ਚੋਰੀ ਦੇ ਦੋਸ਼ਾਂ ਤੋਂ ਡਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

Youth commits suicide fearing theft charges

ਅੰਮ੍ਰਿਤਸਰ: ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ 18 ਤੋਂ 19 ਸਾਲ ਦੀ ਉਮਰ ਦੇ ਨੌਜਵਾਨ ਸੱਤਿਮ ਕੁਮਾਰ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੇ ਚਾਚਾ ਸੂਰਜ ਕੁਮਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਤੀਜੇ ‘ਤੇ ਮਾਲਕ ਵੱਲੋਂ ਚੋਰੀ ਦੇ ਝੂਠੇ ਇਲਜ਼ਾਮ ਲਗਾਏ ਗਏ ਸਨ, ਜਿਸ ਕਾਰਨ ਉਹ ਗਹਿਰੇ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਅੰਤ ਵਿੱਚ ਇਹ ਕਦਮ ਚੁੱਕ ਲਿਆ। ਪਰਿਵਾਰ ਮੁਤਾਬਕ ਸੱਤਿਮ ਕੁਮਾਰ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਕਰਦਾ ਸੀ ਅਤੇ ਆਪਣੇ ਪਿਤਾ ਦਾ ਹੱਥ ਵੰਡਾਉਂਦਾ ਸੀ, ਜੋ ਠੇਕੇਦਾਰੀ ਦਾ ਕੰਮ ਕਰਦੇ ਹਨ।

ਦੱਸਿਆ ਗਿਆ ਹੈ ਕਿ ਜਿੱਥੇ ਉਹ ਕੰਮ ਕਰਦਾ ਸੀ, ਉਥੇ ਮਾਲਕ ਨੇ ਉਸ ‘ਤੇ ਪੈਸੇ ਅਤੇ ਕੁਝ ਗਹਿਣਿਆਂ ਦੀ ਚੋਰੀ ਦਾ ਦੋਸ਼ ਲਗਾਇਆ ਅਤੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਕਾਰਨ ਨੌਜਵਾਨ ਨੂੰ ਥਾਣੇ ਬੁਲਾਇਆ ਗਿਆ ਅਤੇ ਉਸ ‘ਤੇ ਮਾਨਸਿਕ ਦਬਾਅ ਬਣਾਇਆ ਗਿਆ, ਜਿਸ ਨਾਲ ਉਹ ਬਹੁਤ ਡਰ ਗਿਆ ਸੀ। ਸੂਰਜ ਕੁਮਾਰ ਨੇ ਕਿਹਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਕੋਈ ਸੁਸਾਈਡ ਨੋਟ ਜਾਂ ਕਿਸੇ ਦਾ ਨਾਮ ਲਿਖ ਕੇ ਨਹੀਂ ਗਿਆ। ਉਹ ਬਹੁਤ ਡਰਿਆ ਹੋਇਆ ਸੀ ਅਤੇ ਆਪਣੀ ਪਰੇਸ਼ਾਨੀ ਬਾਰੇ ਖੁਲ ਕੇ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਮਾਲਕ ਅਤੇ ਹੋਰ ਲੋਕਾਂ ਦੀ ਕਾਰਵਾਈ ਨੇ ਉਸਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ।

ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਮਜ਼ਦੂਰ ਵਰਗ ਵਿੱਚ ਡਰ ਦਾ ਮਾਹੌਲ ਬਣਦਾ ਹੈ ਅਤੇ ਕੱਲ੍ਹ ਨੂੰ ਕੋਈ ਹੋਰ ਨੌਜਵਾਨ ਇਸ ਤਰ੍ਹਾਂ ਦਾ ਘਾਤਕ ਕਦਮ ਨਾ ਚੁੱਕੇ।