ਕਿਸਾਨ ਮੋਰਚੇ ਦੇ 53ਵੇਂ ਦਿਨ ਮਨਾਇਆ ਮਹਿਲਾ ਕਿਸਾਨ ਦਿਵਸ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ ਦੇ 53ਵੇਂ ਦਿਨ ਮਨਾਇਆ ਮਹਿਲਾ ਕਿਸਾਨ ਦਿਵਸ

image

ਦਿੱਲੀ ਦੀਆਂ ਹੱਦਾਂ ਤੋਂ ਇਲਾਵਾ ਪੰਜਾਬ, ਹਰਿਆਣਾ 'ਚ ਹੋਈਆਂ ਵਿਸ਼ਾਲ ਮਹਿਲਾ ਰੈਲੀਆਂ

ੰਚੰਡੀਗੜ੍ਹ, 18 ਜਨਵਰੀ (ਗੁਰਉਪਦੇਸ਼ ਭੁੱਲਰ) : ਦਿੱਲੀ ਦੀਆਂ ਹੱਦਾਂ ਅਤੇ ਪੰਜਾਬ ਤੇ ਹਰਿਆਣਾ ਸਮੇਤ ਹੋਰ ਕਈ ਰਾਜਾਂ ਵਿਚ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨ ਮੋਰਚੇ ਦੇ 53ਵੇਂ ਦਿਨ ਅੱਜ ਅੰਦੋਲਨ ਦੀ ਅਗਵਾਈ ਬੀਬੀਆਂ ਦੇ ਹੱਥ ਰਹੀ | ਅੱਜ ਮੋਰਚੇ ਦੌਰਾਨ ਮਹਿਲਾ ਸ਼ਕਤੀ ਦਾ ਵਿਸ਼ਾਲ ਪ੍ਰਦਰਸ਼ਨ ਵੱਖ ਵੱਖ ਥਾਵਾਂ 'ਤੇ ਦੇਖਣ ਨੂੰ ਮਿਲਿਆ | 
ਕੇਂਦਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਗੱਲਬਾਤ ਸ਼ੁਰੂ ਕਰਵਾਉਣ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਮੁੱਖ ਭਾਜਪਾ ਨੇਤਾਵਾਂ ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਦੇ ਪਿੰਡ ਧਨੌਲਾ ਤੇ ਕਟਹਿੜਾ ਵਿਚ ਵਿਸ਼ਾਲ ਰੈਲੀਆਂ ਕਰ ਕੇ ਕੇਂਦਰ ਦੀ ਸਰਕਾਰ ਤੇ ਭਾਜਪਾ ਨੂੰ ਵੰਗਾਰਿਆ | ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਮਹਿਲਾ ਕਿਸਾਨ ਦਿਵਸ ਮਨਾਉਣ ਦਾ ਸੱਦਾ ਦਿਤਾ ਗਿਆ ਸੀ | ਇਸੇ ਦੌਰਾਨ ਪਿੰਡ ਪਿੰਡ ਔਰਤਾਂ 26 ਦੀ ਟਰੈਕਟਰ ਪਰੇਡ ਦੀ ਤਿਆਰੀ ਵਿਚ ਵੀ ਮਰਦਾਂ ਦਾ ਪੂਰਾ ਸਾਥ ਦੇ ਰਹੀਆਂ ਹਨ | ਬੀਬੀਆਂ ਨੇ ਸਾਰੇ ਸਮਾਗਮਾਂ ਦਾ ਪ੍ਰਬੰਧ ਤੇ ਸਟੇਜਾਂ ਆਪ ਸੰਭਾਲੀਆਂ ਤੇ ਸ਼ਾਮ ਤਕ ਅੰਦੋਲਨ ਨੂੰ ਸਫ਼ਲਤਾ ਪੂਰਵਕ ਚਲਾਇਆ | ਅੰਦੋਲਨ ਦੀ ਕਮਾਂਡ ਨਾ ਕੇਵਲ ਦਿੱਲੀ ਧਰਨੇ 'ਚ ਹੀ ਮਹਿਲਾਵਾਂ ਕੋਲ ਸੀ ਬਲਕਿ ਪੂਰੇ ਉਤਰੀ ਭਾਰਤ 'ਚ ਔਰਤਾਂ ਨੇ ਅੱਗੇ ਲੱਗ ਕੇ 8 ਮਾਰਚ ਨੂੰ ਮਨਾਉਣ ਵਾਲਾ ਮਹਿਲਾ ਦਿਵਸ ਅੱਜ ਕਿਸਾਨ ਮਹਿਲਾ ਦਿਵਸ ਵਜੋਂ ਮਨਾਇਆ | ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਨੇ ਅੰਦੋਲਨ 'ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਅੰਦੋਲਨ ਨੂੰ ਸਫ਼ਲ ਬਣਾਉਣ ਦਾ ਅਹਿਦ ਕੀਤਾ | ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਨੇ ਅੱਜ ਦੇ ਸਮਾਗਮਾਂ ਨੂੰ ਸਫ਼ਲ ਬਣਾਉਣ 'ਚ ਸੱਭ ਤੋਂ ਅਹਿਮ ਭੂਮਿਕਾ ਨਿਭਾਈ | ਪੰਜਾਬ ਅੰਦਰ ਸੱਭ ਤੋਂ ਵੱਡਾ ਸਮਾਗਮ ਅੰਮਿ੍ਤਸਰ ਦੇ ਭੰਡਾਰੀ ਪੁਲ ਨੇੜੇ ਹੋਇਆ | ਅੰਮਿ੍ਤਸਰ ਉਤੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਔਰਤਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਹਿਲਾ ਕਿਸਾਨ ਦਿਵਸ ਮਨਾਇਆ | 
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮਹਿਲਾ ਜਥੇਬੰਦੀਆਂ ਦੀਆਂ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਔਰਤਾਂ ਘਰਾਂ ਦੇ ਕੰਮ ਦੇ ਨਾਲ ਨਾਲ ਖੇਤੀ ਦੇ ਕੰਮਾਂ ਵਿਚ ਵੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਿੱਸਾ ਲੈਂਦੀਆਂ ਹਨ | ਇਸੇ ਤਰ੍ਹਾਂ ਉਹ ਦਿੱਲੀ ਦੇ ਬਾਰਡਰ ਉਤੇ ਚਲ ਰਹੇ ਕਿਸਾਨ ਅੰਦੋਲਨ ਵਿਚ ਵੀ ਬਰਾਬਰ ਹਿੱਸਾ ਲੈਣ ਰਹੀਆਂ ਹਨ | ਔਰਤਾਂ ਪਹਿਲਾਂ ਵੀ ਹਰ ਸੰਘਰਸ਼ ਵਿਚ ਮਰਦਾਂ ਦਾ ਹਰ ਤਰ੍ਹਾਂ ਨਾਲ ਸਾਥ ਦੇ ਕੇ ਸਫ਼ਲ ਬਣਾਉਂਦੀਆਂ ਰਹੀਆਂ ਹਨ ਅਤੇ ਇਸ ਘੋਲ ਵਿਚ ਵੀ ਔਰਤਾਂ ਦੇ ਸਾਥ ਕਾਰਨ ਕਾਮਯਾਬੀ ਜ਼ਰੂਰ ਮਿਲੇਗੀ |