Corona ਮਹਾਮਾਰੀ ਕਰ ਕੇ ਬੱਚਿਆਂ 'ਚ ਪੜ੍ਹਨ ਦੀ ਸਮਰੱਥਾ 'ਚ ਕਮੀ, ਬੱਚੇ ਟਿਊਸ਼ਨਾਂ 'ਤੇ ਨਿਰਭਰ, ਪੰਜਾਬ ਦਾ ਅੰਕੜਾ 30%
ਮਹਾਮਾਰੀ ਦੇ ਕਾਰਨ ਸਰਕਾਰ ਦੇ ਯਤਨਾਂ ਨਾਲ ਕੀਤੇ ਗਏ ਸੁਧਾਰ ਵਿਚ ਰੁਕਾਵਟ ਆਈ ਹੈ।
ਚੰਡੀਗੜ੍ਹ -ਕੋਰੋਨਾ ਮਹਾਂਮਾਰੀ ਤੋਂ ਬਾਅਦ ਬੱਚਿਆਂ ਵਿਚ ਪੜ੍ਹਾਈ ਕਰਨ ਦੀ ਸਮਰੱਥਾ ਵਿਚ ਵੱਡੇ ਪੱਧਰ 'ਤੇ ਕਮੀ ਆਈ ਹੈ ਅਤੇ ਇਹ 2012 ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਗਈ ਹੈ। ਇਹ ਖੁਲਾਸਾ ਐਨਜੀਓ ਪ੍ਰਥਮ ਦੀ 'ਏਐਸਈਆਰ 2022' (ਐਨਿਊਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ) ਵਿਚ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਹਰਿਆਣਾ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਗੁਜਰਾਤ, ਕਰਨਾਟਕ, ਮਹਾਰਾਸ਼ਟਰ ਵਿਚ ਤੀਜੀ ਅਤੇ ਪੰਜਵੀਂ ਜਮਾਤ ਦੇ ਬੱਚੇ ਪੜ੍ਹਨ ਅਤੇ ਗਣਿਤ ਵਿਚ ਪਛੜ ਗਏ ਹਨ। ਮਹਾਮਾਰੀ ਦੇ ਕਾਰਨ ਸਰਕਾਰ ਦੇ ਯਤਨਾਂ ਨਾਲ ਕੀਤੇ ਗਏ ਸੁਧਾਰ ਵਿਚ ਰੁਕਾਵਟ ਆਈ ਹੈ।
ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਲੜਕੇ ਅਤੇ ਲੜਕੀਆਂ ਵਿਚ ਇਹ ਗਿਰਾਵਟ ਚਿੰਤਾਜਨਕ ਹੈ। ਸਰਵੇਖਣ ਵਿਚ 3-16 ਸਾਲ ਦੀ ਉਮਰ ਦੇ ਬੱਚਿਆਂ ਦੀ ਸਕੂਲੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ 5-16 ਸਾਲ ਦੀ ਉਮਰ ਦੇ ਬੱਚਿਆਂ ਦੇ ਬੁਨਿਆਦੀ ਪੜ੍ਹਨ ਅਤੇ ਗਣਿਤ ਦਾ ਮੁਲਾਂਕਣ ਕੀਤਾ ਗਿਆ। ਇਸ ਸਾਲ ਬੱਚਿਆਂ ਦੀ ਅੰਗਰੇਜ਼ੀ ਯੋਗਤਾ ਵੀ ਪਰਖੀ ਗਈ।
ਰਿਪੋਰਟ ਮੁਤਾਬਕ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ 31 ਫ਼ੀਸਦੀ ਬੱਚੇ ਟਿਊਸ਼ਨਾਂ 'ਤੇ ਨਿਰਭਰ ਕਰ ਰਹੇ ਹਨ ਤੇ ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਵਿਚ 30 ਫ਼ੀਸਦੀ ਬੱਚੇ ਟਿਊਸ਼ਨਾਂ ਲੈ ਰਹੇ ਹਨ। ਜਦੋਂ ਕਿ 27.3 ਪ੍ਰਤੀਸ਼ਤ ਤੀਜੇ ਦਰਜੇ ਦੇ ਵਿਦਿਆਰਥੀ 2018 ਵਿਚ ਦੂਜੇ ਦਰਜੇ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਸਨ, ਉਹ ਪਿੱਛੇ ਰਹਿ ਗਏ, ਬੱਚੇ 2022 ਵਿਚ 20.5 ਪ੍ਰਤੀਸ਼ਤ ਤੱਕ ਪਛੜ ਗਏ ਹਨ। ਕੇਰਲ, ਜੋ ਕਿ ਦੇਸ਼ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਰਾਜਾਂ ਵਿਚੋਂ ਇੱਕ ਹੈ, ਵਿਚ ਇਹ 52.1 ਤੋਂ ਘਟ ਕੇ 38.7 ਪ੍ਰਤੀਸ਼ਤ ਹੋ ਗਿਆ ਹੈ।
ਜਦੋਂ ਕਿ, ਹਿਮਾਚਲ ਪ੍ਰਦੇਸ਼ (47.7 ਤੋਂ ਘਟ ਕੇ 28.4 ਪ੍ਰਤੀਸ਼ਤ), ਹਰਿਆਣਾ (46.4 ਤੋਂ ਘਟ ਕੇ 31.5 ਪ੍ਰਤੀਸ਼ਤ) ਵਿਚ 10 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਜਦਕਿ ਆਂਧਰਾ ਪ੍ਰਦੇਸ਼ (22.6 ਤੋਂ ਘਟ ਕੇ 10.3 ਫੀਸਦੀ) ਅਤੇ ਤੇਲੰਗਾਨਾ (18.1 ਤੋਂ ਘਟ ਕੇ 5.2 ਫੀਸਦੀ) ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਰਾਸ਼ਟਰੀ ਪੱਧਰ 'ਤੇ 2018 ਦੇ ਪੱਧਰਾਂ ਦੇ ਮੁਕਾਬਲੇ ਜ਼ਿਆਦਾਤਰ ਗ੍ਰੇਡਾਂ ਲਈ ਬੱਚਿਆਂ ਦੀ ਗਣਿਤ ਪ੍ਰਾਪਤੀ ਦੇ ਪੱਧਰ ਵਿਚ ਗਿਰਾਵਟ ਆਈ ਹੈ ਪਰ ਗਿਰਾਵਟ ਪੜ੍ਹਨ ਨਾਲੋਂ ਘੱਟ ਤੇਜ਼ ਅਤੇ ਵਧੇਰੇ ਭਿੰਨ ਹੈ।
ਹਾਲਾਂਕਿ ਅੱਠਵੀਂ ਜਮਾਤ ਦੇ ਬੱਚਿਆਂ ਵਿਚ ਸੁਧਾਰ ਦਰਜ ਕੀਤਾ ਗਿਆ ਹੈ। 2018 ਵਿਚ 44.1 ਫੀਸਦੀ ਅਤੇ 2022 ਵਿਚ 44.7 ਫ਼ੀਸਦੀ ਬੱਚੇ ਵੰਡ ਦੀ ਸਮੱਸਿਆ ਨੂੰ ਹੱਲ ਕਰਨ ਦੇ ਸਮਰੱਥ ਹਨ। ਉੱਤਰ ਪ੍ਰਦੇਸ਼ ਵਿਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਪ੍ਰਦਰਸ਼ਨ ਵਿਚ ਲਗਭਗ 11 ਫੀਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ 2018 ਵਿਚ ਤੀਜੀ ਜਮਾਤ ਦੇ 28.2 ਪ੍ਰਤੀਸ਼ਤ ਬੱਚੇ ਅਤੇ 2022 ਵਿਚ 25.9 ਪ੍ਰਤੀਸ਼ਤ ਬੱਚੇ ਘੱਟ ਤੋਂ ਘੱਟ ਘਟਾਓ ਕਰ ਸਕਦੇ ਹਨ। ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਸੁਧਾਰ ਦੇਖਿਆ ਗਿਆ ਹੈ, ਪਰ ਤਾਮਿਲਨਾਡੂ, ਹਰਿਆਣਾ, ਮਿਜ਼ੋਰਮ 'ਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਵੀਂ ਜਮਾਤ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਮਿਜ਼ੋਰਮ ਦੀ ਹਾਲਤ ਬੇਹੱਦ ਖ਼ਰਾਬ ਹੈ।