ਕੇਂਦਰ ਸਰਕਾਰ ਐਨ.ਆਈ.ਏ. ਦੀ ਗ਼ਲਤ ਵਰਤੋਂ ਨਾ ਕਰੇ : ਸੁਖਬੀਰ ਬਾਦਲ
ਕੇਂਦਰ ਸਰਕਾਰ ਐਨ.ਆਈ.ਏ. ਦੀ ਗ਼ਲਤ ਵਰਤੋਂ ਨਾ ਕਰੇ : ਸੁਖਬੀਰ ਬਾਦਲ
ਚੰਡੀਗੜ੍ਹ, 18 ਜਨਵਰੀ (ਜੀ. ਸੀ.ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਪਣੀ ਕੋਰ ਕਮੇਟੀ ਬੈਠਕ ਵਿਚ ਮਹੱਤਵਪੂਰਣ ਫ਼ੈਸਲੇ ਕਰਦਿਆਂ, ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਪਿਛਲੇ 2 ਮਹੀਨਿਆਂ ਤੋਂ ਚਲਾਏ ਜਾ ਰਹੇ ਗੰਭੀਰ ਤੇ ਜੋਸ਼ੀਲੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਗ਼ਲਤ ਵਰਤੋਂ ਨਾ ਕਰੇ ਕਿਉਂਕਿ ਕਿਸਾਨ ਨੇਤਾਵਾਂ ਵਿਚੋਂ 9 ਵਿਅਕਤੀਆਂ ਨੂੰ ਕੇਂਦਰੀ ਨੋਟਿਸ ਭੇਜਣ ਨਾਲ ਆਮ ਲੋਕਾਂ ਤੇ ਵਿਸ਼ੇਸ਼ ਕਰ ਕੇ ਪੰਜਾਬੀਆਂ ਵਿਚ ਗ਼ਲਤ ਸੁਨੇਹਾ ਜਾ ਰਿਹਾ ਹੈ।
ਕੋਰ ਕਮੇਟੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਸਿੱਖ ਕੌਮ ਦੇ ਜੁਝਾਰੂ ਬਲਵੰਤ ਸਿੰਘ ਰਾਜੋਆਣਾ ਜੋ ਕਤਲ ਦੇ ਕੇਸ ਵਿਚ ਅਪਣੀ ਸਜ਼ਾ ਪੂਰੀ ਕੱਟ ਚੁੱਕੇ ਹਨ, ਦੀ ਰਹਿਮ ਦਿਲੀ ਨਾਲ ਫਾਂਸੀ ਸਜ਼ਾ ਮਾਫ਼ੀ, ਰਾਸ਼ਟਰਪਤੀ ਵਲੋਂ ਦਿਤੀ ਜਾਣੀ ਹੈ, ਬਾਰੇ 26 ਜਨਵਰੀ ਤੋਂ ਪਹਿਲਾਂ ਫ਼ੈਸਲਾ ਲਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਬੈਠਕ ਵਿਚ ਅੱਜ ਲਏ ਫ਼ੈਸਲੇ ਨੇ ਇਹ ਵੀ ਤਾੜਨਾ ਕੀਤੀ ਗਈ ਕਿ ਅਕਾਲੀ ਡੈਲੀਗੇਸ਼ਨ ਨੂੰ ਰਾਸ਼ਟਰਪਤੀ ਨਾਲ ਭਾਈ ਰਾਜੋਆਣਾ ਮੁੱਦੇ ’ਤੇ ਕੀਤੀ ਜਾਣ ਵਾਲੀ ਮੁਲਾਕਾਤ ਦਾ ਸਮਾਂ ਜਲਦੀ ਦਿਤਾ ਜਾਵੇ। ਲਗਭਗ 3 ਘੰਟੇ ਚਲੀ ਇਸ ਬੈਠਕ ਤੋਂ ਮਗਰੋਂ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਰਾਸ਼ਟਰਪਤੀ ਨੂੰ ਮਿਲਣ ਵਾਲੇ ਉਚ ਪਧਰੀ, ਡੈਲੀਗੇਸ਼ਨ ਵਿਚ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਸਿਰਕੱਢ ਸਿੱਖ ਨੇਤਾ ਤੇ ਤਖ਼ਤਾਂ ਦੇ ਜਥੇਦਾਰਾਂ ਨੇ ਸ਼ਾਮਲ ਹੋਣਾ ਹੈ।
ਡਾ. ਚੀਮਾ ਨੇ ਦਸਿਆ ਕਿ ਕੇਂਦਰ ਸਰਕਾਰ ਜਲਦ ਫ਼ੈਸਲਾ ਕਰ ਕੇ ਕਿਸਾਨ ਜਥੇਬੰਦੀਆਂ ਨੂੰ ‘ਟਰੈਕਟਰ ਰਿਪਬਲਿਕ ਮਾਰਚ’ ਕੱਢਣ ਦੀ ਆਗਿਆ ਦੇਵੇ ਕਿਉਂਕਿ ਅੰਨਦਾਤਾ ਨੂੰ ਇਹ ਬੁਨਿਆਦੀ ਹੱਕ ਹੈ, ਉਹ ਵੀ ਇਸ ਦੇਸ਼ ਦਾ ਬਸ਼ਿੰਦਾ ਹੈ ਜੋ ਜੀ.ਡੀ.ਪੀ. ਵਿਚ 20 ਫ਼ੀ ਸਦੀ ਤੋਂ ਵੱਧ ਹਿੱਸਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ 29 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਬਜਟ ਸੈਸ਼ਨ ਵਿਚ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਅਤੇ ਰਾਜ ਸਭਾ ਮੈਂਬਰ ਦੋਵਾਂ ਸਦਨਾਂ ਵਿਚ ਕਿਸਾਨੀ ਨਾਲ ਜੁੜੇ ਅਹਿਮ ਮੁੱਦੇ ’ਤੇ ਵਿਸ਼ੇਸ਼ ਕਰ ਕੇ 3 ਕੇਂਦਰੀ ਖੇਤੀ ਕਾਨੂੰਨਾਂ ਦੇ ਲਾਗੂ ਕੀਤੇ ਜਾਣ ਦੇ ਵਿਰੋਧ ਵਿਚ ਉਠੇ ਦੇਸ਼ ਵਿਆਪੀ ਸੰਘਰਸ਼ ਦਾ ਮੁੱਦਾ ਜ਼ਰੂਰ ਉਠਾਉਣਗੇ।
ਡਾ. ਚੀਮਾ ਨੇ ਇਹ ਵੀ ਦਸਿਆ ਕਿ ਕੋਰ ਕਮੇਟੀ ਦੇ ਮੈਂਬਰਾਂ ਨੇ ਇਹ ਤਾੜਨਾ ਕੇਂਦਰ ਨੂੰ ਕੀਤੀ ਕਿ ਐਨ.ਆਈ.ਏ. ਦੇ 9 ਕਿਸਾਨ ਨੇਤਾਵਾਂ ਨੂੰ ਭੇਜੇ ਨੋਟਿਸ ਜਲਦ ਵਾਪਸ ਲਏ ਜਾਣ ਨਹੀਂ ਤਾਂ ਅਗਲਾ ਕਦਮ ਸਖ਼ਤ ਚੁਕਿਆ ਜਾਵੇਗਾ। ਅੱਜ ਦੀ ਬੈਠਕ ਵਿਚ ਪੰਜਾਬ ਦੇ 8 ਸ਼ਹਿਰਾਂ ਵਿਚ ਮਿਉਂਸਪਲ ਕਾਰਪੋਰੇਸ਼ਨਾਂ ਤੇ 104 ਕਸਬਿਆਂ ਵਿਚ ਮਿਉਂਸਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਫ਼ਰਵਰੀ ਮਹੀਨੇ ਪੈਣ ਵਾਲੀਆਂ ਵੋਟਾਂ ਜਾਂ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਧਾਂਦਲੀ ਦਾ ਡੱਟ ਕੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ।
ਤਿੰਨ ਦਿਨ ਪਹਿਲਾਂ ਅਤੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਇਕ ਡੈਲੀਗੇਸ਼ਨ ਰਾਜ ਦੇ ਚੋਣ ਕਮਿਸ਼ਨਰ ਜਗਪਾਲ ਸੰਧੂ ਨੂੰ ਮਿਲਿਆ ਹੈ ਅਤੇ ਤਾੜਨਾ ਕਰ ਕੇ ਆਇਆ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰੀ ਤੰਤਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਜਲਦ ਰੋਕਿਆ ਜਾਵੇ।
ਅੱਜ ਦੀ ਕੋਰ ਕਮੇਟੀ ਦੀ ਬੈਠਕ ਵਿਚ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਬੀਬੀ ਜਗੀਰ ਕੌਰ, ਚਰਨਜੀਤ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਉਪਿੰਦਰਜੀਤ ਕੌਰ, ਡਾ. ਦਲਜੀਤ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਬਲਦੇਵ ਸਿੰਘ ਮਾਨ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਢਿੱਲੋਂ, ਜਗਮੀਤ ਬਰਾੜ, ਮਹੇਸ਼ਇੰਦਰ ਗਰੇਵਾਲ, ਹਰਚਰਨ ਬੈਂਸ ਤੇ ਹੋਰ ਨੇਤਾ ਸ਼ਾਮਲ ਸਨ।
ਕਿਸਾਨ ਨੇਤਾਵਾਂ ਨੂੰ ਭੇਜੇ ਨੋਟਿਸ ਵਾਪਸ ਲਵੇ, ਅਕਾਲੀ ਦਲ ਦੇ ਐਮ.ਪੀ. ਇਸ ਮੁੱਦੇ ਨੂੰ ਸੰਸਦ ਵਿਚ ਉਠਾਉਣਗੇ
ਭਾਈ ਰਾਜੋਆਣਾ ਦੀ ਸਜ਼ਾ ਮਾਫ਼ੀ ਬਾਰੇ ਰਾਸ਼ਟਰਪਤੀ ਜਲਦ ਫ਼ੈਸਲਾ ਦੇਣ
ਕਿਸਾਨਾਂ ਨੂੰ ਟਰੈਕਟਰ ਰਿਪਬਲਿਕ ਮਾਰਚ ਦਾ ਹੱਕ ਹੈ
ਅਕਾਲੀ ਦਲ ਦੀ ਕੋਰ ਕਮੇਟੀ ਬੈਠਕ
ਫ਼ੋਟੋ: ਸੰਤੋਖ ਸਿੰਘ ਵਲੋਂ