ਇਸ ਵਾਰ ਵੋਟ ਆਪਣੇ ਪੋਤਿਆਂ ਤੇ ਬੱਚਿਆਂ ਦਾ ਮੂੰਹ ਦੇਖ ਕੇ ਪਾਇਓ ਨਾ ਕੇ ਡੇਰਿਆਂ 'ਤੇ ਬੈਠੇ ਬਾਬਿਆਂ ਵੱਲ -  ਰਣਜੀਤ ਸਿੰਘ ਢੱਡਰੀਆਂਵਾਲੇ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਚ ਸਮਝ ਕੇ 20 ਫਰਵਰੀ ਨੂੰ ਵੋਟਾਂ ਪਾਉਣੀਆਂ ਹਨ, ਕਿਸੇ ਸਾਧ-ਬਾਬੇ ਦੇ, ਸੰਤ ਦੇ, ਡੇਰੇ ਵਾਲਿਆਂ ਦੇ ਮੂੰਹ ਨਹੀਂ ਵੇਖਣੇ।

Bhai Ranjit Singh Dhadrian wale

 

ਚੰਡੀਗੜ੍ਹ -ਭਲਕੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਿਸੀ ਲੀਡਰਾਂ ਨੇ ਅਪਣੀ ਤਾਕਚ ਪ੍ਰਚਾਰ ਕਰ ਕੇ ਦਿਖਾ ਦਿੱਤੀ ਹੈ ਤੇ ਹੁਣ ਵੋਟਰਾਂ ਦੀ ਵਾਰੀ ਹੈ ਕਿ ਉਹਨਾਂ ਨੇ ਕਿਸ ਨੂੰ ਜਿਤਾਉਣਾ ਹੈ। ਵੋਟਾਂ ਤੋਂ ਇੱਕ ਦਿਨ ਪਹਿਲਾਂ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਨੂੰ ਲੈ ਕੇ ਇਕ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਮੂੰਹ ਵੇਖ ਕੇ ਵੋਟ ਪਾਇਓ ਨਾ ਕਿ ਕਿਸੇ ਬਾਬੇ ਤੇ ਡੇਰੇ ਵੱਲ। ਉਹਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਅਦਿਆਂ ਤੇ ਰੈਲੀਆਂ ਦੇ ਦੌਰ ਚੱਲ ਰਹੇ ਹਨ ਤੇ ਪੰਜਾਬ ਨੂੰ ਕੈਲੀਫੋਰਨੀਆਂ ਬਣਾਉਣ ਦੀ ਗੱਲ ਹੋ ਰਹੀ ਹੈ। ਉਹਨਾਂ ਕਿਹਾ ਕਿ ਮੈਂ ਲਾਈਵ ਇਸ ਕਰ ਕੇ ਨਹੀਂ ਹੋਇਆ ਕਿ ਤੁਹਾਨੂੰ ਕਿਸੇ ਇਕ ਬੰਦੇ ਨੂੰ ਵੋਟ ਪਾਉਣ ਲਈ ਕਹਾ।

ਫੈਸਲਾ ਤਾਂ ਲੋਕਾਂ ਨੇ ਕਰਨਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਸੰਤ ਸਮਾਜ ਨੇ ਕਿਸੇ ਇਕ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ ਤੇ ਸਰਕਾਰੀ ਇਹ ਮੈਨੂੰ ਇਹ ਕਹਿ ਰਹੇ ਨੇ। ਉਹਨਾਂ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਵਾਰ ਕੋਈ ਵੀ ਕਿਸੇ ਬਾਬੇ ਜਾਂ ਕਿਸੇ ਹੋਰ ਦੇ ਕਹੇ ਵੋਟ ਨਾ ਪਾਇਓ ਸੋਚ ਸਮਝ ਕੇ ਵੋਟ ਪਾਇਓ ਕਿਉਂਕਿ ਵੋਟ ਤੁਸੀਂ ਪਾਉਣੀ ਹੈ ਤੇ ਕੰਮ ਉਹ ਕਢਵਾ ਕੇ ਲੈ ਜਾਂਦੇ ਨੇ ਜੋ ਤੁਹਾਨੂੰ ਵੋਟ ਪਾਉਣ ਲਈ ਕਹਿੰਦੇ ਹਨ। ਉਹਨਾਂ ਕਿਹਾ ਕਿ ਤੁਸੀਂ ਹਮੇਸ਼ਾ ਇਕ ਬੰਦੇ ਨੂੰ ਵੋਟ ਨਾ ਪਾਓ ਕਿਉਂਕਿ ਤੁਸੀਂ ਹਮੇਸ਼ਾ ਇਕ ਬੰਦੇ ਨੂੰ ਹੀ ਜਿਤਾਉਂਦੇ ਰਹਿੰਦੇ ਹੋ ਤੇ ਉਹ ਫਿਰ ਜਿੱਤ ਕੇ ਤੁਹਾਡੇ ਕੰਮ ਵੀ ਨਹੀਂ ਕਰਦਾ ਬਿਹਤਰ ਹੈ ਕਿ ਹਰ ਕਿਸੇ ਨੂੰ ਵੋਟ ਪਾਓ ਕਿਸੇ ਚੰਗੇ ਬੰਦੇ ਨੂੰ ਵੀ ਮੌਕਾ ਦਿਓ ਕਿਉਂਕਿ ਜੇ ਤੁਸੀਂ ਹਮੇਸ਼ਾ ਹੀ ਮਾੜੇ ਬੰਦੇ ਨੂੰ ਮੌਕਾ ਦਿੰਦੇ ਰਹੋਗੇ ਤਾਂ ਚੰਗਾ ਬੰਦਾ ਆਪ ਹੀ ਪਿੱਛੇ ਹਟ ਜਾਂਦਾ ਹੈ। 

ਸੰਤ ਢੱਡਰੀਆਂਵਾਲੇ ਨੇ ਕਿਹਾ ਕਿ ਪੰਜਾਬ ਵਿਚ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ। ਇਸ ਲਈ ਭਲਕੇ ਵੋਟਾਂ ਵਾਲੇ ਦਿਨ ਕਾਹਲੀ ਨਾਲ ਨਹੀਂ, ਸਗੋਂ ਠੰਡੇ ਦਿਮਾਗ ਨਾਲ ਸੋਚ-ਸਮਝ ਕੇ ਬਟਨ ਨੱਪਣਾ ਹੈ। ਜਿਹੜਾ ਵੀ ਫੈਸਲਾ ਕਰਨਾ ਹੈ ਕਿਸੇ ਦੇ ਦਬਾਅ ਵਿਚ ਆ ਕੇ ਨਹੀਂ ਕਰਨਾ। ਕਿਸੇ ਸਰਪੰਚ, ਪੰਚ ਦਾ, ਸਾਧ ਦਾ, ਬਾਬੇ ਦਾ ਤੁਹਾਨੂੰ ਕਿਸੇ ਦਾ ਮੂੰਹ ਨਹੀਂ ਦਿੱਸਣਾ ਚਾਹੀਦਾ, ਤੁਹਾਨੂੰ ਸਿਰਫ਼ ਆਪਣੇ ਬੱਚਿਆਂ ਦਾ ਮੂੰਹ ਦਿਸਣਾ ਚਾਹੀਦਾ ਹੈ। ਤੁਹਾਨੂੰ ਤੁਹਾਡੇ ਬੱਚਿਆਂ ਦਾ ਵਾਸਤਾ ਹੈ।
ਇਹ ਲੋਕ ਤਾਂ ਕਈ ਗੈਂਗਸਟਰ ਪੈਦਾ ਕਰ ਦਿੰਦੇ ਹਨ।

ਆਪੇ ਗੈਂਗਸਟਰ ਪੈਦਾ ਕਰਦੇ ਨੇ, ਆਪੇ ਫਿਰ ਮਾਰਦੇ ਨੇ। ਇਨ੍ਹਾਂ ਨੂੰ ਬੰਦੇ ਨਾਲ ਪਿਆਰ ਨਹੀਂ ਹੁੰਦਾ। ਉਨ੍ਹਾਂ ਦੀਪ ਸਿੱਧੂ ਦੀ ਮੌਤ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਜਿਹੜੇ ਲੀਡਰ ਨੇ ਕੁਰੱਪਟ ਲੋਕ ਨੇ ਇਨ੍ਹਾਂ ਨੂੰ ਕੋਈ ਪਿਆਰਾ ਨਹੀਂ, ਇਨ੍ਹਾਂ ਲੋਕਾਂ ਨੂੰ ਕਿਸੇ ਦੀ ਜਾਨ ਨਾਲ ਪਿਆਰ ਨਹੀਂ ਹੈ, ਇਨ੍ਹਾਂ ਨੂੰ ਸਿਰਫ਼ ਆਪਣੀ ਕੁਰਸੀ ਨਾਲ ਪਿਆਰ ਹੈ। ਇਸ ਲਈ ਬਹੁਤ ਹੀ ਸੋਚ ਸਮਝ ਕੇ 20 ਫਰਵਰੀ ਨੂੰ ਵੋਟਾਂ ਪਾਉਣੀਆਂ ਹਨ, ਕਿਸੇ ਸਾਧ-ਬਾਬੇ ਦੇ, ਸੰਤ ਦੇ, ਡੇਰੇ ਵਾਲਿਆਂ ਦੇ ਮੂੰਹ ਨਹੀਂ ਵੇਖਣੇ।

ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕਿਹਾ ਕਿ ਸਭ ਕਹਿ ਦਿੰਦੇ ਨੇ ਕਿ ਅਸੀਂ ਪੰਜਾਬ ਲਈ ਇਹ ਕਰਨ ਆਏ ਹਾਂ, ਸਿੱਖਿਆ ਦੇਣ ਆਏ ਹਾਂ, ਅਸੀਂ ਪੰਜਾਬ ਨੂੰ ਸਵਾਰਨ ਆਏ ਹਾਂ ਤੇ ਸਾਡੇ ਵਰਗੇ ਪ੍ਰਚਾਰਕ ਵੀ ਸਿੱਖੀ ਦਾ ਗਿਆਨ ਦਿੰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਸਿੱਖੀ ਬਚਾਉਣ ਆਏ ਹਾਂ ਪਰ ਸਿੱਖੀ ਦੇ ਨਾਮ 'ਤੇ ਅਪਣਾ ਘਰ ਭਰ ਲੈਂਦੇ ਨੇ, ਸਿੱਖੀ ਦੇ ਨਾਮ 'ਤੇ ਆਪ ਕਮਾ ਲੈਂਦੇ ਨੇ ਤੇ ਦੂਜੇ ਦੇਖਦੇ ਰਹਿ ਜਾਂਦੇ ਨੇ। ਉਹਨਾਂ ਕਿਹਾ ਕਿ ਪ੍ਰਚਾਰਕਾਂ ਦੀ ਸਿੱਖੀ ਨੂੰ ਦੇਣ ਨਹੀਂ ਹੈ ਸਗੋਂ ਸਿੱਖੀ ਦੀ ਪ੍ਰਚਾਰਕਾਂ ਨੂੰ ਦੇਣ ਹੈ ਤੇ ਇਹ ਗੱਲ ਪੰਜਾਬ ਦੀ ਕਰਦੇ ਨੇ ਪੰਜਾਬ ਨੇ ਇਹਨਾਂ ਨੂੰ ਸਭ ਕੁੱਝ ਦਿੱਤਾ ਹੈ। ਉਹਨਾਂ ਨੂੰ ਲੋਕਾਂ ਨੂੰ ਸਮਝਾਉਂਦਿਆਂ ਕਿਹਾ ਕਿ 5 ਸਾਲ ਬਾਅਦ ਇਹ ਮੌਕਾ ਆਉਂਦਾ ਹੈ ਤੇ ਜੇ ਇਸ ਵਾਰ ਵੀ ਤੁਸੀਂ ਗਲਤ ਬੰਦੇ ਨੂੰ ਚੁਣ ਲਿਆ ਤਾਂ 5 ਸਾਲ ਤੁਸੀਂ ਉਸ ਨੂੰ ਹੀ ਸਿਰ 'ਤੇ ਬਿਠਾਉਣਾ ਹੈ।

ਉਹ ਕਿਹਾ ਕਿ ਜੇ ਤੁਸੀਂ ਕਿਸੇ ਗਲਤ ਬੰਦੇ ਨੂੰ ਵੋਟ ਪਾਈ ਤੇ ਜਦੋਂ ਵੋਟ ਪਾਉਣ ਲੱਗਿਆ ਜਿਸ ਦਾ ਵੀ ਤੁਸੀਂ ਬਟਨ ਨੱਪਿਆ ਉਸ ਗਲਤ ਬੰਦੇ ਦੇ ਕੰਮਾਂ ਵਿਚ ਤੁਹਾਡਾ ਵੀ ਹਿੱਸਾ ਪੈ ਜਾਣਾ ਹੈ। ਉਹਨਾਂ ਕਿਹਾ ਕਿ ਜੇ ਇਸ ਵਾਰ ਲੋਕਾਂ ਨੇ ਅਪਣੇ ਬੱਚਿਆਂ ਦੀ ਸਿੱਖਿਆ ਬਾਰੇ ਨਾ ਸੋਚਿਆ ਤੇ ਲੀਡਰਾਂ ਪਿੱਛੇ ਲੱਗ ਕੇ ਸ਼ਰਾਬਾਂ ਤੇ ਪੈਸੇ ਉਹਨਾਂ ਤੋਂ ਲੈ ਲਏ ਤਾਂ ਫਿਰ 5 ਸਾਲ ਭੁਗਤਣਾ ਪਵੇਗਾ ਕਿਉਂਕਿ ਜਿੰਨੇ ਪੈਸੇ ਤੁਸੀਂ ਇਹਨਾਂ ਤੋਂ ਹੁਣ ਲਵੋਗੇ ਉਸ ਤੋਂ ਦੁੱਗਣੇ ਉਹ ਤੁਹਾਡੇ ਤੋਂ 5 ਸਾਲਾਂ ਵਿਚ ਕਢਵਾ ਲੈਣਗੇ ਇਸ ਲਈ ਇਸ ਵਾਰ ਅਪਣੇ ਬੱਚਿਆਂ ਤੇ ਪੋਤਿਆਂ ਬਾਰੇ ਸੋਚ ਕੇ ਤੇ ਉਙਨਾਂ ਦੀ ਸਿੱਖਿਆ ਬਾਰੇ ਸੋਚ ਕੇ ਵੋਟ ਪਾਇਓ।