ ਪਤਾ ਚੱਲਦਾ ਹੈ ਕਿ ਕੀ ਫਰਕ ਆਇਆ ਹੈ। ਸਾਲ 2014 ਤੋਂ ਪਹਿਲਾਂ ਦੇ 10-12 ਸਾਲਾਂ ਵਿਚ ਸਿਰਫ਼ 225 ਕਿਲੋਮੀਟਰ ਮੈਟਰੋ ਲਾਇਨ ਅਪਰੇਸ਼ਨਲ ਹੋਈ ਸੀ। ਉਥੇ, ਬੀਤੇ 6 ਸਾਲਾਂ ਵਿਚ 450 ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਨੈਟਵਰਕ ਸ਼ੁਰੂ ਹੋ ਚੁਕਾ ਹੈ ਅਤੇ ਇਸ ਸਮੇਂ ਦੇਸ਼ ਦੇ 27 ਸ਼ਹਿਰਾਂ ਵਿਚ 1000 ਕਿਮੀ ਤੋਂ ਜ਼ਿਆਦਾ ਦੇ ਨਵੇਂ ਮੈਟਰੋ ਨੈਟਵਰਕ ਉੱਤੇ ਕੰਮ ਚੱਲ ਰਿਹਾ ਹੈ।  
ਅਹਿਮਦਾਬਾਦ ਅਤੇ ਸੂਰਤ ਨੂੰ ਗੁਜਰਾਤ ਅਤੇ ਭਾਰਤ ਦੇ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਵਾਲੇ ਸ਼ਹਿਰ ਕਰਾਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਲੈ ਕੇ ਲਗਾਤਾਰ ਤੇਜ਼ ਗਤੀ ਨਾਲ ਅਪਣਾ ਕਦਮ ਅੱਗੇ ਵਧਾ ਰਿਹਾ ਹੈ। (ਪੀਟੀਆਈ)
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਚੁਕੇ ਹਨ ਜਾਂ ਨਵੇਂ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸ਼ਹਿਰਾਂ ਦੀ ਆਵਾਜਾਈ ਨੂੰ ਇਕ ਟਿਕਾਊ ਜਨਤਕ ਆਵਾਜਾਈ ਪ੍ਰਣਾਲੀ ਵਜੋਂ ਵਿਕਸਤ ਕਰ ਰਹੇ ਹਾਂ। ਯਾਨੀ ਬੱਸ, ਮੈਟਰੋ, ਰੇਲ ਸਭ ਨੂੰ ਅਪਣੇ ਆਪ ਨਹੀਂ ਚੱਲਣਾ ਚਾਹੀਦਾ, ਬਲਕਿ ਸਮੂਹਿਕ ਪ੍ਰਣਾਲੀ ਵਜੋਂ ਕੰਮ ਕਰਨ, ਇਕ ਦੂਜੇ ਦੇ ਪੂਰਕ ਬਣਨ। 
ਂਦਰ ਸਰਕਾਰ ਦੇ ਵੱਖ-ਵੱਖ ਵੱਡੇ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਆਤਮ ਵਿਸ਼ਵਾਸ ਨਾਲ ਫ਼ੈੈਸਲੇ ਲੈ ਰਿਹਾ ਹੈ ਅਤੇ ਇਨ੍ਹਾਂ ਨੂੰ ਤੇਜ਼ੀ ਨਾਲ ਲਾਗੂ ਵੀ ਕਰ ਰਿਹਾ ਹੈ। (ਪੀਟੀਆਈ)