ਪੰਜਾਬ ਦਾ ਨਵੇਂ ਸਾਲ ਲਈ 1,58,493 ਕਰੋੜ ਦਾ ਬਜਟ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

11,687 ਕਰੋੜ ਰੁਪਏ ਦੇ ਮਾਲੀ ਘਾਟੇ ਵਾਲਾ g 2018-19 ਦੀਆਂ ਦੇਣਦਾਰੀਆਂ ਦੇ ਬਜਟ ਦਾ ਅਸਲ ਅਕਾਰ ਹੋਵੇਗਾ 1,26,493 ਕਰੋੜ

Manpreet Singh Badal (Finance Minister Punjab)

ਚੰਡੀਗੜ੍ਹ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਸਾਲ 2019-20 ਦਾ 1,58,493 ਕਰੋੜ ਦਾ 11,687 ਕਰੋੜ ਰੁਪਏ ਦੇ ਮਾਲੀ ਘਾਟੇ ਵਾਲਾ ਬਜਟ ਪੇਸ਼ ਕੀਤਾ। ਜੇਕਰ ਚਾਲੂ ਮਾਲੀ ਸਾਲ ਦੀਆਂ ਦੇਣਦਾਰੀਆਂ ਦੇ 32000 ਕਰੋੜ ਰੁਪਏ ਇਸ ਵਿਚੋਂ ਕੱਢ ਦਿਤੇ ਜਾਣ ਤਾਂ ਬਜਟ ਦਾ ਅਸਲ ਆਕਾਰ 1,26,493 ਕਰੋੜ ਰਹਿ ਜਾਂਦਾ ਹੈ। ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਕੋਈ ਨਵੇਂ ਸਾਧਨ ਜੁਟਾਉਣ ਦਾ ਵੀ ਬਜਟ ਵਿਚ ਜ਼ਿਕਰ ਨਹੀਂ ਕੀਤਾ ਗਿਆ।
ਪੰਜਾਬ ਸਿਰ ਖੜੇ ਕਰਜ਼ੇ ਦੀ ਪੰਡ ਵਿਚ ਹੋਰ ਵੀ ਵਾਧਾ ਹੋ ਗਿਆ ਹੈ।

ਨਵੇਂ ਸਾਲ ਵਿਚ ਇਹ ਕਰਜ਼ਾ ਵੱਧ ਕੇ 2,29,611 ਕਰੋੜ ਰੁਪਏ ਤਕ ਪੁੱਜਣ ਦਾ ਅਨੁਮਾਨ ਲਗਾਇਆ ਗਿਆ ਹੈ। ਪਿਛਲੇ ਸਾਲ ਦੇ ਬਜਟ ਵਿਚ ਪੰਜਾਬ ਸਿਰ ਕਰਜ਼ੇ ਦਾ ਅਨੁਮਾਨ 2,11,522 ਕਰੋੜ ਰੁਪਏ ਦਾ ਲਗਾਇਆ ਗਿਆ ਸੀ ਪ੍ਰੰਤੂ ਮੌਜੂਦਾ ਚਾਲੂ ਮਾਲੀ ਸਾਲ ਦੇ ਸੋਧੇ ਅਨੁਮਾਨਾਂ ਅਨੁਸਾਰ ਇਹ ਕਰਜ਼ਾ 31 ਮਾਰਚ ਤਕ 2,12,276 ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਉਪਰੋਕਤ ਬਜਟ ਦੇ ਅੰਕੜਿਆਂ ਅਨੁਸਾਰ ਪੰਜਾਬ ਸਿਰ ਕਰਜ਼ੇ ਦੀ ਰਕਮ ਵਿਚ 31 ਮਾਰਚ 2020 ਤਕ ਲਗਭਗ 18000 ਕਰੋੜ ਰੁਪਏ ਦਾ ਵਾਧਾ ਹੋਵੇਗਾ। ਪਿਛਲੇ ਸਾਲ ਵੀ ਕਰਜ਼ੇ ਦੀ ਰਕਮ ਵਿਚ 17,124 ਕਰੋੜ ਰੁਪਏ ਵਾਧਾ ਹੋਇਆ। 

ਪਿਛਲੇ ਦੋ ਸਾਲਾਂ ਵਿਚ ਕਰਜ਼ੇ ਦੀ ਰਕਮ ਵਿਚ 35 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ। ਇਸ ਸਾਲ ਬਜਟ ਵਿਚ ਕੋਈ ਨਵੇਂ ਟੈਕਸ ਨਹੀਂ ਲਗਾਏ ਗਏ ਅਤੇ ਨਾ ਹੀ ਕਰਜ਼ੇ ਅਤੇ ਬਜਟ ਦੇ ਮਾਲੀ ਘਾਟੇ ਨੂੰ ਘਟਾਉਣ ਲਈ ਕੋਈ ਨਵੇਂ ਸਾਧਨ ਜੁਟਾਏ ਗਏ ਹਨ। ਜਦ ਇਸ ਬਾਰੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੁਛਿਆ ਗਿਆ ਕਿ ਸਰਕਾਰ ਨੇ ਨਵੇਂ ਸਾਧਨ ਕੋਈ ਜੁਟਾਏ ਨਹੀਂ। ਪਿਛਲੇ ਸਾਲ ਵੀ 1500 ਕਰੋੜ ਰੁਪਏ ਦੇ ਨਵੇਂ ਸਾਧਨ ਜੁਟਾਉਣ ਦਾ ਵਾਅਦਾ ਬਜਟ ਵਿਚ ਕੀਤਾ ਗਿਆ ਸੀ ਪ੍ਰੰਤੂ ਇਕ ਪੈਸਾ ਵੀ ਇਨ੍ਹਾਂ ਸਾਧਨਾਂ ਤੋਂ ਉਪਲਬੱਧ ਨਹੀਂ ਹੋਇਆ।

ਉਨ੍ਹਾਂ ਦਸਿਆ ਕਿ ਪਿਛਲੇ 1500 ਕਰੋੜ ਦੇ ਸਾਧਨਾਂ ਦਾ ਜ਼ਿਕਰ ਇਸ ਲਈ ਕੀਤਾ ਗਿਆ ਕਿਉਂਕਿ ਵਿਸ਼ਵ ਬੈਂਕ ਨੇ ਪੰਜਾਬ ਦੀਆਂ ਪਾਣੀ ਆਦਿ ਦੀਆਂ ਸਕੀਮਾਂ ਲਈ ਕਰਜ਼ੇ ਨਾਲ ਸ਼ਰਤ ਰੱਖੀ ਸੀ ਕਿ ਸਰਕਾਰ ਨੂੰ ਅਪਣੇ ਕਰਾਂ ਵਿਚ ਵਾਧੇ ਲਈ ਕੋਈ ਨਵੇਂ ਸਾਧਨ ਜੁਟਾਉਣੇ ਹੋਣਗੇ। ਇਸ ਲਈ ਸ਼ਰਤ ਪੂਰੀ ਕਰਨ ਲਈ ਹੀ ਟੈਕਸਾਂ ਦਾ ਜ਼ਿਕਰ ਪਿਛਲੇ ਸਾਲ ਬਜਟ ਵਿਚ ਕੀਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਬਜਟ ਘਾਟੇ ਨੂੰ ਪੂਰਾ ਕਰਨ ਲਈ ਉਹ ਸਰਕਾਰ ਦੇ ਖ਼ਰਚੇ ਘਟਾਉਣਗੇ। ਇਸ ਤੋਂ ਇਲਾਵਾ ਜੀ.ਐਸ.ਟੀ. ਤੋਂ ਮਿਲਣ ਵਾਲੇ ਹਿੱਸੇ ਵਿਚ ਵੀ 14 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਵੇਗਾ। 

ਨਵੇਂ ਸਾਲ ਦੇ ਬਜਟ ਵਿਚ ਮੁਲਾਜ਼ਮਾਂ ਦੀਆਂ ਪਿਛਲੀਆਂ ਚਾਰ ਕਿਸ਼ਤਾਂ ਦਾ ਵੀ ਕਿਧਰੇ ਜ਼ਿਕਰ ਨਹੀਂ। ਨਵੇਂ ਸਾਲ ਦੇ ਬਜਟ ਵਿਚ ਸਾਰੇ ਕਰਾਂ ਤੋਂ ਹੋਣ ਵਾਲੀ ਕਮਾਈ 1,54, 170 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਖ਼ਜ਼ਾਨਾ ਮੰਤਰੀ ਨੇ ਅਪਣੇ ਬਜਟ ਭਾਸ਼ਣ ਵਿਚ ਕਿਹਾ ਕਿ ਸੋਧੇ ਅਨੁਮਾਨਾਂ ਅਨੁਸਾਰ ਚਾਲੂ ਮਾਲੀ ਸਾਲ ਸਰਕਾਰ ਦੇ ਖ਼ਰਚੇ ਰਕਮ 82318 ਕਰੋੜ ਰੁਪਏ ਰਹੇਗੀ ਜਦ ਕਿ 2019-20 'ਚ ਇਹ ਖ਼ਰਚਾ ਵਧ ਕੇ 90187 ਕਰੋੜ ਰੁਪਏ ਹੋਵੇਗਾ। ਤਨਖ਼ਾਹਾਂ ਅਤੇ ਸੈਕਸ਼ਨਾਂ ਦਾ ਖ਼ਰਚਾ 38854 ਕਰੋੜ ਰੁਪਏ ਤਕ ਹੋਣ ਦਾ ਅਨੁਮਾਨ ਹੈ।

ਖ਼ਜ਼ਾਨਾ ਮੰਤਰੀ ਨੇ ਅਪਣੇ ਭਾਸ਼ਣ 'ਚ ਦਸਿਆ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਮੂਲ ਅਤੇ ਵਿਆਜ ਦੀ ਕਿਸ਼ਤ 30309 ਕਰੋੜ ਰੁਪਏ ਸਾਲਾਨਾ ਹੋਵੇਗੀ। 
ਕਿਸਾਨਾਂ ਦੇ ਕਰਜ਼ੇ ਦੀ ਮਾਫ਼ੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ 5.83 ਲੱਖ ਛੋਟੇ ਕਿਸਾਨਾਂ ਦਾ 4736 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ ਅਤੇ ਅਗਲੇ ਸਾਲ ਕਰਜ਼ਾ ਮਾਫ਼ੀ ਅਤੇ ਆਤਮ ਹਤਿਆ ਕਰਨ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨੂੰ ਸਹਾਇਤਾ ਲਈ 3800 ਕਰੋੜ ਰੁਪਏ ਦਾ ਉਪਰਾਲਾ ਕੀਤਾ ਗਿਆ ਹੈ। ਕਿਸਾਨਾਂ ਦੀ ਬਿਜਲੀ ਮਾਫ਼ੀ ਦੀ ਸਕੀਮ ਪਹਿਲਾ ਦੀ ਤਰ੍ਹਾ ਹੀ ਜਾਰੀ ਰਹੇਗੀ। ਇਸ ਕੰਮ ਲਈ 8969 ਕਰੋੜ ਰੁਪਏ ਰਖੇ ਗਏ ਹਨ।

ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਨੂੰ ਅਮਲ 'ਚ ਲਿਆਉਣ ਲਈ ਬਜਟ ਵਿਚ 200 ਕਰੋੜ ਰੁਪਏ ਰਖੇ ਗਏ ਹਨ। ਭੂਮੀ ਸਿਹਤ ਕਾਰਡ ਯੋਜਨਾ ਅਧੀਨ 17.02 ਲੱਖ ਭੂਮੀ ਸਿਹਤ ਕਾਰਡ ਤਿਆਰ ਕੀਤੇ ਗਏ ਹਨ। ਕਿਸਾਨਾਂ ਦੀਆਂ ਜ਼ਮੀਨਾਂ ਦੀ ਮਿੱਟੀ ਦਾ ਨਿਰੀਖਣ ਕਰਨ ਬਾਅਦ ਕਿਸਾਨਾਂ ਨੂੰ ਵੰਡੇ ਗਏ। ਭੂਮੀ ਸਿਹਤ ਲਿਬਾਰਟਰੀਆਂ ਲਈ 5.50 ਕਰੋੜ ਦੀ ਰਕਮ ਰੱਖੀ ਗਈ ਹੈ। ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾਣ ਦੀ ਸਕੀਮ ਦਾ ਵੀ ਜ਼ਿਕਰ ਬਜਟ ਵਿਚ ਕੀਤਾ ਗਿਆ ਹੈ ਪੰ੍ਰਤੂ ਇਸ ਲਈ ਰਕਮ ਕੋਈ ਉਪਲਬੱਧ ਨਹੀਂ ਕਰਵਾਈ। ਸਿਰਫ਼ ਵਿਸ਼ਵ ਬੈਂਕ ਨਾਲ ਇਸ ਮੁੱਦੇ 'ਤੇ ਗੱਲਬਾਤ ਚਲਦੀ ਹੋਣ ਦਾ ਜ਼ਿਕਰ ਹੈ।

ਖੇਤੀਬਾੜੀ ਵਿਭਿੰਨਤਾ ਲਈ 60.49 ਕਰੋੜ ਰੁਪਏ ਰੱਖੇ ਹਨ। ਬਾਗ਼ਬਾਨੀ ਲਈ 10 ਕਰੋੜ, ਆਲੂ ਦੇ ਕਾਸ਼ਤਕਾਰਾਂ ਨੂੰ ਬੀਜ ਆਦਿ ਸਪਲਾਈ ਲਈ 2 ਕਰੋੜ ਰੁਪਏ, ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ ਦੀ ਵਿਕਰੀ ਲਈ 355 ਕਰੋੜ ਰੁਪਏ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਸਬੰਧੀ ਸਬਸਿਡੀ ਲਈ 264 ਕਰੋੜ ਰੁਪਏ ਰੱਖੇ ਹਨ। ਰਹਿੰਦ ਖੂੰਹਦ ਸੰਭਾਲਣ ਅਤੇ ਨਿਪਟਾਉਣ ਵਾਲੀ ਮਸ਼ੀਨਰੀ ਉਪਰ 50 ਤੋਂ 80 ਫ਼ੀ ਸਦੀ ਤਕ ਸਬਸਿਡੀ ਮਿਲੇਗੀ। ਮੱਛੀ ਪਾਲਣ ਅਤੇ ਡੇਅਰੀ ਵਿਕਾਸ ਲਈ ਬਜਟ ਵਿਚ 20 ਕਰੋੜ ਰੁਪਏ ਰੱਖੇ ਹਨ।

ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਦੁਧਾਰੂ ਪਸ਼ੂਆਂ ਦਾ ਦੁਧ ਵਧਾਉਣ ਲਈ ਫਰੋਜ਼ਨ ਵੀਰਜ ਸੀਮਨ ਸਟੇਸ਼ਨ ਨਾਭਾ ਨੂੰ ਇਸ ਪ੍ਰਾਜੈਕਟਾ ਲਈ 50 ਕਰੋੜ ਰੁਪਏ ਮਿਲਣਗੇ। ਦੁਧ ਦੀ ਪ੍ਰਾਸੈਸਿੰਗ ਅਤੇ ਪੈਕਿੰਗ ਕਰਨ ਲਈ ਬਸੀ ਪਠਾਣਾਂ ਵਿਖੇ ਲੱਗ ਰਹੇ 'ਵੇਰਕਾ ਮੈਗਾ ਡੇਅਰੀ ਪ੍ਰਾਜੈਕਟ' ਲਈ 62.13 ਕਰੋੜ ਰੁਪਏ ਰੱਖੇ ਗਏ ਹਲ। ਇਹ ਪ੍ਰਾਜੈਕਟ ਤਿੰਨ ਪੜਾਵਾਂ ਵਿਚ ਮੁਕੰਮਲ ਹੋਵੇਗਾ।

ਮੇਰਾ ਕੰਮ, ਮੇਰਾ ਮਾਣ ਸਕੀਮ 

ਜਿਸ ਤਰ੍ਹਾਂ ਮਨਰੇਗਾ ਸਕੀਮ ਅਧੀਨ ਪਿੰਡਾਂ ਵਿਚ ਕਾਮਿਆਂ ਨੂੰ ਇਸ ਸਕੀਮ ਅਧੀਨ ਕੰਮ ਦਿਤਾ ਜਾਂਦਾ ਹੈ। ਉਸੀ ਤਰ੍ਹਾਂ ਸ਼ਹਿਰਾਂ ਵਿਚ ਬੇਰੁਜ਼ਗਾਰ ਨੌਜਵਾਨਾਂ ਲਈ 'ਮੇਰਾ ਕੰਮ ਮੇਰਾ ਮਾਣ' ਸਕੀਮ ਆਰੰਭੀ ਜਾਵੇਗੀ। ਸ਼ਹਿਰਾਂ ਵਿਚ 18 ਤੋਂ 35 ਸਾਲ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਾਲ ਵਿਚ ਨਿਰਧਾਰਤ ਘੱਟੋ ਘੱਟ ਦਿਨਾਂ ਲਈ 'ਉਦਮ ਜ਼ਿਲ੍ਹਾ ਬਿਊਰੋ' ਰਾਹੀਂ ਰੋਜ਼ਗਾਰ ਦਿਤਾ ਜਾਵੇਗਾ। ਇਸ ਸਕੀਮ ਲਈ 90 ਕਰੋੜ ਰੁਪਏ ਰੱਖੇ ਗਏ ਹਨ। 

ਅਨੁਸੂਚਿਤ ਜਾਤੀਆਂ

ਅਨੁਸੂਚਿਤ ਜਾਤੀਆਂ ਦੀਆਂ ਭਲਾਈ ਸਕੀਮਾਂ ਲਈ 1228 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਆਦਿ ਲਈ 938.71 ਕਰੋੜ ਰੁਪਏ ਰੱਖੇ ਹਨ। ਵਿਆਹ ਮੌਕੇ ਸ਼ਗਨ ਸਕੀਮ ਆਦਿ ਲਈ ਵੀ ਇਕ ਸੌ ਕਰੋੜ ਰੁਪਏ ਦੀ ਰਕਮ ਰੱਖੀ ਹੈ।

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਲਈ 30 ਕਰੋੜ ਰੁਪਏ, 20 ਲੱਖ ਸਮਾਜਕ ਸੁਰੱਖਿਆ ਪੈਨਸ਼ਨ ਸਾਰੀਆਂ ਨੂੰ ਪੈਨਸ਼ਨ ਦੇਣ ਲਈ 2018-19 ਦੇ ਸਾਲ ਦੀ ਰਕਮ ਵਿਚ ਵਾਧਾ ਕਰ ਕੇ 2835.82 ਕਰੋੜ ਕੀਤਾ ਹੈ ਪ੍ਰੰਤੂ ਅਗਲੇ ਸਾਲ ਦਾ ਜ਼ਿਕਰ ਨਹੀਂ ਕੀਤਾ। 

ਬਾਲ ਵਿਕਾਸ ਸਕੀਮ

ਬਾਲ ਵਿਕਾਸ ਸਕੀਮ ਅਧੀਨ 12 ਲੱਖ ਬੱਚਿਆਂ, ਗਰਭਵਤੀਪ ਇਸਤਰੀਆਂ ਅਤੇ ਦੁਧ ਪਿਲਾਉਣ ਵਾਲੀਆਂ ਮਾਵਾਂ ਨੂੰ ਅਨੁਪੂਰਕ ਪੋਸ਼ਣ ਦੇਣ ਲਈ 736.99 ਕਰੋੜ ਰੁਪਏ ਰੱਖੇ ਗਏ ਹਨ। ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਬਿਰਧ ਆਸ਼ਰਮ ਬਣਾਉਣ ਲਈ 31.14 ਕਰੋੜ ਰੁਪਏ, ਗੁੰਗੇ ਅਤੇ ਬੋਲੇ ਬੱਚਿਆਂ ਲਈ ਸਕੂਲ ਆਦਿ ਦੀਆਂ ਸਹੂਲਤਾਂ ਵਾਸਤੇ 15 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ।

ਪੇਂਡੂ ਵਿਕਾਸ

ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ''ਸਮਾਰਟ ਪਿੰਡ ਮੁਹਿੰਮ'' ਲਈ 2600 ਕਰੋੜ ਰੁਪਏ ਮੁਹਈਆ ਕਰਵਾਏ ਹਨ। ਜੋ ਪੰਚਾਇਤਾਂ ਇਸ ਵਿਸ਼ੇ 'ਤੇ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਲਈ 5 ਕਰੋੜ ਰਾਖਵੇਂ ਰੱਖੇ ਹਨ।

ਮਨਰੇਗਾ ਸਕੀਮ

ਮਨਰੇਗਾ ਸਕੀਮ ਲਈ 500 ਕਰੋੜ ਰੁਪਏ, ਪਿੰਡ ਵਿਚ ਕੂੜੇ ਕਰਕਟ ਦੀ ਸੰਭਾਲ ਲਈ 3 ਕਰੋੜ, ਛਪਣਾਂ ਦੀ ਸਫ਼ਾਈ ਆਦਿ ਲਈ 50 ਕਰੋੜ ਰੁਪਏ, ਪੇਂਡੂ ਆਵਾਸ ਯੋਜਨਾ ਲਈ 20 ਕਰੋੜ ਰੁਪਏ ਰੱਖੇ ਹਨ। ਅਗਲੇ ਸਾਲ 2010 ਅੰਗਰੇਜ਼ੀ ਮਾਧਿਅਮ ਸਕੂਲ ਵਧਾਉਣ ਦੀ ਤਜਵੀਜ਼ ਹੈ ਪ੍ਰੰਤੂ ਇਸ ਲਈ ਫ਼ੰਡਾ ਦਾ ਜ਼ਿਕਰ ਨਹੀਂ ਕੀਤਾ। ਸਮਾਰਟ ਸਕੂਲ ਅਤੇ ਡਿਜੀਟਲ ਸਿਖਿਆ ਸਬੰਧੀ 25 ਕਰੋੜ ਰੁਪਏ, ਸਮਗਰ ਸ਼ਿਖਸ਼ਾ ਅਭਿਆਨ ਪ੍ਰੋਗਰਾਮ ਲਈ 750 ਕਰੋੜ ਰੁਪਏ, ਰਾਸ਼ਟਰੀ ਉਚਤਰ ਸ਼ਿਖਸ਼ਾ ਅਭਿਆਨ ਅਧੀਨ ਬੇਬੇ ਨਾਨਕੀ ਗਰਲਜ਼ ਕਾਲਜ ਸੁਲਤਾਨਪੁਰ ਲੋਧੀ ਲਈ 10 ਕਰੋੜ ਰੁਪਏ, ਭੁਰੋ, ਬਲੂਆਣਾ, ਧਰਮਕੋਟ, ਚੱਬੇਵਾਲ, ਦਸੂਹਾ,

ਸਮਰਾਲਾ, ਨਾਭਾ, ਐਸ.ਏ.ਐਸ. ਨਗਰ, ਮਲੋਟ ਅਤੇ ਖੇਮਕਰਨ ਵਿਖੇ ਨਵੇਂ ਕਾਲਜਾਂ ਦੇ ਨਿਰਮਾਣ ਲਈ 50 ਕਰੋੜ ਰੁਪਏ ਰੱਖੇ ਗਏ ਹਨ।
ਅੰਮ੍ਰਿਤਸਰ ਯੁਨੀਵਰਸਟੀ ਵਿਚ ਚਲਾਏ ਜਾਣ ਵਾਲੇ ਫ਼ੈਕਲਟੀ ਸੁਧਾਰ ਪ੍ਰੋਗਰਾਮ ਲਈ 7 ਕਰੋੜ, ਪਟਿਆਲਾ ਓਪਨ ਯੂਨੀਵਰਸਟੀ ਲਈ 5 ਕਰੋੜ, ਪੰਜਾਬੀ ਯੂਨੀਵਰਸਟੀ ਪਟਿਆਲਾ ਨੂੰ ਖੋਜ ਲਈ 50 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ, 15 ਨਵੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਲਈ 15 ਕਰੋੜ ਰੁਪਏ।

ਸਿਹਤ ਅਤੇ ਪ੍ਰਵਾਰ ਭਲਾਈ

ਸਿਹਤ ਅਤੇ ਪ੍ਰਵਾਰ ਭਲਾਈ ਲਈ 3465.06 ਕਰੋੜ ਰੁਪਏ ਰੱਖੇ ਗਏ ਹਲ। ਨੈਸ਼ਨਲ ਸਿਹਤ ਮਿਸ਼ਨ ਅਧੀਨ ਬੱਚਿਆਂ ਦੇ ਮੁਫ਼ਤ ਟੀਕਾਕਰਨ ਲਈ 978.12 ਕਰੋੜ। ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਸੁਧਾਰ ਲਈ 189.15 ਕਰੋੜ ਰੁਪਏ ਰੱਖੇ ਹਨ। ਮੋਹਾਲੀ ਵਿਚ ਸਥਾਪਤ ਹੋ ਰਹੇ ਮੈਡੀਕਲ ਕਾਲਜ ਲਈ 60 ਕਰੋੜ ਰੁਪਏ ਮੁਹਈਆ ਕਰਵਾਏ ਹਨ।

ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰਾਂ ਲਈ 86.33 ਕਰੋੜ ਰੁਪਏ, ਅਟਲ ਮਿਸ਼ਨ ਅਧੀਨ ਜਲ ਸਪਲਾਈ, ਸੀਵਰੇਜ, ਸ਼ਹਿਰੀ ਟਰਾਂਸਪੋਰਟ ਆਦਿ ਸਬੰਧੀ 700 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਯੋਜਨਾ ਲਈ 296 ਕਰੋੜ ਰੁਪਏ, ਸ਼ਹਿਰੀ ਵਾਤਾਵਰਣ ਸੁਧਾਰ ਲਈ 296 ਕਰੋੜ ਰੱਖੇ ਹਨ।

ਸੜਕਾਂ ਅਤੇ ਪੁਲ

ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਮੁਰੰਮਤ ਆਦਿ ਲਈ 1095 ਕਰੋੜ ਰੁਪਏ, ਪੇਂਡੂ ਸੜਕਾਂ ਦੀ ਚੌੜਾਈ ਅਤੇ ਮਜ਼ਬੂਤੀ ਲਈ ਨਾਬਾਰਡ ਸਕੀਮ ਅਧੀਨ 48 ਕਰੋੜ ਰੁਪਏ ਖ਼ਰਚ ਹੋਣਗੇ। ਪੇਂਡੂ ਸੜਕਾਂ ਦੀ ਮੁਰੰਮਤ ਲਈ 2000 ਕਰੋੜ ਰੁਪਏ, ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਰਿਹਾਇਸ਼ਾਂ ਦੀ ਮੁਰੰਮਤ ਲਈ 44 ਕਰੋੜ ਰੁਪਏ ਰੱਖੇ ਹਨ।

ਸਰਹੱਦੀ ਅਤੇ ਕੰਢੀ ਖੇਤਰ ਵਿਕਾਸ ਬੋਰਡ ਲਈ 100 ਕਰੋੜ ਰੁਪਏ ਰੱਖੇ ਗਏ। ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰਬੰਧਾਂ ਲਈ 1584.18 ਕਰੋੜ ਰੁਪਏ। 20 ਕਰੋੜ ਰੁਪਏ ਦੀ ਲਾਗਤ ਨਾਲ 193 ਪਿੰਡਾਂ ਵਿਚ ਆਰ.ਓ. ਪਲਾਂਟ ਲਗਾਏ ਜਾਣਗੇ। ਇਸੀ ਤਰ੍ਹਾਂ 50 ਹਜ਼ਾਰ ਦੀ ਆਬਾਦੀ ਲਈ 25 ਕਰੋੜ ਰੁਪਏ ਦੀ ਲਾਗਤ ਨਾਲ 5 ਮਿਲੀਅਨ ਲਿਟਰ ਪ੍ਰਤੀ ਦਿਨ ਖਾਰੇ ਪਾਣੀ ਨੂੰ ਸਾਫ਼ ਕਰਨ ਵਾਲਾ ਪਲਾਂਟ ਲੱਗੇਗਾ।

ਸ਼ਾਹਪੁਰ ਕੰਢੀ ਪ੍ਰਾਜੈਕਟ

ਸ਼ਾਹਪੁਰ ਕੰਢੀ ਪ੍ਰਾਜੈਕਟ ਲਈ 207 ਕਰੋੜ ਰੁਪਏ ਰੱਖੇ ਹਨ। ਰਾਜਸਥਾਨ ਫ਼ੀਡਰ ਅਤੇ ਸਰਹਿੰਦ ਫ਼ੀਡਰ ਨਹਿਰਾਂ ਲਈ ਕੇਂਦਰ ਸਰਕਾਰ ਨੇ ਕ੍ਰਮਵਾਰ 1305.27 ਕਰੋੜ ਅਤੇ 671.48 ਕਰੋੜ ਰੁਪਏ ਇਨ੍ਹਾਂ ਦੁਬਾਰਾ ਲਾਇਨਿੰਗ ਲਈ ਰੱਖੇ ਹਨ। ਪੰਜਾਬ ਸਰਕਾਰ ਨੇ 200 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਕੰਢੀ ਖੇਤਰ ਵਿਚ ਟਿਊਬਵੈੱਲਾਂ ਲਈ 18.12 ਕਰੋੜ, ਸੇਮ ਦੀ ਸਮੱਸਿਆ ਲਈ ਸੌ ਕਰੋੜ ਰੁਪਏ, ਬੁੱਢੇ ਨਾਲੇ ਦੀ ਸਫ਼ਾਈ ਲਈ 4.38 ਕਰੋੜ ਰੱਖੇ ਹਨ। ਅਨੰਦਪੁਰ ਸਾਹਿਬ ਦੇ ਖੇਤਰ ਵਿਚ ਲਿਫ਼ਟ ਸਿੰਚਾਈ ਸਕੀਮ ਲਈ 19 ਕਰੋੜ ਰੁਪਏ ਰੱਖੇ ਹਨ।

ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਪਿੰਡ ਬੇਬੇ ਨਾਨਕੀ ਵਿਰਾਸਤੀ ਅਜਾਇਬ ਘਰ, ਅੰਮ੍ਰਿਤਸਰ ਵਿਖੇ ਇੰਸਟੀਚਿਊਟ ਆਫ਼ ਧਰਮ ਅਧਿਐਨ। ਕਰਤਾਰਪੁਰ ਲਾਂਘੇ ਦਾ ਵੀ ਬਜਟ ਵਿਚ ਜ਼ਿਕਰ ਕੀਤਾ ਗਿਆ। ਡੇਰਾ ਬਾਬਾ ਨਾਨਕ ਅਥਾਰਿਟੀ ਲਈ 25 ਕਰੋੜ ਰੁਪਏ, 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ 300 ਕਰੋੜ ਰੁਪਏ ਰੱਖੇ ਗਏ ਹਨ।

ਪੰਜਾਬ ਵਿਚ ਪਟਰੌਲ-ਡੀਜ਼ਲ ਹੋਇਆ ਸਸਤਾ ਪਟਰੌਲ 5 ਤੇ ਡੀਜ਼ਲ 1 ਰੁਪਏ ਸਸਤਾ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿਚ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ  ਦਿੰਦਿਆਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ। ਸਰਕਾਰ ਨੇ ਬਜਟ ਵਿਚ ਪਟਰੌਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ ਕਰਨਾ ਦਾ ਫ਼ੈਸਲਾ ਲਿਆ ਹੈ। ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਹੋਰ ਅਹਿਮ ਫ਼ੈਸਲੇ ਲੈਂਦਿਆਂ ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ 'ਤੇ ਕੋਈ ਵੀ ਨਵਾਂ ਟੈਕਸ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਮਨਪ੍ਰੀਤ ਬਾਦਲ ਨੇ 1.58.493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ,

ਜਿਸ ਵਿਚ ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਲਈ 375 ਕਰੋੜ ਰੁਪਏ, ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਖ਼ੁਦਕੁਸ਼ੀ ਪੀੜਤ ਕਿਸਾਨੀ ਪਰਿਵਾਰਾਂ ਲਈ 3,000 ਕਰੋੜ, ਦਿਹਾਤੀ ਤੇ ਸ਼ਹਿਰੀ ਖੇਤਰਾਂ 'ਚ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਫੰਡਾਂ ਦੀ ਦਰ ਕ੍ਰਮਵਾਰ 36.08% ਤੇ 19.94% ਵਧਾਈ, ਵਿਦਿਆ ਤੇ ਸਿਹਤ ਖੇਤਰ ਵਿਚ 9.75 ਫ਼ੀਸਦੀ ਤੇ 10.87 ਫ਼ੀਸਦੀ ਦੇ ਹਿਸਾਬ ਨਾਲ ਫੰਡਾਂ ਦੀ ਅਲਾਟਮੈਂਟ ਕੀਤੀ ਜਾਵੇਗੀ।

ਸਿਖਿਆ

ਐਸਸੀ/ਬੀਸੀ ਸਿਖਿਆ ਵਿਕਾਸ ਲਈ ਵੱਖ-ਵੱਖ ਵਜ਼ੀਫ਼ਾ ਸਕੀਮਾਂ ਤਹਿਤ 938.71 ਕਰੋੜ ਰੁਪਏ, ਸਰਕਾਰ ਵਲੋਂ ਸੂਬੇ ਵਿਚ 15 ਨਵੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਦਾ ਐਲਾਨ, ਗੁਰਦਾਸਪੁਰ, ਪਠਾਨਕੋਟ ਅਤੇ ਸੰਗਰੂਰ 'ਚ ਸਥਾਪਤ ਕੀਤੇ ਜਾਣਗੇ ਨਵੇਂ ਮੈਡੀਕਲ ਕਾਲਜ, ਅਧਿਆਪਕਾਂ ਨੂੰ ਸਕਿਲ ਸੁਧਾਰਨ ਲਈ ਦਿਤੀ ਜਾਵੇਗੀ ਸਿਖਲਾਈ।

ਖੇਡਾਂ ਤੇ ਉਦਯੋਗ

ਖੇਡਾਂ ਵਿਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਦੇ ਸਨਮਾਨ ਲਈ 18 ਕਰੋੜ ਰੁਪਏ ਰੱਖੇ ਹਨ। ਇਸੇ ਤਰ੍ਹਾਂ ਸਟੇਡੀਅਮ ਦੇ ਵਿਕਾਸ ਲਈ 43 ਕਰੋੜ ਰੁਪਏ ਦੀ ਰਕਮ ਰੱਖੀ ਹੈ। ਪੰਜਾਬ ਦੇ ਉਦਯੋਗਾਂ ਨੂੰ ਬਿਜਲੀ ਬਿਲਾਂ ਵਿਚ ਰਿਆਇਤ ਦੇਣ ਲਈ 1513 ਕਰੋੜ ਰੁਪਏ ਰੱਖੇ ਹਨ। ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਦੀ ਯੋਜਨਾਬੰਧੀ ਲਈ 10 ਕਰੋੜ ਰੁਪਏ ਹਨ।

ਪੇਂਡੂ ਵਿਕਾਸ

ਪੇਂਡੂ ਵਿਕਾਸ ਲਈ ਵਿੱਤ ਮੰਤਰੀ ਵਲੋਂ 4109 ਕਰੋੜ ਰੁਪਏ ਦਾ ਐਲਾਨ, ਪੰਜਾਬ ਦੇ ਵਸਨੀਕਾਂ ਲਈ 100 ਨਵੀਆਂ ਸਾਧਾਰਣ ਬਸਾਂ ਚਲਾਈਆਂ ਜਾਣਗੀਆਂ, ਲਿੰਕ ਸੜਕਾਂ ਦੀ ਵਿਆਪਕ ਮੁਰੰਮਤ ਲਈ ਲਗਭਗ 2000 ਕਰੋੜ ਰੁਪਏ, ਰਿਆਇਤੀ ਬਿਜਲੀ ਸੂਬਾ ਸਰਕਾਰ ਖ਼ਰਚ ਕਰੇਗੀ 1513 ਕਰੋੜ ਰੁਪਏ, ਬਰਨਾਲਾ ਤੇ ਮਾਨਸਾ ਵਿਖੇ ਬਿਰਧ ਆਸ਼ਰਮਾਂ ਦੀ ਉਸਾਰੀ ਲਈ 31.14 ਕਰੋੜ ਰੁਪਏ।

ਕਿਸਾਨ

2019-20 ਵਿਚ ਕਿਸਾਨ ਕਰਜ਼ਮਾਫ਼ੀ ਲਈ 3000 ਕਰੋੜ ਦੀ ਤਜਵੀਜ਼, ਬੇਜ਼ਮੀਨੇ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ ਵੀ ਹੋਵੇਗਾ ਮਾਫ਼, ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 8969 ਕਰੋੜ ਦੀ ਤਜਵੀਜ਼, ਮਿੱਟੀ ਦੀ ਜਾਂਚ ਸਬੰਧੀ ਲੈਬੋਰੇਟਰੀਆਂ ਲਈ 5.50 ਕਰੋੜ ਰੁਪਏ, ਰਾਸ਼ਟਰੀ ਬਾਗ਼ਬਾਨੀ ਮਿਸ਼ਨ ਲਈ 60.49 ਕਰੋੜ ਦੀ ਤਜਵੀਜ਼, ਛੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਮੁਆਵਜ਼ੇ ਵਜੋਂ 19.47 ਕਰੋੜ।