ਨਨਕਾਣਾ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ’ਤੇ ਲਗਾਈ ਪਾਬੰਦੀ ਸਿੱਖਾਂ ’ਤੇ ਵੱਡਾ ਹਮਲਾ: ਪੰਜੋ

ਏਜੰਸੀ

ਖ਼ਬਰਾਂ, ਪੰਜਾਬ

ਨਨਕਾਣਾ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ’ਤੇ ਲਗਾਈ ਪਾਬੰਦੀ ਸਿੱਖਾਂ ’ਤੇ ਵੱਡਾ ਹਮਲਾ: ਪੰਜੋਲੀ

image

ਭਾਰਤ ’ਚ ਘੱਟ ਗਿਣਤੀਆਂ ਨੂੰ ਕਰਵਾਇਆ ਜਾ ਰਿਹੈ ਗ਼ੁਲਾਮੀ ਦਾ ਅਹਿਸਾਸ
 

ਫ਼ਤਹਿਗੜ੍ਹ ਸਾਹਿਬ, 18 ਫ਼ਰਵਰੀ (ਸਵਰਨਜੀਤ ਸਿੰਘ ਸੇਠੀ): ਭਾਰਤ ਸਰਕਾਰ ਵਲੋਂ ਨਨਕਾਣਾ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ’ਤੇ ਬਿਨਾਂ ਕਿਸੇ ਕਾਰਨ ਲਗਾਈ ਗਈ ਪਾਬੰਦੀ ਸਿੱਖ ਧਰਮ ’ਤੇ ਇਕ ਵੱਡਾ ਹਮਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿਚ ਜਾਣ ਸਮੇਂ ਮਹਿਮਾਨਾਂ ਦੀ ਸੁਰੱਖਿਆ ਬੜੀ ਮਜ਼ਬੂਤੀ ਨਾਲ ਪਾਕਿਸਤਾਨ ਸਰਕਾਰ ਹਮੇਸ਼ਾ ਹੀ ਕਰਦੀ ਰਹੀ ਹੈ। 1947 ਤੋਂ ਲੈ ਕੇ ਅੱਜ ਤਕ ਪਾਕਿਸਤਾਨ ਗਏ ਸ਼ਰਧਾਲੂਆਂ ’ਤੇ ਕਿਸੇ ਵੀ ਤਰ੍ਹਾਂ ਦਾ ਕਦੇ ਵੀ ਕੋਈ ਹਮਲਾ ਨਹੀਂ ਹੋਇਆ।
ਭਾਰਤ ਸਰਕਾਰ ਦਾ ਇਹ ਕਹਿਣਾ ਕਿ ਸ਼ਰਧਾਲੂਆਂ ਦੀ ਜਾਨ ਨੂੰ ਖ਼ਤਰਾ ਹੈ ਜਿਸ ਕਰ ਕੇ ਜਥਾ ਨਹੀਂ ਜਾ ਸਕਦਾ, ਇਹ ਬਿਲਕੁਲ ਬੇਬੁਨਿਆਦ ਗੱਲਾਂ ਹਨ। ਉਨ੍ਹਾਂ ਕਿਹਾ ਕਿ ਇਹ ਕਹਿਣਾ ਵੀ ਬਿਲਕੁਲ ਗ਼ਲਤ ਹੈ ਕਿ ਇਹ ਪਾਬੰਦੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਕਾਰਨ ਲਗਾਈ ਗਈ ਹੈ। ਪੰਜੋਲੀ ਨੇ ਕਿਹਾ ਕਿ ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਕਾਰਨ ਪਾਬੰਦੀ ਲਗਾਈ ਹੈ ਕਿ ਜਦਕਿ ਦੂਸਰੇ ਪਾਸੇ ਖ਼ੁਦ ਭਾਰਤ ਸਰਕਾਰ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕਰ ਰਹੀ ਹੈ ਉਸ ਸਮੇਂ ਕੋਰੋਨਾ ਕਿਥੇ ਚਲਾ ਜਾਂਦਾ ਹੈ? ਅਸਲ ਸੱਚਾਈ ਇਹ ਹੈ ਕਿ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਘੱਟ ਗਿਣਤੀਆਂ ਪ੍ਰਤੀ ਇਹੋ ਜਿਹੇ ਫ਼ੈਸਲੇ ਲੈ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਤੇ ਘੱਟ ਗਿਣਤੀ ਕੌਮਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾ ਰਹੀ ਹੈ।
ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਕ ਲਿਖਤੀ ਪੱਤਰ ਰਾਹੀਂ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵਲੋਂ ਵਾਰ-ਵਾਰ ਸਿੱਖਾਂ ’ਤੇ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਵਰਲਡ ਸਿੱਖ ਕਨਵੈਨਸ਼ਨ ਸੱਦ ਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜਥਿਆਂ, ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਗੁਰਦੁਆਰਾ ਧੋਬੜੀ ਸਾਹਿਬ, ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਦੁਆਰੇ ਸਾਹਿਬਾਨ, ਸਿੱਖਾਂ ਦੀ ਅੱਡਰੀ ਆਜ਼ਾਦ ਅਤੇ ਨਿਆਰੀ ਹਸਤੀ ’ਤੇ ਕੀਤੇ ਜਾ ਰਹੇ ਹਮਲਿਆਂ ਅਤੇ ਮੌਜੂਦਾ ਕਿਸਾਨੀ ਸੰਘਰਸ਼ ਸਬੰਧੀ ਠੋਸ ਫ਼ੈਸਲੇ ਲਏ ਜਾ ਸਕਣ।