ਹੱਕ-ਸੱਚਦੀਆਵਾਜ਼ਚੁਕਦਾਹੈ ਸਪੋਕਸਮੈਨ ਤੇ ਕਿਸੇ ਨੁਕਸਾਨਦੀਪ੍ਰਵਾਹ ਨਹੀਂਕਰਦਾ ਤਰਲੋਚਨ ਸਿੰਘ ਸਾਬਕਾਐਮ.ਪੀ
ਹੱਕ-ਸੱਚ ਦੀ ਆਵਾਜ਼ ਚੁਕਦਾ ਹੈ ਸਪੋਕਸਮੈਨ ਤੇ ਕਿਸੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਦਾ : ਤਰਲੋਚਨ ਸਿੰਘ ਸਾਬਕਾ ਐਮ.ਪੀ
'ਮੈਂ ਜੋਗਿੰਦਰ ਸਿੰਘ ਦੀ ਇਸ ਗੱਲ ਦੀ ਦਾਦ ਦਿੰਦਾ ਹਾਂ ਕਿ ਉਨ੍ਹਾਂ ਅਪਣੀ ਜ਼ਮੀਰ ਦੀ ਆਵਾਜ਼ ਨੂੰ ਦਬਣ ਨਹੀਂ ਦਿਤਾ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜ਼ੁਰਅੱਤ ਕੀਤੀ
ਚੰਡੀਗੜ੍ਹ, 18 ਜਨਵਰੀ (ਸਪੋਕਸਮੈਨ ਵੈਬ): ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਦਸਿਆ ਹੈ ਕਿ ਸਪੋਕਸਮੈਨ ਦਾ ਪਿਛੋਕੜ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ | ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰੋਤਿਆਂ ਨੂੰ ਸਪੋਕਸਮੈਨ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਜੋ ਕਿਸੇ ਨੂੰ ਪਤਾ ਹੀ ਨਹੀਂ ਹੈ |
ਸਾਬਕਾ ਸਾਂਸਦ ਤਰਲੋਚਨ ਸਿੰਘ ਨੇ ਦਸਿਆ ਕਿ ਸਰਦਾਰ ਹੁਕਮ ਸਿੰਘ ਸਿੱਖਾਂ ਦੇ ਪਹਿਲੇ ਐਮ.ਪੀ. ਸਨ ਜਿਨ੍ਹਾਂ ਨੇ ਸੰਵਿਧਾਨ 'ਤੇ ਹਸਤਾਖ਼ਰ ਨਹੀਂ ਸਨ ਕੀਤੇ ਅਤੇ ਕਿਹਾ ਸੀ ਕਿ ਜੋ ਕਾਂਗਰਸ ਸਰਕਾਰ ਵਲੋਂ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਹੋਏ, ਇਸ ਲਈ ਉਹ ਹਸਤਾਖ਼ਰ ਨਹੀਂ ਕਰਨਗੇ | ਇਸ ਤੋਂ ਇਲਾਵਾ ਉਨ੍ਹਾਂ ਨਾਲ ਇਕ ਹੋਰ ਪਾਰਲੀਮੈਂਟ ਮੈਂਬਰ ਭੁਪਿੰਦਰ ਸਿੰਘ ਮਾਨ ਸਨ ਜਿਨ੍ਹਾਂ ਨੇ ਹੁਕਮ ਸਿੰਘ ਦਾ ਸਾਥ ਦਿਤਾ ਅਤੇ ਹਸਤਾਖ਼ਰ ਨਹੀਂ ਕੀਤੇ ਸਨ | ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਕਮ ਸਿੰਘ ਹੁਰਾਂ ਦੇ ਗਵਰਨਰ ਬਣਨ ਤੋਂ ਬਾਅਦ ਉਨ੍ਹਾਂ ਨੇ 'ਸਪੋਕਸਮੈਨ' ਦੀ ਕਮਾਨ ਪਸਰੀਚਾ ਸਾਬ੍ਹ ਨੂੰ ਦੇ ਦਿਤੀ | ਜਦੋਂ ਸਪੋਕਸਮੈਨ ਖ਼ਤਮ ਹੋਣ ਦੀ ਕਗਾਰ 'ਤੇ ਸੀ ਤਾਂ ਸਰਦਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪਤਨੀ ਨੇ ਇਸ ਨੂੰ ਮੁੜ ਸੁਰਜੀਤ ਕੀਤਾ | ਇਹ ਸਰਦਾਰ ਜੋਗਿੰਦਰ ਸਿੰਘ ਦੀ ਹਿੰਮਤ ਹੈ ਕਿ ਇਸ ਹਫ਼ਤਾਵਾਰੀ ਪਰਚੇ ਨੂੰ ਪਹਿਲਾਂ ਅੰਗਰੇਜ਼ੀ ਤੋਂ ਪੰਜਾਬੀ ਕੀਤਾ ਅਤੇ ਫਿਰ 'ਰੋਜ਼ਾਨਾ ਸਪੋਕਸਮੈਨ' ਬਣਾਇਆ ਅਤੇ ਹੁਣ ਇਹ ਚੈਨਲ ਵੀ ਬਣ ਗਿਆ ਹੈ ਅਤੇ ਵੱਡੇ ਪੱਧਰ 'ਤੇ ਧੁੰਮਾਂ ਪਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਪੋਕਸਮੈਨ ਦਾ ਨਾਮ ਲੈਂਦੇ ਹਾਂ ਤਾਂ ਉਸ ਦਾ ਮਤਲਬ ਹੀ ਇਹ ਹੈ ਕੀ ਇਹ ਸਿੱਖਾਂ ਦਾ ਸਪੋਕਸਮੈਨ ਹੈ | ਪਿਛਲੇ ਸਮੇਂ ਵਿਚ ਜੋਗਿੰਦਰ ਸਿੰਘ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਹੈ ਕਿਉਂਕਿ ਉਹ ਸੱਚ ਬੋਲਦੇ ਅਤੇ ਸੱਚ ਹੀ ਲਿਖਦੇ ਹਨ | ਉਨ੍ਹਾਂ ਦਸਿਆ ਕਿ ਅੱਜ ਦੇ ਸਮੇਂ ਵਿਚ ਤਾਂ ਭਾਵੇਂ ਬਹੁਤ ਸਾਰੇ ਮੀਡੀਆ ਚੈਨਲ ਅਕਾਲ ਤਖ਼ਤ ਦੇ ਜਥੇਦਾਰ ਦੇ ਗ਼ਲਤ ਕੰਮਾਂ ਬਾਰੇ ਤੇ ਪੁਜਾਰੀਵਾਦ ਬਾਰੇ ਬੋਲਦੇ ਹਨ ਪਰ ਸੱਭ ਤੋਂ ਪਹਿਲਾਂ ਸਚਾਈ ਦੇ ਹੱਕ ਵਿਚ ਜੇ ਕੋਈ ਬੋਲਿਆ ਸੀ ਤਾਂ ਉਹ ਜੋਗਿੰਦਰ ਸਿੰਘ ਸੀ |
ਤਰਲੋਚਨ ਸਿੰਘ ਨੇ ਕਿਹਾ,''ਮੈਂ ਜੋਗਿੰਦਰ ਸਿੰਘ ਦੀ ਇਸ ਗੱਲ ਦੀ ਦਾਦ ਦਿੰਦਾ ਹਾਂ ਕਿ ਉਸ ਨੇ ਅਪਣੀ ਜ਼ਮੀਰ ਦੀ ਆਵਾਜ਼ ਨੂੰ ਦੱਬਣ ਨਹੀਂ ਦਿਤਾ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਅਤ ਕੀਤੀ |'' ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਨੇ ਇਹ ਜਾਣਦੇ ਹੋਏ ਕਿ ਜੇਕਰ ਉਹ ਸੱਚ ਬੋਲਣਗੇ ਤਾਂ ਸਰਕਾਰੀ ਇਸ਼ਤਿਹਾਰ ਵੀ ਨਹੀਂ ਮਿਲਣਗੇ ਕਿਉਂਕਿ ਉਸ ਸਮੇਂ ਅਕਾਲੀਆਂ ਦੀ ਸਰਕਾਰ ਸੀ, ਫਿਰ ਵੀ ਉਨ੍ਹਾਂ ਨੇ ਸੱਚ 'ਤੇ ਪਹਿਰਾ ਦਿਤਾ | ਇਸ ਉਨ੍ਹਾਂ ਦੀ ਹਿੰਮਤ ਦਾ ਹੀ ਨਤੀਜਾ ਹੈ ਕਿ ਅੱਜ ਉਹ ਸੱਭ ਤੋਂ ਵੱਡਾ ਅਖ਼ਬਾਰ ਚਲਾ ਰਹੇ ਹਨ ਜਿਸ ਨੂੰ ਦੇਸ਼ ਵਿਦੇਸ਼ ਤੋਂ ਪਿਆਰ ਮਿਲ ਰਿਹਾ ਹੈ | ਮੇਰੀ ਵੀ ਬੜੀ ਇੱਛਾ ਸੀ ਕਿ ਇਸ ਰਾਹੀਂ ਅਪਣੀ ਆਵਾਜ਼ ਚੁੱਕਾਂ ਤਾਕਿ ਦੇਸ਼ ਵਿਦੇਸ਼ ਦੇ ਸਿੱਖਾਂ ਤਕ ਅਪਣੀ ਗੱਲ ਪਹੁੰਚਾ ਸਕਾਂ |
ਤਰਲੋਚਨ ਸਿੰਘ ਨੇ ਦਸਿਆ ਕਿ ਉਹ ਮਹਿੰਦਰਾ ਕਾਲਜ ਦੇ ਵਿਦਿਆਰਥੀ ਸਨ ਜਦੋਂ ਪਾਉਂਟਾ ਸਾਹਿਬ ਵਿਖੇ ਸੰਨ 1950 ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਕੈਂਪ ਲੱਗਾ ਸੀ ਜਿਸ ਦੇ ਇੰਚਾਰਜ ਸਾਬਕਾ ਐਮ.ਐਲ.ਏ. ਸਰੂਪ ਸਿੰਘ ਸਨ ਅਤੇ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਹੁਕਮ ਸਿੰਘ ਵੀ ਇਸ ਕੈਂਪ ਵਿਚ ਆਏ ਸਨ | ਉਸ ਸਮੇਂ ਹੁਕਮ ਸਿੰਘ ਪਾਰਲੀਮੈਂਟ ਦੇ ਮੈਂਬਰ ਵੀ ਸਨ ਜੋ ਬਾਅਦ ਵਿਚ ਸਪੀਕਰ ਅਤੇ ਫਿਰ ਗਵਰਨਰ ਵੀ ਬਣੇ, ਉਨ੍ਹਾਂ ਨੇ ਉਸ ਕੈਂਪ ਵਿਚ ਇਕ 'ਸਪੋਕਸਮੈਨ' ਪਰਚਾ ਦਿਖਾਇਆ ਅਤੇ ਦਸਿਆ ਕਿ ਉਹ ਸਿੱਖਾਂ ਲਈ ਪਹਿਲਾ ਅੰਗਰੇਜ਼ੀ ਹਫ਼ਤਾਵਾਰੀ ਪਰਚਾ ਸ਼ੁਰੂ ਕਰਨ ਲੱਗੇ ਹਨ | ਤਰਲੋਚਨ ਸਿੰਘ ਨੇ ਦਸਿਆ ਕਿ ਜੁਲਾਈ 1951 ਵਿਚ 'ਸਪੋਕਸਮੈਨ' ਦਿੱਲੀ ਤੋਂ ਆਰੰਭ ਹੋਇਆ ਅਤੇ ਸਰਦਾਰ ਹੁਕਮ ਸਿੰਘ ਇਸ ਦੇ ਸੰਪਾਦਕ ਬਣੇ | ਉਦੋਂ ਤੋਂ ਹੀ ਸਪੋਕਸਮੈਨ ਨੇ ਆਲਮੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਤੋਂ ਪਿਆਰ ਮਿਲਿਆ | ਉਨ੍ਹਾਂ ਦਸਿਆ ਕਿ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਉਹ ਮੈਂਬਰ ਸਨ, ਉਸ ਵਲੋਂ ਵੀ ਵੱਡੇ ਪੱਧਰ 'ਤੇ ਸਪੋਕਸਮੈਨ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ |