'ਆਪ' ਦਾ ਮੁੱਖ ਮੰਤਰੀ ਚਿਹਰਾ ਹੋਣਗੇ ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਦਾ ਮੁੱਖ ਮੰਤਰੀ ਚਿਹਰਾ ਹੋਣਗੇ ਭਗਵੰਤ ਮਾਨ

image


ਹਰ ਪੰਜਾਬੀ ਨੂੰ  ਮੇਰੇ ਛੋਟੇ ਵੀਰ ਭਗਵੰਤ ਮਾਨ 'ਤੇ ਹੈ ਮਾਣ : ਕੇਜਰੀਵਾਲ


ਚੰਡੀਗੜ੍ਹ, 18 ਜਨਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਹੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ | ਇਹ ਵੱਡਾ ਐਲਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਥੇ ਮੀਡੀਆ ਨੂੰ  ਸੰਬੋਧਨ ਕਰਦੇ ਹੋਏ ਕੀਤਾ | ਇਸ ਐਲਾਨ ਲਈ ਇਥੇ ਪ੍ਰਭਾਵਸ਼ਾਲੀ ਮੀਡੀਆ ਈਵੈਂਟ ਆਯੋਜਤ ਕੀਤਾ ਗਿਆ ਜਿਸ ਵਿਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਮੰਚ 'ਤੇ ਮੌਜੂਦ ਸਨ, ਜਦਕਿ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਭਾਵੁਕ ਸੰਬੋਧਨ ਕੀਤਾ |
ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਮ ਦੀ ਰਸਮੀ ਘੋਸ਼ਣਾ ਕਰਦੇ ਹੋਏ ਦਸਿਆ ਕਿ ਪਾਰਟੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਪੰਜਾਬ ਦੇ ਲੋਕਾਂ ਦੀ ਰਾਇ/ਸੁਝਾਅ ਜਾਣਨ ਲਈ ਲੰਘੀ 13 ਜਨਵਰੀ ਨੂੰ  ਇਕ ਨੰਬਰ ਜਾਰੀ ਕੀਤਾ ਸੀ, ਜਿਸ 'ਤੇ 21 ਲੱਖ 59 ਹਜ਼ਾਰ 437 ਫ਼ੋਨ/ਮੈਸੇਜ ਦਰਜ ਹੋਏ, ਜਿਨ੍ਹਾਂ ਵਿਚੋਂ 93.3 ਪ੍ਰਤੀਸ਼ਤ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਤਰਫ਼ੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਮ 'ਤੇ ਮੋਹਰ ਲਗਾਈ ਜਿਸ ਦੇ ਆਧਾਰ 'ਤੇ ਪਾਰਟੀ ਵਜੋਂ ਮਾਣ ਨਾਲ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੀ ਹੈ |

ਕੇਜਰੀਵਾਲ ਨੇ ਕਿਹਾ,''ਹਰ ਪੰਜਾਬੀ ਨੂੰ  ਮੇਰੇ ਛੋਟੇ ਭਾਈ ਭਗਵੰਤ ਮਾਨ ਉਤੇ ਮਾਣ ਹੈ |'' ਕੇਜਰੀਵਾਲ ਨੇ ਕਿਹਾ,'' ਮੈਂ ਪਹਿਲਾਂ ਹੀ ਮੁੱਖ ਮੰਤਰੀ ਦੀ ਦੌੜ ਤੋਂ ਖ਼ੁਦ ਨੂੰ  ਬਾਹਰ ਕਰ ਲਿਆ ਸੀ, ਲੇਕਿਨ ਕੁੱਝ ਲੋਕਾਂ ਨੇ ਫਿਰ ਵੀ ਮੇਰੇ ਨਾਮ ਦਾ ਸੁਝਾਅ ਦਿਤਾ | ਅਸੀਂ ਉਨ੍ਹਾਂ ਸਾਰੇ ਸੁਝਾਵਾਂ ਨੂੰ  ਰੱਦ ਕਰ ਦਿਤਾ ਜਿਨ੍ਹਾਂ ਵਿਚ ਮੇਰਾ ਨਾਂ ਸੀ |''
ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਸਰ ਅਪਣੇ ਬੇਟਾ-ਬੇਟੀ, ਭਾਈ-ਭਤੀਜੇ ਅਤੇ ਨੂੰ ਹ ਨੂੰ  ਸੱਤਾ ਸੌਂਪਦੀਆਂ ਹਨ |  ਭਗਵੰਤ ਮੇਰਾ ਛੋਟਾ ਭਰਾ ਹੈ, ਜੇਕਰ ਮੈਂ ਉਸ ਨੂੰ  ਸਿੱਧੇ ਤੌਰ 'ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿਤਾ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਅਸੀਂ ਅਪਣੇ ਭਰਾ ਨੂੰ  ਬਣਾ ਦਿਤਾ ਹੈ |  ਇਸ ਲਈ ਅਸੀਂ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਇਕ ਨਵੀਂ ਲੋਕਤਾਂਤਰਿਕ ਰਵਾਇਤ ਸ਼ੁਰੂ ਕੀਤੀ ਹੈ | ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚਿਹਰੇ ਦੀ ਚੋਣ ਕੀਤੀ ਹੈ | ਕੇਜਰੀਵਾਲ ਨੇ ਇਹ ਵੀ ਦਸਿਆ ਕਿ ਸਾਢੇ 3 ਪ੍ਰਤੀਸ਼ਤ ਲੋਕਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ  ਚੁਣਿਆ |
ਭਗਵੰਤ ਮਾਨ ਦੇ ਨਾਂ ਦਾ ਐਲਾਨ ਹੁੰਦੇ ਹੀ ਉੱਥੇ ਮੌਜੂਦ 'ਆਪ' ਵਰਕਰਾਂ ਤੇ ਆਗੂਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ |  ਢੋਲ ਨਗਾਰੇ ਵੱਜਣ ਲੱਗੇ | ਅਪਣੇ ਨਾਂ ਦਾ ਐਲਾਨ ਸੁਣ ਕੇ ਮਾਨ ਵੀ ਭਾਵੁਕ ਹੋ ਗਏ | ਕੇਜਰੀਵਾਲ ਨੇ ਭਗਵੰਤ ਮਾਨ ਨੂੰ  ਜੱਫੀ ਪਾ ਕੇ ਪਿਆਰ 'ਤੇ ਅਪਣੀਆਂ ਸ਼ੁਭ ਕਾਮਨਾਵਾਂ ਦਿਤੀਆਂ | ਕੇਜਰੀਵਾਲ ਭਗਵੰਤ ਮਾਨ ਲਈ ਖ਼ਾਸ ਤਿਆਰੀ ਕਰ ਕੇ ਆਏ ਸਨ | ਉਨ੍ਹਾਂ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਦੀ ਵੀਡੀਉ ਚਲਵਾਈ ਅਤੇ ਇਸ ਰਾਹੀਂ ਉਨ੍ਹਾਂ ਦੇ ਕੁੱਝ ਕਿੱਸੇ ਲੋਕਾਂ ਨੂੰ  ਦਸੇ ਗਏ | ਭਗਵੰਤ ਮਾਨ ਨੇ ਭਾਵੁਕ ਹੋ ਕੇ ਮੀਡੀਆ ਨੂੰ  ਸੰਬੋਧਨ ਕੀਤਾ |  ਉਸ ਦੇ ਚਿਹਰੇ 'ਤੇ ਦਿ੍ੜ-ਸੰਕਲਪ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਸੀ | ਮਾਨ ਨੇ ਕਿਹਾ ਕਿ ਪੰਜਾਬ ਅਪਣੇ ਪੈਰਾਂ 'ਤੇ ਖੜਾ ਹੋਣਾ ਜਾਣਦਾ ਹੈ | ਪਹਿਲਾਂ ਧਾੜਵੀਆਂ, ਫਿਰ ਅੰਗਰੇਜ਼ਾਂ, ਫਿਰ ਭਿ੍ਸ਼ਟ ਅਤੇ ਮੌਕਾਪ੍ਰਸਤ ਆਗੂਆਂ ਕਾਰਨ ਪੰਜਾਬ ਕਈ ਵਾਰ ਡਿੱਗਿਆ ਪ੍ਰੰਤੂ ਪੰਜਾਬੀਆਂ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਪੰਜਾਬ ਵਾਰ-ਵਾਰ ਖੜਾ ਹੋਇਆ ਅਤੇ ਬੁਲੰਦੀਆਂ ਨੂੰ  ਛੂਹਿਆ | ਅੱਜ ਫਿਰ ਪੰਜਾਬ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰੰਤੂ ਪੰਜਾਬ ਅਤੇ ਪੰਜਾਬੀਆਂ ਨੂੰ  ਮੁਸ਼ਕਲਾਂ-ਸੰਕਟਾਂ ਵਿਚ ਕੱਢ ਕੇ ਖ਼ੁਸ਼ਹਾਲ ਬਣਾਉਣਾ ਹੀ ਸਾਡਾ ਮੁੱਖ ਮਕਸਦ ਹੈ | ਉਨ੍ਹਾਂ ਕਿਹਾ ਕਿ ਪਾਰਟੀ ਨੂੰ  ਅਸੀਂ ਹਮੇਸ਼ਾ ਇਕ ਹੀ ਗੱਲ ਕੀਤੀ ਹੈ | ਬੇਸ਼ੱਕ ਸਾਨੂੰ ਪੋਸਟਰ ਚਿਪਕਾਉਣ ਦਾ ਕੰਮ ਦੇ ਦਿਉ, ਅਸੀਂ ਕਰਾਂਗੇ, ਬਸ਼ਰਤੇ ਕਿ ਸਾਡਾ ਪੰਜਾਬ ਠੀਕ ਕਰ ਦੇਣ |
ਮਾਨ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਅਤੇ ਆਮ ਆਦਮੀ ਪਾਰਟੀ ਲਈ ਇਤਿਹਾਸਕ ਦਿਨ ਹੈ | ਅੱਜ ਤੋਂ ਸਾਡੀ ਜ਼ਿੰਮੇਵਾਰੀ ਦੁਗਣੀ ਹੋ ਗਈ ਹੈ | ਪਰ ਸਾਨੂੰ ਅੱਜ ਖ਼ੁਸ਼ੀ ਨਹੀਂ ਮਨਾਉਣੀ ਹੈ | ਅਸੀਂ ਉਦੋਂ ਤਕ ਖ਼ੁਸ਼ੀ ਨਹੀਂ ਮਨਾਵਾਂਗੇ ਜਦੋਂ ਤਕ ਪੰਜਾਬ ਖ਼ੁਸ਼ਹਾਲ ਨਹੀਂ ਬਣ ਜਾਂਦਾ | ਪੰਜਾਬੀਆਂ ਦੇ ਜੀਵਨ ਨੂੰ  ਖ਼ੁਸ਼ਹਾਲ ਬਣਾਉਣਾ ਹੀ ਸਾਡਾ ਟੀਚਾ ਹੈ | ਅਸੀਂ ਪੰਜਾਬ ਦੀ ਖ਼ੁਸ਼ਹਾਲੀ ਵਾਪਸ ਲਿਆਵਾਂਗੇ | ਡਾ.ਏਪੀਜੇ ਅਬਦੁਲ ਕਲਾਮ ਦੇ ਮਸ਼ਹੂਰ ਕਥਨ (ਸੁਪਨੇ ਉਹ ਨਹੀਂ ਜੋ ਸੌਣ ਤੋਂ ਬਾਅਦ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ) ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ | ਪੰਜਾਬ ਦੇ ਨੌਜਵਾਨਾਂ ਨੂੰ  ਰੁਜ਼ਗਾਰ ਦੇਣ ਦੇ ਸੁਪਨੇ, ਪੰਜਾਬ ਦੀ ਕਿਸਾਨੀ ਅਤੇ ਕਿਸਾਨਾਂ ਨੂੰ  ਖ਼ੁਸ਼ਹਾਲ ਬਣਾਉਣ ਦੇ ਸੁਪਨੇ, ਨੌਜਵਾਨਾਂ ਦੇ ਹੱਥਾਂ ਤੋਂ ਟੀਕੇ ਖੋਹ ਕੇ ਟਿਫ਼ਨ ਫੜਾਉਣ ਦੇ ਸੁਪਨੇ ਅਤੇ ਸਾਡੀਆਂ ਮਾਵਾਂ-ਭੈਣਾਂ ਨੂੰ  ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੇ ਸੁਪਨੇ ਸਾਨੂੰ ਸੌਣ ਨਹੀਂ ਦਿੰਦੇ | ਅਸੀਂ ਪੰਜਾਬ ਨੂੰ  ਦੇਸ ਦਾ ਤਾਜ ਬਣਾਉਣਾ ਹੈ ਅਤੇ ਪੰਜਾਬ ਨੂੰ  ਮੁੜ ਤੋਂ ਇਕ ਖ਼ੁਸ਼ਹਾਲ ਸੂਬਾ ਬਣਾਉਣਾ ਹੈ |