ਚੰਡੀਗੜ੍ਹ ਵਿਚ ਵੀ ਹੋਵੇਗੀ ਕਿਸਾਨਾਂ ਦੀ ਮਹਾਂ ਪੰਚਾਇਤ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ਵਿਚ ਵੀ ਹੋਵੇਗੀ ਕਿਸਾਨਾਂ ਦੀ ਮਹਾਂ ਪੰਚਾਇਤ

image

ਉਗਰਾਹਾਂ, ਚੜੂਨੀ ਤੇ ਰੁਲਦੂ ਸਿੰਘ ਮਾਨਸਾ ਲੈਣਗੇ ਹਿੱਸਾ

ਚੰਡੀਗੜ੍ਹ, 18 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਸੰਘਰਸ਼ ਨੂੰ  ਲੈ ਕੇ ਚੰਡੀਗੜ੍ਹ ਵਿਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਜਿਥੇ ਵਿਦਿਆਰਥੀ ਅਤੇ ਆਮ ਲੋਕ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਚੌਕਾਂ ਅਤੇ ਟਰੈਫ਼ਿਕ ਲਾਈਟਾਂ 'ਤੇ ਸ਼ਾਮ ਵੇਲੇ ਮੋਮਬੱਤੀ ਮਾਰਚ ਅਤੇ ਨਾਹਰੇਬਾਜ਼ੀ ਕਰ ਰਹੇ ਹਨ, ਉਥੇ ਵੀਰਵਾਰ ਨੁੂੰ ਚੰਡੀਗੜ੍ਹ ਅਤੇ ਇਸ ਦੇ ਲਾਗਲੇ ਪਿੰਡਾਂ ਦੇ ਵਸਨੀਕਾਂ ਅਤੇ ਕਿਸਾਨ ਪ੍ਰੇਮੀਆਂ ਨੇ ਰੇਲ ਰੋਕੋ ਦੇ ਸੱਦੇ ਨੂੰ  ਵੀ ਭਰਵਾਂ ਹੁੰਗਾਰਾ ਦਿਤਾ | 
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜ਼ੀਰਕਪੁਰ ਵਲ ਬਲਟਾਨਾ ਵਿਖੇ ਫ਼ਾਟਕ ਨੇੜੇ ਕਿਸਾਨਾਂ ਅਤੇ ਮਹਿਲਾਵਾਂ ਤੋਂ ਇਲਾਵਾ ਬੱਚਿਆਂ ਨੇ ਰੇਲ ਪਟੜੀ ਜਾਮ ਕੀਤੀ ਤੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ | ਇਸ ਦੌਰਾਨ ਕੇਂਦਰ ਸਰਕਾਰ ਵਿਰੋਧੀ ਨਾਹਰੇਬਾਜੀ ਵੀ ਕੀਤੀ ਗਈ | ਚੰਡੀਗੜ੍ਹ ਖੇਤਰ ਵਿਚ ਕਿਸਾਨੀ ਅੰਦੋਲਨ ਤੇਜ਼ੀ ਫੜ ਰਿਹਾ ਹੈ | ਸਥਾਨਕ ਨੌਜਵਾਨ ਕਿਸਾਨ ਏਕਤਾ ਵਲੋਂ ਸਨਿਚਰਵਾਰ ਨੂੰ  ਸੈਕਟਰ-25 ਵਿਖੇ ਕਿਸਾਨ ਮਹਾਂ ਪੰਚਾਇਤ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਪਰਮਿੰਦਰ ਸਿੰਘ ਧਨਾਸ, ਕਿਰਪਾਲ ਸਿੰਘ ਤੇ ਪ੍ਰਤੀਕ ਮਾਨ ਮੁਤਾਬਕ ਇਸ ਮਹਾਂ ਪੰਚਾਇਤ ਨੂੰ  ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਗੁਰਨਾਮ ਸਿੰਘ ਚੜੂਨੀ ਤੇ ਰੁਲਦੂ ਸਿੰਘ ਮਾਨਸਾ ਸੰਬੋਧਨ ਕਰਨਗੇ | ਇਹ ਮਹਾਂ ਪੰਚਾਇਤ ਸੈਕਟਰ-25 ਦੇ ਰੈਲੀ ਗਰਾਉਂਡ ਵਿਖੇ ਹੋਵੇਗੀ ਤੇ ਇਸ ਨੂੰ  ਚੰਡੀਗੜ੍ਹ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਚੰਡੀਗੜ੍ਹ, ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦੁਆਰਾ ਸਥਾਪਨਾ ਕਮੇਟੀ ਤੇ ਲੋਕ ਭਲਾਈ ਸੰਸਥਾ ਦਾ ਸਹਿਯੋਗ ਪ੍ਰਾਪਤ ਹੈ | ਚੰਡੀਗੜ੍ਹ ਪੰਜਾਬੀ ਮੰਚ ਦੇ ਸੁਖਜੀਤ ਸਿੰਘ ਮੁਤਾਬਕ ਉਨ੍ਹਾਂ ਦੀ ਜਥੇਬੰਦੀ ਵਲੋਂ ਵੀ ਮਹਾਂ ਪੰਚਾਇਤ ਦੀ ਹਮਾਇਤ ਕੀਤੀ ਜਾਵੇਗੀ | ਸੁਖਜੀਤ ਸਿੰਘ ਮੁਤਾਬਕ ਉਨ੍ਹਾਂ ਦੀ ਸੰਸਥਾ ਵਲੋਂ ਧਰਤ ਮਾਤਾ ਅਤੇ ਮਾਂ ਬੋਲੀ ਨੂੰ  ਬਚਾਉਣ ਲਈ ਸਨਿਚਰਵਾਰ ਨੂੰ  ਹੀ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ-30 ਤੋਂ ਇਕ ਰੋਸ ਮਾਰਚ ਵੀ ਕਢਿਆ ਜਾਵੇਗਾ ਤੇ ਇਹ ਮਾਰਚ ਸੈਕਟਰ-22 ਗੁਰਦਵਾਰਾ ਤਕ ਆਏਗਾ | ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਅਤੇ ਜੋਗਿੰਦਰ ਸਿੰਘ ਉਗਰਾਹਾਂ ਵੀ ਸ਼ਾਮਲ ਹੋਣਗੇ ਤੇ ਉਪਰੰਤ ਸਾਰੇ ਸੈਕਟਰ-25 ਰੈਲੀ ਗਰਾਊਾਡ ਵਿਖੇ ਮਹਾਂ ਪੰਚਾਇਤ ਵਿਚ ਹਿੱਸਾ ਲੈਣਗੇ |