ਮਨੁੱਖੀ ਅਧਿਕਾਰ ਵਿਭਾਗ ਦਾ ਨਾਮ ਬਦਲ ਕੇ “ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਵਿਭਾਗ” ਰੱਖਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੀਮ 'ਸੱਥ' ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਕੋਲ ਰੱਖੀ ਮੰਗ

Demand to change the name of the Human Rights Department to “Shaheed Bhai Jaswant Singh Khalra Human Rights Department”

ਚੰਡੀਗੜ੍ਹ: ਅਸ਼ਮੀਤ ਸਿੰਘ, ਮੀਤ ਪ੍ਰਧਾਨ, ਪੰਜਾਬ ਯੂਨੀਵਰਸਿਟੀ ਅਤੇ ਟੀਮ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਕੋਲ ਮੰਗ ਰੱਖੀ ਹੈ ਕਿ ਮਨੁੱਖੀ ਅਧਿਕਾਰ ਵਿਭਾਗ (Centre for Human Rights and Duties) ਦਾ ਨਾਮ ਬਦਲ ਕੇ “ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਵਿਭਾਗ” ਰੱਖਿਆ ਜਾਵੇ ਅਤੇ ਇਸ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਚੇਅਰ ਦੀ ਸਥਾਪਨਾ ਕੀਤੀ ਜਾਵੇ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਇੱਕ ਨਿਡਰ ਮਨੁੱਖੀ ਅਧਿਕਾਰ ਕਾਰਕੁਨ ਸਨ, ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਈਆਂ ਗੰਭੀਰ ਮਨੁੱਖੀ ਅਧਿਕਾਰ ਉਲੰਘਣਾਵਾਂ ਨੂੰ ਬੇਨਕਾਬ ਕੀਤਾ। ਆਪਣੀ ਗਹਿਰੀ ਖੋਜ ਅਤੇ ਦਸਤਾਵੇਜ਼ੀ ਕੰਮ ਰਾਹੀਂ ਉਨ੍ਹਾਂ ਨੇ 25,000 ਤੋਂ ਵੱਧ ਸਿੱਖ ਨੌਜਵਾਨਾਂ ਬਾਰੇ ਜਾਣਕਾਰੀ ਸਾਹਮਣੇ ਲਿਆਂਦੀ, ਜਿਨ੍ਹਾਂ ਨੂੰ ਗੈਰਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਿਆ ਗਿਆ, ਜ਼ਬਰਦਸਤੀ ਗਾਇਬ ਕੀਤਾ ਗਿਆ ਅਤੇ ਬਾਅਦ ਵਿੱਚ ਫਰਜ਼ੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ। ਉਨ੍ਹਾਂ ਦੇ ਇਸ ਕੰਮ ਨੇ ਦੇਸ਼ ਅਤੇ ਵਿਦੇਸ਼ ਪੱਧਰ ‘ਤੇ ਭਾਰੀ ਮਨੁੱਖੀ ਅਧਿਕਾਰ ਉਲੰਘਣਾਵਾਂ ਵੱਲ ਧਿਆਨ ਖਿੱਚਿਆ।

ਇਸ ਮੰਗ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਸੱਚ, ਇਨਸਾਫ਼ ਅਤੇ ਮਨੁੱਖੀ ਗੌਰਵ ਪ੍ਰਤੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਵਚਨਬੱਧਤਾ ਆਖ਼ਿਰਕਾਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਬਣੀ। ਉਨ੍ਹਾਂ ਦੀ ਕੁਰਬਾਨੀ ਨੂੰ ਵਿਸ਼ਵ ਪੱਧਰ ‘ਤੇ ਮਨੁੱਖੀ ਅਧਿਕਾਰ ਅੰਦੋਲਨ ਵਿੱਚ ਇੱਕ ਬੇਮਿਸਾਲ ਯੋਗਦਾਨ ਵਜੋਂ ਮੰਨਿਆ ਜਾਂਦਾ ਹੈ, ਜੋ ਅੱਜ ਵੀ ਕਾਰਕੁਨਾਂ, ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ਨੂੰ ਪ੍ਰੇਰਿਤ ਕਰਦੀ ਹੈ।

ਪੰਜਾਬ ਯੂਨੀਵਰਸਿਟੀ ਦੀ ਲੰਮੀ ਅਤੇ ਮਾਣਯੋਗ ਪਰੰਪਰਾ ਦਾ ਹਵਾਲਾ ਦਿੰਦਿਆਂ, ਅਸ਼ਮੀਤ ਸਿੰਘ ਨੇ ਉਹਨਾਂ ਸੰਸਥਾਵਾਂ ਅਤੇ ਇਮਾਰਤਾਂ ਦਾ ਜ਼ਿਕਰ ਕੀਤਾ ਜੋ ਪ੍ਰਸਿੱਧ ਹਸਤੀਆਂ ਦੇ ਨਾਮਾਂ ‘ਤੇ ਹਨ, ਜਿਵੇਂ ਕਿ ਡਾ. ਐਸ. ਐਸ. ਭਟਨਾਗਰ ਕੈਮੀਕਲ ਇੰਜੀਨੀਅਰਿੰਗ ਵਿਭਾਗ, ਡਾ. ਹਰਵੰਸ਼ ਸਿੰਘ ਜੱਜ ਡੈਂਟਲ ਸਾਇੰਸ ਅਤੇ ਹਸਪਤਾਲ, ਸ਼ਹੀਦ ਭਗਤ ਸਿੰਘ ਹਾਲ, ਸ਼ਹੀਦ ਊਧਮ ਸਿੰਘ ਹਾਲ, ਡਾ. ਬੀ. ਆਰ. ਅੰਬੇਡਕਰ ਹਾਲ ਅਤੇ ਡਾ. ਮਨਮੋਹਨ ਸਿੰਘ ਹਾਲ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਵਿਭਾਗ ਦਾ ਨਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ‘ਤੇ ਰੱਖਣਾ ਯੂਨੀਵਰਸਿਟੀ ਦੇ ਮੂਲ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਅਤੇ ਇੱਕ ਉਚਿਤ ਸਨਮਾਨ ਹੋਵੇਗਾ।

ਪ੍ਰਸਤਾਵਿਤ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਚੇਅਰ, ਜੋ ਵਿਭਾਗ ਦੇ ਅਧੀਨ ਸਥਾਪਿਤ ਕੀਤੀ ਜਾਣੀ ਹੈ, ਭਾਈ ਖਾਲੜਾ ਜੀ ਦੀ ਜ਼ਿੰਦਗੀ ਅਤੇ ਵਿਰਾਸਤ ਦੇ ਨਾਲ ਨਾਲ, forced disappearances, ਹਿਰਾਸਤੀ ਹਿੰਸਾ ਅਤੇ custodial death ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਉੱਚ ਪੱਧਰੀ ਖੋਜ, ਦਸਤਾਵੇਜ਼ੀ ਕੰਮ ਅਤੇ ਅਕਾਦਮਿਕ ਚਰਚਾ ਲਈ ਇੱਕ ਸੰਸਥਾਗਤ ਮੰਚ ਪ੍ਰਦਾਨ ਕਰੇਗੀ। ਇਹ ਚੇਅਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਅਕਾਦਮਿਕ ਸੰਵਾਦ ਅਤੇ ਲਗਾਤਾਰ ਖੋਜ ਨੂੰ ਮਜ਼ਬੂਤ ਕਰੇਗੀ।

ਇਹ ਪਹਿਲ ਨਾ ਸਿਰਫ਼ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਅਤੁੱਲ ਕੁਰਬਾਨੀ ਨੂੰ ਸਨਮਾਨਿਤ ਕਰੇਗੀ, ਸਗੋਂ ਯੂਨੀਵਰਸਿਟੀ ਅੰਦਰ ਮਨੁੱਖੀ ਅਧਿਕਾਰ, ਇਨਸਾਫ਼, ਜਵਾਬਦੇਹੀ ਅਤੇ ਸੰਵਿਧਾਨਕ ਨੈਤਿਕਤਾ ਦੇ ਮੂਲ ਸਿਧਾਂਤਾਂ ਨੂੰ ਵੀ ਮਜ਼ਬੂਤ ਕਰੇਗੀ।