ਖੇਡਾਂ ਵਿੱਚ ਪੰਜਾਬ ਨੂੰ ਮੁੜ ਮੋਹਰੀ ਸੂਬਾ ਬਣਾਉਣ ਲਈ ਵਿਆਪਕ ਸੁਧਾਰਾਂ 'ਤੇ ਜ਼ੋਰ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵੱਲੋਂ ਲਏ ਸੁਫਨੇ ਨੂੰ ਪੂਰਾ ਕਰੇਗੀ ਨਵੀਂ ਖੇਡ ਨੀਤੀ: ਮੀਤ ਹੇਅਰ

Emphasis on comprehensive reforms to make Punjab a leading state in sports again

 

ਚੰਡੀਗੜ੍ਹ, 19 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ ਲਏ ਸੁਫਨੇ ਨੂੰ ਪੂਰਾ ਕਰਨ ਲਈ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਵਿੱਚ ਵੱਡੇ ਵਿਆਪਕ ਸੁਧਾਰਾਂ ਉਤੇ ਜ਼ੋਰ ਦਿੱਤਾ ਗਿਆ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਡ ਨੀਤੀ ਦੇ ਖਰੜੇ ਉਤੇ ਵਿਚਾਰਾਂ ਕਰਨ ਲਈ ਬਣਾਈ ਮਾਹਿਰਾਂ ਦੀ ਕਮੇਟੀ ਨਾਲ ਇਥੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

ਮੀਤ ਹੇਅਰ ਨੇ ਕਿਹਾ ਕਿ ਨਵੀਂ ਖੇਡ ਨੀਤੀ ਨੂੰ ਅਮਲੀ ਜਾਮਾ ਪਹਿਨਾਏ ਜਾਣ ਨਾਲ ਮੁੱਖ ਮੰਤਰੀ ਦਾ ਸੁਫਨਾ ਪੂਰਾ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਖਿਡਾਰੀਆਂ ਦੀ ਚੋਣ ਲਈ ਹੁਨਰ ਦੀ ਸ਼ਨਾਖਤ ਵਾਸਤੇ ਵਿਗਿਆਨਕ ਵਿਧੀ ਅਪਣਾਈ ਜਾਵੇ। ਸੂਬੇ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਡਾਟਾ ਇਕੱਤਰ ਕਰਕੇ ਉਸ ਦਾ ਵਿਸਲੇਸ਼ਣ ਕੀਤਾ ਜਾਵੇ। ਸੂਬੇ ਵਿੱਚ ਵੱਖ-ਵੱਖ ਖੇਡਾਂ ਦੇ ਵਿਸ਼ੇਸ਼ੀਕ੍ਰਿਤ ਸਥਾਨਾਂ ਦੀ ਸ਼ਨਾਖਤ ਕਰਕੇ ਉਥੇ ਸਬੰਧਤ ਖੇਡ ਉਤੇ ਧਿਆਨ ਕੇਂਦਰਿਤ ਜਾਵੇ। ਗਰੇਡਸ਼ਨ ਨੀਤੀ ਨੂੰ ਤਰਕਸੰਗਤ ਬਣਾਇਆ ਜਾਵੇ।

ਖੇਡ ਮੰਤਰੀ ਨੇ ਦੱਸਿਆ ਕਿ ਖੇਡਾਂ ਤੇ ਖਿਡਾਰੀ ਪੱਖੀ ਆਧੁਨਿਕ ਖੇਡ ਢਾਂਚਾ ਬਣਾਉਣ ਲਈ ਕਾਰਪੋਰੇਟ ਘਰਾਣਿਆਂ ਤੋਂ ਆਰਥਿਕ ਮੱਦਦ ਲੈਣ ਵਾਸਤੇ ਨੀਤੀ ਬਣਾਏ ਜਾਵੇ। ਇਸੇ ਤਰ੍ਹਾਂ ਖਿਡਾਰੀਆਂ ਤੇ ਟੀਮਾਂ ਨੂੰ ਸਪਾਂਸਰ ਕਰਨ ਲਈ ਪਰਵਾਸੀ ਭਾਰਤੀਆਂ ਲਈ ਮੰਚ ਮੁਹੱਈਆ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਖੇਡ ਵਿਭਾਗ ਸਾਂਝਾ ਖੇਡ ਕੈਲੰਡਰ ਬਣਾਏ ਤਾਂ ਜੋ ਖਿਡਾਰੀਆਂ ਦੇ ਟੂਰਨਾਮੈਂਟ ਵਿੱਚ ਤਰੀਕਾਂ ਨਾ ਮਿਲਣ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਅਮਿਤ ਤਲਵਾੜ, ਖੇਡ ਮਾਹਿਰਾਂ ਵਜੋਂ ਸ਼ਾਮਲ ਅਰਜੁਨਾ ਐਵਾਰਡੀ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਕੌਮੀ ਮੁੱਕੇਬਾਜ਼ੀ ਕੋਚ ਗੁਰਬਖ਼ਸ਼ ਸਿੰਘ ਸੰਧੂ ਅਤੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਵੀ ਹਾਜ਼ਰ ਸਨ।