ਹਾਊਸਿੰਗ ਪ੍ਰੋਜੈਕਟ ’ਚ ਕਰੋੜਾਂ ਰੁਪਏ ਦੀ ਹੋਈ ਠੱਗੀ, ਚੂਨਾ ਲਗਾਉਣ ਵਾਲਾ ਜੋੜਾ ਅਜੇ ਵੀ ਫਰਾਰ
ਫਲੈਟ ਦੇਣ ਨਾਂ ’ਤੇ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਲੈਣ, ਪਰ ਕੰਪਨੀ ਦੇ ਖਾਤੇ ’ਚ ਜਮ੍ਹਾਂ ਨਾ ਕਰਵਾਉਣ ਦਾ ਆਰੋਪ
ਚੰਡੀਗੜ੍ਹ : ਜ਼ੀਰਕਪੁਰ ਹਾਊਸਿੰਗ ਪ੍ਰੋਜੈਕਟ ਵਿੱਚ ਸੇਲਜ਼ ਹੈੱਡ ਵਜੋਂ ਨੌਕਰੀ ਕਰ ਰਹੇ ਸ਼ੁਭਮ ਬੇਦੀ ਨੇ ਆਪਣੀ ਪਤਨੀ ਮਨਦੀਪ ਕੌਰ ਨਾਲ ਮਿਲ ਕੇ ਕੰਪਨੀ ਵਿੱਚ ਕਰੋੜਾਂ ਦੀ ਧੋਖਾਧੜੀ ਕਰ ਦਿੱਤੀ । ਸਤੰਬਰ 2025 ਵਿੱਚ ਮਾਮਲਾ ਦਰਜ ਹੋਣ ਤੋਂ ਲਗਭਗ ਪੰਜ ਮਹੀਨੇ ਬਾਅਦ ਵੀ ਆਰੋਪੀ ਜੋੜਾ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਨਾਲ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜ੍ਹੇ ਹੋ ਰਹੇ ਹਨ।
ਕੰਪਨੀ ਮਾਲਕ ਅਮਿਤ ਦੂਆ ਨੇ ਆਰੋਪ ਲਾਇਆ ਹੈ ਕਿ ਉਨ੍ਹਾਂ ਦੀ ਫਰਮ ਮੈਸਰਜ਼ ਰੋਸੇਰੋ ਇੰਫਰਾ ਐੱਲਐੱਲਪੀ ਵਿੱਚ ਜਨਰਲ ਮੈਨੇਜਰ (ਸੇਲਜ਼) ਦੇ ਅਹੁਦੇ ਤੇ ਕੰਮ ਕਰ ਰਹੇ ਸ਼ੁਭਮ ਬੇਦੀ ਨੇ ਆਪਣੀ ਪਤਨੀ ਮਨਦੀਪ ਕੌਰ ਨਾਲ ਮਿਲ ਕੇ ਕੰਪਨੀ ਦੇ ਨਾਂ ਅਤੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ । ਆਰੋਪ ਹੈ ਕਿ ਦੋਵਾਂ ਨੇ ਫਲੈਟ ਅਲਾਟਮੈਂਟ ਦੇ ਨਾਂ ਤੇ ਕਈ ਲੋਕਾਂ ਤੋਂ ਨਕਦ ਅਤੇ ਬੈਂਕ ਖਾਤਿਆਂ ਵਿੱਚ ਲਗਭਗ 14 ਕਰੋੜ ਰੁਪਏ ਪਵਾਏ ਜਦਕਿ ਇਹ ਰਕਮ ਕੰਪਨੀ ਦੇ ਖਾਤਿਆਂ ਵਿੱਚ ਜਮ੍ਹਾ ਨਹੀਂ ਕਰਵਾਈ ਗਈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀਆਂ ਨੇ ਬਿਨਾਂ ਅਧਿਕਾਰ ਦੇ ਫਰਜ਼ੀ ਅਲਾਟਮੈਂਟ ਲੈਟਰ ਜਾਰੀ ਕੀਤੇ ਅਤੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ। ਇਸ ਮਾਮਲੇ ਵਿੱਚ ਥਾਣਾ ਜ਼ੀਰਕਪੁਰ ਵਿੱਚ 18 ਸਤੰਬਰ 2025 ਨੂੰ ਭਾਰਤੀ ਨਿਆਂ ਕਾਨੂੰਨ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਆਰੋਪੀਆਂ ’ਤੇ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਵੀ ਪਹਿਲਾਂ ਤੋਂ ਧੋਖਾਧੜੀ ਦਾ ਮਾਮਲਾ ਦਰਜ ਹੈ। ਇਸ ਵਿੱਚ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਹੈ।
ਕੰਪਨੀ ਦੇ ਡਾਇਰੈਕਟਰ ਅਮਿਤ ਦੂਆ ਨੇ ਹਾਊਸਿੰਗ ਪ੍ਰੋਜੈਕਟ ਨਾਲ ਜੁੜੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਆਰੋਪੀ ਸ਼ੁਭਮ ਬੇਦੀ ’ਤੇ ਹੁਣ ਸਾਈਬਰ ਧੋਖਾਧੜੀ ਦਾ ਵੀ ਦੋਸ਼ ਲਾਇਆ ਹੈ। ਕੰਪਨੀ ਮਾਲਕ ਅਮਿਤ ਦੂਆ ਨੇ ਐੱਸ.ਐੱਸ.ਪੀ ਮੋਹਾਲੀ (ਸਾਈਬਰ ਕਰਾਈਮ) ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸ਼ੁਭਮ ਬੇਦੀ ਉਨ੍ਹਾਂ ਦੀ ਫਰਮ ਰੋਸੇਰੋ ਇੰਫਰਾ ਐੱਲ.ਐੱਲ.ਪੀ ਦੇ ਰਜਿਸਟਰਡ ਟਰੇਡਮਾਰਕ "ਰੋਸੇਰੋ - ਏ ਰੈਵੋਲਿਊਸ਼ਨਰੀ ਈਰਾ" ਦਾ ਬਿਨਾਂ ਇਜਾਜ਼ਤ ਦੁਰਵਰਤੋਂ ਕਰ ਰਿਹਾ ਹੈ। ਸ਼ਿਕਾਇਤ ਅਨੁਸਾਰ ਆਰੋਪੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਫਰਜ਼ੀ ਆਈਡੀ ਬਣਾ ਕੇ ਕੰਪਨੀ ਦੇ ਨਾਂ ਨਾਲ ਮਿਲਦੇ-ਜੁਲਦੇ ਨਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਝੂਠੀਆਂ ਤੇ ਭਰਮਾਉਣ ਵਾਲੀਆਂ ਜਾਣਕਾਰੀਆਂ ਫੈਲਾ ਕੇ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੰਪਨੀ ਮਾਲਕ ਨੇ ਸਾਈਬਰ ਫਰਾਡ ਦੀ ਜਾਂਚ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।