ਬਲਬੀਰ ਸਿੰਘ ਸਿੱਧੂ ਦੇ ਰੋਡ ਸ਼ੋਅ 'ਚ ਕਾਂਗਰਸ ਦੇ ਰੰਗ ਵਿਚ ਰੰਗਿਆ ਸ਼ਹਿਰ ਮੁਹਾਲੀ

ਏਜੰਸੀ

ਖ਼ਬਰਾਂ, ਪੰਜਾਬ

ਬਲਬੀਰ ਸਿੰਘ ਸਿੱਧੂ ਦੇ ਰੋਡ ਸ਼ੋਅ 'ਚ ਕਾਂਗਰਸ ਦੇ ਰੰਗ ਵਿਚ ਰੰਗਿਆ ਸ਼ਹਿਰ ਮੁਹਾਲੀ

image

ਐਸ.ਏ.ਐਸ. ਨਗਰ, 18 ਫ਼ਰਵਰੀ (ਸੁਖਦੀਪ ਸਿੰਘ ਸੋਈਾ): ਮੋਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ  ਸਿਖਰਾਂ 'ਤੇ ਪਹੁੰਚਾਉਣ ਲਈ ਅੱਜ ਇਕ ਰੋਡ ਸ਼ੋਅ ਕੀਤਾ ਗਿਆ | ਰੋਡ ਸ਼ੋਅ ਫੇਜ਼ 11 ਤੋਂ ਆਰੰਭ ਹੋ ਕੇ ਫ਼ੇਜ਼-6 ਵਿਖੇ ਸਮਾਪਤ  ਹੋਇਆ | ਇਸ ਰੋਡ ਸ਼ੋਅ ਵਿਚ ਬਲਬੀਰ ਸਿੰਘ ਸਿੱਧੂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਹਰੀਸ਼ ਚੌਧਰੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਵੱਡੀ ਗੱਲ ਇਹ ਰਹੀ ਕਿ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਵਿਚ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਇਕੱਠੇ ਹੁੰਦੇ ਰਹੇ ਅਤੇ  ਰੋਡ ਸ਼ੋਅ ਦੇ ਕਾਫ਼ਲੇ ਵਿਚ ਜੁੜਦੇ ਰਹੇ | ਇਸ ਮੌਕੇ ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਨੇ 'ਕਿਉਂ ਪੈਂਦੇ ਹੋ ਚੱਕਰ ਵਿਚ ਕੋਈ ਨਹੀਂ ਹੈ ਟੱਕਰ ਵਿਚ', ਅਤੇ ਬਲਬੀਰ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ | ਇਹੀ ਨਹੀਂ ਬਲਬੀਰ ਸਿੰਘ ਸਿੱਧੂ ਨੂੰ  ਮੁਹਾਲੀ ਦੀਆਂ ਵੱਖ ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਫੁੱਲਾਂ ਦੇ ਹਾਰ ਪਾਏ ਗਏ | ਪੂਰੇ ਰੋਡ ਸ਼ੋਅ ਦੇ ਦੌਰਾਨ ਵੱਖ ਵੱਖ ਥਾਵਾਂ ਤੇ ਵਪਾਰੀ ਵਰਗ ਅਤੇ ਆਮ ਲੋਕ ਬਲਬੀਰ ਸਿੰਘ ਸਿੱਧੂ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ |
ਇਸ ਰੋਡ ਸ਼ੋਅ ਦੇ ਦੌਰਾਨ ਸੜਕ ਉੱਤੇ ਕਾਂਗਰਸ ਪਾਰਟੀ ਦੇ ਹੀ ਝੰਡੇ ਦਿਖਾਈ ਦੇ ਰਹੇ ਸਨ ਅਤੇ ਕਾਰਾਂ, ਗੱਡੀਆਂ ਤੋਂ ਇਲਾਵਾ ਖ਼ਾਸ ਤੌਰ ਤੇ ਟਰੈਕਟਰਾਂ, ਮੋਟਰਸਾਈਕਲਾਂ, ਸਕੂਟਰਾਂ, ਰਿਕਸ਼ਿਆਂ, ਆਟੋਆਂ ਅਤੇ ਸਾਈਕਲਾਂ ਉੱਤੇ ਵੀ ਵੱਡੀ ਗਿਣਤੀ ਸਿੱਧੂ ਸਮਰਥਕ ਸਵਾਰ ਸਨ ਅਤੇ ਸੜਕਾਂ ਉੱਤੇ ਥਾਂ ਥਾਂ ਤੇ ਲੋਕ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਕਾਂਗਰਸ ਦੇ ਝੰਡੇ ਲੈ ਕੇ ਖੜ੍ਹੇ ਸਨ | ਇਸ ਰੋਡ ਸ਼ੋਅ ਨੇ ਮੋਹਾਲੀ ਸ਼ਹਿਰ ਨੂੰ  ਅੱਜ ਕਾਂਗਰਸ ਦੇ ਰੰਗ ਨਾਲ ਰੰਗ ਦਿੱਤਾ ਅਤੇ ਇਸ ਨਾਲ ਵਿਰੋਧੀਆਂ ਦੇ ਹੌਸਲੇ ਵੀ ਬੁਰੀ ਤਰ੍ਹਾਂ ਪਸਤ ਹੋ ਗਏ ਹਨ | ਇਸ ਮੌਕੇ ਵੱਖ ਵੱਖ ਥਾਂਵਾਂ ਤੇ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਸਮਰਥਨ ਦੇਖ ਕੇ ਉਨ੍ਹਾਂ ਦਾ ਦਿਲ ਗਦਗਦ ਹੋ ਉੱਠਿਆ ਹੈ ਅਤੇ ਉਹ ਲੋਕਾਂ ਵਲੋਂ ਉਨ੍ਹਾਂ ਨੂੰ  ਦਿੱਤੇ ਜਾ ਰਹੇ ਇਸ ਪਿਆਰ ਲਈ ਤਾ ਉਮਰ ਰਿਣੀ ਰਹਿਣਗੇ |
ਇਸ ਮੌਕੇ ਖ਼ਾਸ ਤੌਰ ਤੇ ਮੁਹਾਲੀ ਨਗਰ ਨਿਗਮ ਵੀ ਮਹਿਲਾ ਕੌਂਸਲਰਾਂ ਨੇ ਰੋਡ ਸ਼ੋਅ ਵਿਚ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ  ਬਲਬੀਰ ਸਿੰਘ ਸਿੱਧੂ ਨੂੰ  ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਿਸ਼ਵ ਜੈਨ ਨੇ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ, ਮੁਹਾਲੀ ਨਗਰ ਨਿਗਮ ਦੇ ਸਮੁੱਚੇ ਕੌਂਸਲਰ, ਬਲਬੀਰ ਸਿੰਘ ਸਿੱਧੂ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਧਰਮਪਤਨੀ, ਉਨ੍ਹਾਂ ਦੇ ਪੁੱਤਰ-ਨੂੰਹ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਪਰਿਵਾਰ ਅਤੇ ਸਿੱਧੂ ਸਮਰਥਕ ਸ਼ਾਮਲ ਸਨ |

ਬੀਰਵਰਤ 18-1