ਚੋਣ ਮੁਹਿੰਮ ਦੌਰਾਨ ਕੇਂਦਰੀ ਏਜੰਸੀ ਈ.ਡੀ. ਵਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਵਿਰੁਧ ਛਾਪੇਮਾਰੀ,

ਏਜੰਸੀ

ਖ਼ਬਰਾਂ, ਪੰਜਾਬ

ਚੋਣ ਮੁਹਿੰਮ ਦੌਰਾਨ ਕੇਂਦਰੀ ਏਜੰਸੀ ਈ.ਡੀ. ਵਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਵਿਰੁਧ ਛਾਪੇਮਾਰੀ, ਛੇ ਕਰੋੜ ਦੀ ਨਕਦੀ ਬਰਾਮਦ?

image

ਛੇ ਕਰੋੜ ਦੀ ਨਕਦੀ ਬਰਾਮਦ?


ਡਰਾਉਣ ਤੇ ਯਰਕਾਉਣ ਦੀ ਲੋਕ-ਰਾਜ-ਮਾਰੂ ਗੰਦੀ ਸਾਜ਼ਸ਼ : ਚੰਨੀ

ਚੰਡੀਗੜ੍ਹ, 18 ਜਨਵਰੀ (ਗੁਰਉਪਦੇਸ਼ ਭੁੱਲਰ) : ਕੇਂਦਰੀ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.)  ਨੇ ਪੰਜਾਬ ਵਿਧਾਨ ਸਭਾ ਚੋਣ ਮੁਹਿੰਮ ਦੇ ਚਲਦਿਆਂ ਅੱਜ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਅਤੇ ਹੋਰ ਕੁੱਝ ਨਜ਼ਦੀਕੀਆਂ ਉਪਰ ਕਾਰਵਾਈ ਕਰਦਿਆਂ 10 ਤੋਂ ਵਧ ਵੱਖ-ਵੱਖ ਥਾਵਾਂ ਉਪਰ ਛਾਪੇਮਾਰੀ ਕੀਤੀ ਹੈ | ਹਨੀ ਨੂੰ  ਈ.ਡੀ. ਵਲੋਂ ਪੁਛਗਿੱਛ ਲਈ ਹਿਰਾਸਤ ਵਿਚ ਲੈਣ ਦੀ ਵੀ ਖ਼ਬਰ ਹੈ | ਇਨ੍ਹਾਂ ਛਾਪਿਆਂ ਬਾਅਦ ਸੂਬੇ 'ਚ ਚੋਣਾਂ ਦੇ ਚਲਦੇ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ | ਖ਼ਬਰਾਂ ਅਨੁਸਾਰ, 6 ਕਰੋੜ ਨਕਦ ਰੁਪਏ ਫੜੇ ਗਏ ਹਨ ਜੋ ਜ਼ਬਤ ਕਰ ਲਏ ਗਏ ਹਨ ਤੇ ਕਈ ਸ਼ੱਕੀ ਕਾਗ਼ਜ਼ ਵੀ ਕਾਬੂ ਕਰ ਲਏ ਗਏ ਹਨ |
ਕਾਂਗਰਸ ਨੇ ਭਾਜਪਾ ਦੀ ਕੇਂਦਰ ਦੀ ਸਰਕਾਰ ਉਪਰ ਇਹ ਕਾਰਵਾਈ ਕਰਵਾਉਣ ਦੇ ਦੋਸ਼ ਲਾਏ ਹਨ ਜਦਕਿ ਵਿਰੋਧੀਆਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਮੁੱਖ ਮੰਤਰੀ ਦੇ ਨਜ਼ਦੀਕੀਆਂ ਵਲੋਂ ਨਾਜਾਇਜ਼ ਮਾਇਨਿੰਗ 'ਚ ਸ਼ਾਮਲ ਹੋਣ ਦੀ ਗੱਲ ਸਾਬਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਨੇ 6 ਅਧਿਕਾਰੀਆਂ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਹੈ ਅਤੇ ਹੋਮਲੈਂਡ ਹੋਮ ਵਿਖੇ ਵੀ ਕਾਰਵਾਈ ਕੀਤੀ ਗਈ, ਜਿਥੇ ਹਨੀ ਦੀ ਰਿਹਾਇਸ਼ ਹੈ |  ਈ.ਡੀ. ਨੇ ਇਹ ਛਾਪੇਮਾਰੀ 7 ਮਾਰਚ 2018 ਨੂੰ  ਗ਼ੈਰ ਕਾਨੂੰਨੀ ਮਾਇਨਿੰਗ ਮਾਮਲੇ ਵਿਚ ਕਈ ਵਿਅਕਤੀਆਂ ਵਿਰੁਧ ਦਰਜ ਕੇਸ ਦੇ ਆਧਾਰ 'ਤੇ ਕੀਤੀ ਹੈ, ਜੋ ਰਾਹੋਂ ਵਿਖੇ ਦਰਜ ਹੋਇਆ ਸੀ | ਮਨੀ ਲਾਂਡਰਿੰਗ ਦੀ ਜਾਂਚ ਵੀ ਇਸ 'ਚ ਸ਼ਾਮਲ ਸੀ | ਅੱਜ ਹਨੀ ਦੀ ਰਿਹਾਇਸ਼ ਉਪਰ ਛਾਪੇਮਾਰੀ ਲਈ ਸਵੇਰੇ ਹੀ ਈ.ਡੀ. ਦੀ ਟੀਮ ਪਹੁੰਚੀ ਸੀ ਅਤੇ ਛਾਪੇਮਾਰੀ ਬਾਅਦ ਨਾ ਹੀ ਕਿਸੇ ਨੂੰ  ਅੰਦਰ ਆਉਣ ਦਿਤਾ ਗਿਆ ਅਤੇ ਨਾ ਹੀ ਬਾਹਰ ਜਾਣ ਦਿਤਾ ਗਿਆ |
ਈ.ਡੀ. ਦੀ ਟੀਮ ਇਥੋਂ ਪ੍ਰਾਪਤ ਦਸਤਾਵੇਜ਼ਾਂ ਤੇ ਕੰਪਿਊਟਰ ਰਿਕਾਰਡ ਖੰਗਾਲ ਰਹੀ ਹੈ | ਛਾਪੇਮਾਰੀ ਦੌਰਾਨ ਕਈ
ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਪਰ ਈ.ਡੀ. ਸਾਰੀ ਕਾਰਵਾਈ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦੇ ਰਹੀ | ਦੇਰ ਸ਼ਾਮ ਤਕ ਈ.ਡੀ. ਦੀ ਕਾਰਵਾਈ ਜਾਰੀ ਸੀ |
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਮੁੱਖ ਮੰਤਰੀ ਦੇ ਹਲਕੇ 'ਚ ਨਾਜਾਇਜ਼ ਮਾਇਨਿੰਗ ਦੇ ਦੋਸ਼ ਲਾਏ ਸਨ | 'ਆਪ' ਆਗੂਆਂ ਨੇ ਚੰਨੀ ਦੇ ਖੇਤਰ 'ਚ ਮਾਇਨਿੰਗ ਸਥਾਨ 'ਤੇ ਜਾ ਕੇ ਜਾਂਚ ਪੜਤਾਲ ਵੀ ਕੀਤੀ ਸੀ |

ਈ.ਡੀ. ਦੀ ਕਾਰਵਾਈ ਚੰਨੀ ਦੀ ਲੋਕਪਿ੍ਅਤਾ ਕਾਰਨ ਭਾਜਪਾ ਦੀ ਬੁਖਲਾਹਟ : ਅਲਕਾ ਲਾਂਬਾ
ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਿਯੁਕਤ ਮੀਡੀਆ ਇੰਚਾਰਜ ਅਤੇ ਦਿੱਲੀ ਦੀ ਨੇਤਾ ਅਲਕਾ ਲਾਂਬਾ ਸਖ਼ਤ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਚੋਣਾਂ 'ਚ ਭਾਜਪਾ ਨੇ ਹਮੇਸ਼ਾ ਈ.ਡੀ. ਦਾ ਵਿਰੋਧੀਆਂ ਨੂੰ  ਡਰਾਉਣ ਲਈ ਇਕ ਚੋਣ ਹਥਿਆਰ ਵਜੋਂ ਇਸਤੇਮਾਰ ਕੀਤਾ ਹੈ, ਭਾਵੇਂ ਪਛਮੀ ਬੰਗਾਲ ਹੋਵੇ ਜਾਂ ਮਹਾਂਰਾਸ਼ਟਰ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ 111 ਦਿਨਾਂ ਦੇ ਕੰਮਾਂ ਕਾਰਨ ਹੋਈ ਲੋਕਪਿ੍ਅਤਾ ਕਾਰਨ ਭਾਜਪਾ ਅਪਣੀ ਹਾਰ ਨੂੰ  ਵੇਖਦੇ ਹੋਏ ਬੁਖਲਾਹਟ 'ਚ ਹੈ | ਪਹਿਲਾਂ ਪ੍ਰਧਾਨ ਮੰਤਰੀ ਨੇ ਪੰਜਾਬ ਦੌਰੇ ਸਮੇਂ ਮੁੱਦਾ ਬਣਾ ਕੇ ਚੰਨੀ ਨੂੰ  ਬਦਨਾਮ ਕਰਨ ਦਾ ਯਤਨ ਕੀਤਾ ਅਤੇ ਹੁਣ ਈ.ਡੀ. ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਭਾਜਪਾ ਇਸ 'ਚ ਸਫ਼ਲ ਨਹੀਂ ਹੋਵੇਗੀ |