ਉਮਰਾਨੰਗਲ ਪੁਖ਼ਤਾ ਸਬੂਤਾਂ, ਅਸਹਿਯੋਗ ਅਤੇ ਗੁਮਰਾਹ ਕਰਨ ਵਜੋਂ ਗ੍ਰਿਫ਼ਤਾਰ : ਕੁੰਵਰ ਵਿਜੇ ਪ੍ਰਤਾਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਤੂਬਰ 2015 ਦੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮੌਕੇ ਪੁਲਿਸ ਬਲ ਦੀ ਅਗਵਾਈ ਦੇ ਦੋਸ਼ਾਂ ਤਹਿਤ  ਆਈਜੀ ਪਰਮਰਾਜ ਸਿੰਘ ਉਮਰਾਨੰਗਲ (ਤਤਕਾਲੀ ਕਮਿਸ਼ਨਰ ਲੁਧਿਆਣਾ)....

IG Paramraj Umranangal

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਅਕਤੂਬਰ 2015 ਦੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮੌਕੇ ਪੁਲਿਸ ਬਲ ਦੀ ਅਗਵਾਈ ਦੇ ਦੋਸ਼ਾਂ ਤਹਿਤ  ਆਈਜੀ ਪਰਮਰਾਜ ਸਿੰਘ ਉਮਰਾਨੰਗਲ (ਤਤਕਾਲੀ ਕਮਿਸ਼ਨਰ ਲੁਧਿਆਣਾ)  ਨੂੰ ਅੱਜ ਪੰਜਾਬ ਪੁਲਿਸ ਦੀ  ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ 'ਸਪੋਕਸਮੈਨ ਟੀਵੀ' ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ ਜਿਸ ਦੀ ਜਾਂਚ ਪੰਜ ਮੈਂਬਰੀ ਗਠਤ ਐਸਆਈਟੀ ਕਰ ਰਹੀ ਸੀ।

ਤਫ਼ਤੀਸ਼ ਦੌਰਾਨ ਲਗਭਗ 200 ਵਿਅਕਤੀਆਂ ਦੇ ਬਿਆਨ ਲਏ ਗਏ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਪੁਲਿਸ ਮੁਲਾਜ਼ਮ ਉਥੇ ਡਿਊਟੀ 'ਤੇ ਗਏ ਸੀ ਉਨ੍ਹਾਂ ਦੇ ਵੀ ਬਿਆਨ ਲਏ ਗਏ।ਦੋ ਵਾਰੀ ਉਮਰਾਨੰਗਲ ਨੂੰ ਵੀ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਪਰ ਇਨ੍ਹਾਂ ਵਲੋਂ ਤਫ਼ਤੀਸ਼ ਦੇ ਵਿਚ ਸਹਿਯੋਗ ਨਹੀਂ ਦਿਤਾ ਗਿਆ। 
ਉਨ੍ਹਾਂ ਦਸਿਆ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਦੇ ਸਬੂਤ ਬਹੁਤ ਸਮਾਂ ਪਹਿਲਾਂ ਇਕੱਠੇ ਕਰ ਲਏ ਗਏ ਸਨ ਅਤੇ ਇਨ੍ਹਾਂ ਨੂੰ ਮੌਕਾ ਵੀ ਦਿਤਾ ਗਿਆ ਸੀ। ਪੁਛਗਿੱਛ ਲਈ ਵੀ ਬੁਲਾਇਆ ਗਿਆ ਸੀ ਪਰ ਉਸ ਸਮੇਂ ਵੀ ਸਹਿਯੋਗ ਨਹੀਂ ਦਿਤਾ ਗਿਆ ਸਗੋਂ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਹੋਈ ਉਦੋਂ ਬਹੁਤ ਸਾਰੇ ਸਬੂਤ ਸਾਹਮਣੇ ਆਏ। ਜਿਸ ਮਗਰੋਂ ਉਮਰਾਨੰਗਲ ਦੀ ਗ੍ਰਿਫ਼ਤਾਰੀ ਦਾ ਰਾਹ ਵੀ ਸਾਫ਼ ਹੁੰਦਾ ਗਿਆ। ਉਕਤ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਕਤ ਦੋਵਾਂ ਮੁਕਾਮਾਂ ਉਤੇ ਸ਼ਾਂਤਮਈ ਸੰਗਤ ਵਿਰੁਧ ਜਿਸ ਪ੍ਰਕਾਰ ਪੁਲਿਸ ਫ਼ੋਰਸ ਦੀ ਵਰਤੋਂ ਕੀਤੀ ਗਈ, ਉਹ ਗ਼ਲਤ ਸੀ ਅਤੇ ਉਮਰਾਨੰਗਲ ਉਸ ਮੌਕੇ ਪੁਲਿਸ ਫ਼ੋਰਸ ਦੀ ਅਗਵਾਈ ਕਰ ਰਹੇ ਸਨ। ਹੁਣ ਉਹਨਾਂ ਨੂੰ ਮੰਗਲਵਾਰ ਨੂੰ ਫ਼ਰੀਦਕੋਟ (ਜਿਥੇ ਘਟਨਾ ਵਾਪਰੀ) ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਮੰਗਿਆ ਜਵੇਗਾ।