ਕੈਪਟਨ ਨਾਲ ਮਿਲਣੀ ਬਾਅਦ ਪ੍ਰਗਟ ਸਿੰਘ ਦਾ ਇਕਸਾਫ਼ : 'ਪੁਰਾਣਾ' ਕੈਪਟਨ ਭਾਲਦੇ ਨੇ ਲੋਕ!
ਵਾਅਦੇ ਪੂਰੇ ਨਾ ਹੋਣ 'ਤੇ ਲੋਕ ਨਿਰਾਸ਼, ਅਫ਼ਸਰਸ਼ਾਹੀ ਦੀ ਲਗਾਮ ਕਸਣ ਦੀ ਮੁੱਖ ਮੰਤਰੀ ਨੂੰ ਦਿਤੀ ਸਲਾਹ
ਚੰਡੀਗੜ੍ਹ : ਅਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣ ਵਾਲੇ ਕਾਂਗਰਸੀ ਵਿਧਾਇਕ ਪ੍ਰਗਟ ਨੂੰ ਅਪਣੀ ਰਿਹਾਇਸ਼ 'ਤੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਵਿਚਾਰ ਸੁਣੇ। ਪ੍ਰਗਟ ਵਲੋਂ ਦੋ ਮਹੀਨੇ ਪਹਿਲਾਂ ਲਿਖੇ ਪੱਤਰ ਦੀ ਕਾਪੀ ਮੀਡੀਆ 'ਚ ਵਾਇਰਲ ਹੋਣ ਤੋਂ ਬਾਅਦ ਇਸ 'ਤੇ ਸਿਆਸੀ ਹਲਕਿਆਂ 'ਚ ਕਾਫ਼ੀ ਚਰਚਾ ਕਈ ਦਿਨਾਂ ਤੋਂ ਛਿੜੀ ਹੋਈ ਸੀ, ਜਿਸ ਦੇ ਚਲਦਿਆਂ ਮੁੱਖ ਮੰਤਰੀ ਨੇ ਪ੍ਰਗਟ ਨੂੰ ਗੱਲਬਾਤ ਲਈ ਅੱਜ ਸੱਦਿਆ ਸੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਪ੍ਰਗਟ ਦੇ ਤੇਵਰ ਨਹੀਂ ਬਦਲੇ ਤੇ ਉਨ੍ਹਾਂ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਤੋਂ ਬਾਹਰ ਆ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੁੜ ਸਵਾਲ ਚੁੱਕੇ। ਪ੍ਰਗਟ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਮੁੱਖ ਮੰਤਰੀ ਨੇ ਧਿਆਨ ਨਾਲ ਸੁਣੀਆਂ ਹਨ ਅਤੇ ਕਈ ਸਵਾਲਾਂ ਨਾਲ ਸਹਿਮਤੀ ਵੀ ਜਤਾਈ ਅਤੇ ਕੰਮਾਂ 'ਚ ਸੁਧਾਰਾਂ ਦਾ ਵੀ ਭਰੋਸਾ ਦਿਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਖੁਲ੍ਹ ਕੇ ਦਸਿਆ ਹੈ।
ਪ੍ਰਗਟ ਨੇ ਕਿਹਾ ਕਿ 1984 ਤੇ 2002 ਵਾਲਾ ਕੈਪਟਨ ਲੋਕ ਭਾਲਦੇ ਹਨ। ਇਸੇ ਕੈਪਟਨ ਦੇ ਨਾਂ 'ਤੇ ਸਾਨੂੰ ਲੋਕਾਂ ਨੇ 2017 'ਚ ਭਾਰੀ ਵੋਟਾਂ ਨਾਲ ਬੜੀਆਂ ਉਮੀਦਾਂ ਨਾਲ ਜਿਤਾਇਆ। ਅਪਣੇ ਪਿਛਲੇ ਕਾਰਜਕਾਲ ਸਮੇਂ ਰਾਜਨੀਤਕ ਭ੍ਰਿਸ਼ਟ ਲੋਕਾਂ ਨੂੰ ਜੇਲਾਂ 'ਚ ਦੇਣ, ਪਾਣੀਆਂ ਦਾ ਸਮਝੌਤਾ ਰੱਦ ਕਰਨ, 1984 'ਚ ਲਏ ਸਟੈਂਡ ਕਾਰਨ ਹੀ ਕੈਪਟਨ ਅਮਰਿੰਦਰ ਲੋਕਪ੍ਰਿਆ ਹੋਏ ਸਨ ਪਰ ਹੁਣ ਉਹ ਕੈਪਟਨ ਗਾਇਬ ਹੋਣ ਦਾ ਪ੍ਰਭਾਵ ਲੋਕਾਂ 'ਚ ਹੈ।
ਪ੍ਰਗਟ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਦਸਿਆ ਹੈ ਕਿ ਵਾਅਦੇ ਪੂਰੇ ਨਾ ਹੋਣ ਕਾਰਨ ਲੋਕ ਨਿਰਾਸ਼ ਹਨ ਅਤੇ ਹਾਲੇ ਵੀ ਸਮਾਂ ਹੈ ਕਿ ਸਰਕਾਰ ਦੇ ਕੰਮ 'ਚ ਸੁਧਾਰ ਕਰ ਕੇ ਵਾਅਦੇ ਪੂਰੇ ਕੀਤੇ ਜਾਣ। ਅਫ਼ਸਰਸ਼ਾਹੀ ਦੇ ਰਵਈਏ ਬਾਰੇ ਵੀ ਮੁੱਖ ਮੰਤਰੀ ਨੂੰ ਦਸਿਆ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ 'ਤੇ ਲਗਾਮ ਕਸਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਸੰਦੇਸ਼ ਦਿਤਾ ਜਾਵੇ ਕਿ ਇਹ ਕੰਮ ਹੋਣਾ ਹੈ ਅਤੇ ਇਹ ਨਹੀਂ ਹੋਣਾ।
ਬਿਕਰਮ ਮਜੀਠੀਆ ਵਲੋਂ ਪ੍ਰਗਟ ਦੇ ਪੱਤਰ 'ਤੇ ਪ੍ਰਤੀਕਿਰਿਆ 'ਚ ਇਹ ਕਹੇ ਜਾਣ ਕਿ ਉਸ ਵਿਚੋਂ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਹੈ, ਬਾਰੇ ਕਿਹਾ ਕਿ ਮੈਂ ਇਸ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ। ਜਿਹੜੇ ਬੰਦੇ ਨੇ ਖ਼ੁਦ ਪਤਾ ਨਹੀਂ ਕਿਹੜੇ-ਕਿਹੜੇ ਪੁੱਠੇ ਸਿੱਧੇ ਕੰਮ ਕੀਤੇ ਹੋਣ, ਉਸ ਬਾਰੇ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਕਿਉੁਂਕਿ ਲੋਕ ਸਭ ਜਾਣਦੇ ਹਨ।
ਪ੍ਰਗਟ ਨੇ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੱਧੂ ਮੇਰਾ ਵਧੀਆ ਦੋਸਤ ਹੈ ਅਤੇ ਸਾਡੇ ਸਬੰਧ 25 ਸਾਲਾਂ ਤੋਂ ਵਧ ਪੁਰਾਣੇ ਹਨ। ਪ੍ਰਗਟ ਨੇ ਕਿਹਾ ਕਿ ਮੈਂ ਗਰੁੱਪਾਂ ਤੋਂ ਉਪਰ ਉਠ ਕੇ ਪੰਜਾਬ ਦੀ ਭਲਾਈ ਲਈ ਸੋਚਦਾ ਹਾਂ ਅਤੇ ਮੁੱਖ ਮੰਤਰੀ ਤੋਂ ਉਮੀਦਾਂ ਵੀ ਹਨ, ਜਿਸ ਕਰ ਕੇ ਉਨ੍ਹਾਂ ਨੂੰ ਲਿਖਤੀ ਪੱਤਰ ਰਾਹੀਂ ਸੱਭ ਕੁੱਝ ਵਿਸਥਾਰ 'ਚ ਲਿਖਿਆ ਸੀ।