93 ਥਾਵਾਂ 'ਤੇ ਮੁੱਖ ਰੇਲ ਮਾਰਗ ਕਿਸਾਨਾਂ ਨੇ ਸੂਬੇ 'ਚ ਪਟੜੀਆਂ 'ਤੇ ਧਰਨੇ ਲਾ ਕੇ ਕਰ ਦਿਤੇ ਸਨ ਜਾਮ

ਏਜੰਸੀ

ਖ਼ਬਰਾਂ, ਪੰਜਾਬ

93 ਥਾਵਾਂ 'ਤੇ ਮੁੱਖ ਰੇਲ ਮਾਰਗ ਕਿਸਾਨਾਂ ਨੇ ਸੂਬੇ 'ਚ ਪਟੜੀਆਂ 'ਤੇ ਧਰਨੇ ਲਾ ਕੇ ਕਰ ਦਿਤੇ ਸਨ ਜਾਮ

image

ਚੰਡੀਗੜ੍ਹ, 18 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ, ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਤੇ 26 ਜਨਵਰੀ ਦੇ ਦਿੱਲੀ ਘਟਨਾਕ੍ਰਮ ਦੌਰਾਨ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ  ਲੈ ਕੇ 'ਰੇਲ ਰੋਕੋ' ਐਕਸ਼ਨ ਨੂੰ  ਪੰਜਾਬ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ | ਸੂਬੇ ਵਿਚ ਥਾਂ ਥਾਂ ਕਿਸਾਨਾਂ ਵਲੋਂ ਮੁੱਖ ਰੇਲ ਮਾਰਗ ਦੀਆਂ ਪਟੜੀਆਂ 'ਤੇ ਧਰਨੇ ਲਾ ਕੇ ਬੈਠ ਜਾਣ ਨਾਲ ਚਾਰ ਘੰਟੇ ਰੇਲਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਿਹਾ ਅਤੇ ਇਹ ਐਕਸ਼ਨ ਹਰ ਪਾਸੇ ਸ਼ਾਂਤਮਈ ਵੀ ਰਿਹਾ |
ਜਾਣਕਾਰੀ ਮੁਤਾਬਕ ਪੰਜਾਬ ਭਰ ਵਿਚ ਕਿਸਾਨਾਂ ਵਲੋਂ 93 ਥਾਵਾਂ ਉਪਰ ਰੇਲਾਂ ਰੋਕੀਆਂ ਗਈਆਂ ਤੇ ਪਟੜੀਆਂ 'ਤੇ ਧਰਨੇ ਦੇ ਕੇ ਖੇਤੀ ਕਾਨੂੰਨਾਂ ਵਿਰੁਧ ਰੋਸ ਦਰਜ ਕਰਵਾਇਆ ਗਿਆ | ਪੰਜਾਬ ਵਿਚ ਰੇਲ ਰੋਕੋ ਐਕਸ਼ਨ ਤਹਿਤ 32 ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਦੀ ਅਗਵਾਈ ਹੇਠ 40 ਥਾਵਾਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ 22 ਥਾਵਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ 31 ਥਾਵਾਂ 'ਤੇ ਰੇਲਾਂ ਦਾ ਪਹੀਆ ਜਾਮ ਕਰਨ ਲਈ ਧਰਨੇ ਲਾਏ ਗਏ | ਪੰਜਾਬ ਵਿਚ ਰੇਲ ਰੋਕੋ ਪ੍ਰੋਗਰਾਮ ਅੰਮਿ੍ਤਸਰ-ਦਿੱਲੀ, ਅੰਮਿ੍ਤਸਰ-ਜੰਮੂ, ਹੁਸ਼ਿਆਰਪੁਰ-ਜਲੰਧਰ ਜੰਮੂ, ਬਠਿੰਡਾ-ਪਟਿਆਲਾ, ਬਠਿੰਡਾ-ਅੰਬਾਲਾ, ਮਾਨਸਾ-ਜਾਖਲ, ਬਠਿੰਡਾ-ਗੰਗਾਨਗਰ, ਬਠਿੰਡਾ-ਹਨੂੰਮਾਨਗੜ੍ਹ-ਬੀਕਾਨੇਰ ਰੇਲ ਮਾਰਗਾਂ ਤੇ ਥਾਂ ਥਾਂ ਕਿਸਾਨਾਂ ਦੇ ਧਰਨਿਆਂ ਕਾਰਨ ਕੋਈ ਰੇਲ ਗੱਡੀ ਨਾ ਚਲ ਸਕੀ | ਜੋ ਕੁੱਝ ਐਕਸਪ੍ਰੈਸ ਗੱਡੀਆਂ ਸਵੇਰੇ ਚਲੀਆਂ ਸਨ, ਉਹ 12 ਵਜੇ ਬਾਅਦ ਵੱਖ ਵੱਖ ਸਟੇਸ਼ਨਾਂ 'ਤੇ ਰਸਤਿਆਂ ਵਿਚ ਹੀ ਰੁਕ ਗਈਆਂ ਤੇ ਸ਼ਾਮ 4 ਵਜੇ ਬਾਅਦ ਹੀ ਪੰਜਾਬ ਵਿਚੋਂ ਰੇਲ ਸੇਵਾ ਬਹਾਲ ਹੋ ਸਕੀ |