ਭਾਜਪਾ 'ਤੇ 'ਨਿਰਭਰਤਾ' ਘਟਾਉਣ ਦੇ ਰੌਂਅ 'ਚ ਸੁਖਬੀਰ ਬਾਦਲ: ਬਸਪਾ ਨਾਲ 'ਸਿਆਸੀ ਗਲਵਕੜੀ' ਦੇ ਚਰਚੇ!

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਨੇ ਅਪਣੇ ਇਕ ਵਾਰ ਦੇ ਪੁਰਾਣੇ ਭਾਈਵਾਲ ਵੱਲ ਮੁੜ ਮੁਹਾਰਾ ਮੋੜਣ ਦੀ ਖਿੱਚੀ ਤਿਆਰੀ

file photo

ਚੰਡੀਗੜ੍ਹ : ਭਾਜਪਾ ਵਲੋਂ ਵਾਰ ਵਾਰ ਦਿਤੇ ਗਏ ਸਿਆਸੀ ਝਟਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੋਸ਼ ਟਿਕਾਣੇ ਲਿਆ ਦਿਤੀ ਹੈ। ਦਿੱਲੀ ਵਿਚ ਲੱਗੇ ਵੱਡੇ ਸਿਆਸੀ ਝਟਕੇ ਤੋਂ ਬਾਅਦ ਭਾਵੇਂ ਹੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪਰੋਸਣ ਦੇ ਰਾਹ ਪਈ ਹੋਈ ਹੈ, ਪਰ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਭਾਜਪਾ 'ਤੇ ਨਿਰਭਰ ਹੋਣ ਦੇ ਮੂੜ ਵਿਚ ਨਹੀਂ ਹੈ।

ਸਿਆਸੀ ਗਲਿਆਰਿਆਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਬਸਪਾ ਨਾਲ ਹੱਥ ਮਿਲਾਉਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟੇਕ ਹੁਣ ਪੰਜਾਬ ਅੰਦਰਲੇ ਵੱਡੇ ਦਲਿਤ ਵੋਟ ਬੈਂਕ 'ਤੇ ਹੈ। ਭਾਜਪਾ ਜ਼ਰੀਏ ਉਸ ਨੂੰ ਹਿੰਦੂ ਵੋਟਾਂ ਦਾ ਹੋਣ ਵਾਲਾ ਫ਼ਾਇਦਾ ਹੁਣ ਬਸਪਾ ਨਾਲ ਗਾਟੀ ਪੈ ਜਾਣ ਦੀ ਸੂਰਤ 'ਚ ਦਲਿਤ ਵੋਟਾਂ ਤੋਂ ਪੂਰਾ ਹੁੰਦਾ ਦਿਸ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਲਈ ਇਹ ਕੋਈ ਨਵਾਂ ਰਸਤਾ ਵੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਸਾਲ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਸਪਾ ਨਾਲ ਰਲ ਕੇ ਚੋਣ ਮੈਦਾਨ ਅੰਦਰ ਕੁੱਦ ਚੁੱਕਾ ਹੈ। ਉਸ ਸਮੇਂ ਅਕਾਲੀ-ਬਸਪਾ ਗਠਜੋੜ ਨੇ 11 ਸੀਟਾਂ 'ਤੇ ਹੂਝਾਫੇਰੂ ਜਿੱਤ ਦਰਜ ਕੀਤੀ ਸੀ, ਜਿਸ ਵਿਚੋਂ 8 ਐਮਪੀ ਸ਼੍ਰੋਮਣੀ ਅਕਾਲੀ ਦਲ ਦੇ ਸਨ। ਉਸ ਸਮੇਂ ਬਸਪਾ ਦੇ ਤਿੰਨ ਐਮਪੀ ਜਿੱਤੇ ਸਨ ਜਿਨ੍ਹਾਂ ਵਿਚੋਂ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ, ਹਰਭਜਨ ਦਾਖਾ ਫਿਲੌਰ ਤੋਂ ਜਦਕਿ ਮੋਹਨ ਸਿੰਘ ਫਲੀਆਂਵਾਲਾ ਫਿਰੋਜ਼ਪੁਰ ਸੀਟ ਤੋਂ ਜੇਤੂ ਰਹੇ ਸਨ।

ਇਨ੍ਹਾਂ ਚੋਣਾਂ ਦੌਰਾਨ ਦੋ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਸਨ, ਜਿਨ੍ਹਾਂ 'ਚ ਗੁਰਦਾਸਪੁਰ ਸੀਟ ਤੋਂ ਸੁਖਵੰਤ ਕੌਰ ਭਿੰਡਰ ਜਦਕਿ ਅੰਮ੍ਰਿਤਸਰ ਸੀਟ ਤੋਂ ਸ੍ਰੀ ਰਘੁਨੰਦਨ ਭਾਟੀਆਂ ਜੇਤੂ ਰਹੇ ਸਨ। ਜਦਕਿ ਮੌਜੂਦਾ ਸਮੇਂ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਵਾਲੀ ਭਾਜਪਾ ਉਸ ਸਮੇਂ ਖ਼ਾਤਾ ਵੀ ਨਹੀਂ ਸੀ ਖੋਲ੍ਹ ਸਕੀ।

ਭਾਜਪਾ ਨੇ ਹਰਿਆਣਾ ਅਤੇ ਦਿੱਲੀ ਚੋਣਾਂ ਦੌਰਾਨ ਜਿਸ ਤਰ੍ਹਾਂ ਦੇ ਤੇਵਰ ਸ਼੍ਰੋਮਣੀ ਅਕਾਲੀ ਦਲ ਨੂੰ ਵਿਖਾਏ ਹਨ, ਉਸ ਨੂੰ ਵੇਖਦਿਆਂ ਅਕਾਲੀ ਦਲ ਹੁਣ ਭਾਜਪਾ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਵਿਚ ਆਉਣ ਦੇ ਰੌਂਅ ਵਿਚ ਨਹੀਂ ਹੈ। ਅਕਾਲੀ ਦਲ ਨੂੰ ਭਾਜਪਾ ਦੀ ਨੀਅਤ ਅਤੇ ਨੀਤੀ ਦਾ ਵੀ ਅੰਦਾਜ਼ਾ ਹੋ ਗਿਆ ਹੈ। ਜੇਕਰ ਦਿੱਲੀ ਚੋਣਾਂ 'ਚ ਭਾਜਪਾ ਦੀ ਵਾਪਸੀ ਹੋ ਜਾਂਦੀ ਤਾਂ ਉਹ ਪੰਜਾਬ ਅੰਦਰ ਸੀਟਾਂ ਦੀ ਵੰਡ ਵੇਲੇ ਅਕਾਲੀ ਦਲ ਨੂੰ ਖੂੰਝੇ ਲਾਉਣ ਤੋਂ ਗੁਰੇਜ਼ ਨਹੀਂ ਸੀ ਕਰਨਾ।

ਭਾਜਪਾ ਦੇ ਪੰਜਾਬ ਅੰਦਰਲੇ ਕੁੱਝ ਨੇਤਾ ਅਪਣੀ ਮਨਸ਼ਾ ਨੂੰ ਜ਼ਾਹਰ ਵੀ ਕਰ ਚੁੱਕੇ ਹਨ। ਪਿਛਲੇ ਦਿਨਾਂ ਦੌਰਾਨ ਕੁੱਝ ਭਾਜਪਾ ਆਗੂਆਂ ਵਲੋਂ ਪੰਜਾਬ ਅੰਦਰ 50 ਸੀਟਾਂ 'ਤੇ ਚੋਣ ਲੜਨ ਅਤੇ ਅਕਾਲੀ ਦਲ ਨਾਲ ਗਠਜੋੜ ਤੋੜਣ ਦੀਆਂ ਅਫ਼ਵਾਹਾਂ ਵੀ ਫੈਲਾਈਆਂ ਜਾ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਸ਼੍ਰੋ੍ਰਮਣੀ ਅਕਾਲੀ ਦਲ ਹੁਣ ਅੰਦਰਖਾਤੇ ਭਾਜਪਾ 'ਤੇ ਨਿਰਭਰਤਾ ਘਟਾਉਣ ਅਤੇ ਇਸ ਦਾ ਸਿਆਸੀ ਬਦਲ ਲੱਭਣ ਲਈ ਯਤਨਸ਼ੀਲ ਹੈ। ਇਹ ਬਦਲ ਉਨ੍ਹਾਂ ਨੂੰ ਬਸਪਾ ਦੇ ਰੂਪ ਵਿਚ ਮਿਲਦਾ ਵਿਖਾਈ ਦੇ ਰਿਹਾ ਹੈ, ਜਿਸ ਦੇ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਵੀ ਵਧੇਰੇ ਨਜ਼ਰ ਆ ਰਹੀਆਂ ਨੇ।