ਸਿੱਖ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਕੀਤੇ ਕਤਲ ਮਾਮਲੇ ਸਬੰਧੀ SGPC ਵਫ਼ਦ ਤੇਲੰਗਾਨਾ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੇਲੰਗਾਨਾ ਦੇ ਹੈਦਰਾਬਾਦ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ।

Harjinder Singh Dhami

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਤੇਲੰਗਾਨਾ ਦੇ ਹੈਦਰਾਬਾਦ ’ਚ ਨਾਬਾਲਗ ਸਿੱਖ ਲੜਕੀ ਨਾਲ ਗੈਂਗਰੇਪ ਕਰ ਕੇ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਫ਼ਦ ਤੇਲੰਗਾਨਾ ਭੇਜਿਆ ਗਿਆ ਹੈ। ਭੇਜੇ ਗਏ ਵਫ਼ਦ ਵਿਚ ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਸ. ਗੁਰਮੀਤ ਸਿੰਘ ਸੈਣੀ, ਸਿੱਖ ਮਿਸ਼ਨ ਆਂਦਰਾ ਪ੍ਰਦੇਸ਼ ਦੇ ਇੰਚਾਰਜ ਸ. ਦਿਲਸ਼ਾਹ ਸਿੰਘ ਅਤੇ ਪ੍ਰਚਾਰਕ ਸ਼ਾਮਲ ਹਨ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੇਲੰਗਾਨਾ ਦੇ ਹੈਦਰਾਬਾਦ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਨੇ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸਰਕਾਰਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਵਾਉਣ ਵਿਚ ਅਸਫ਼ਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਇਕ ਬੇਵੱਸ ਅਤੇ ਇਕੱਲੀ ਲੜਕੀ ’ਤੇ ਸਮੂਹਕ ਰੂਪ ਵਿਚ ਜ਼ੁਲਮ ਕੀਤਾ ਗਿਆ ਪਰ ਪੁਲਿਸ ਇਨਸਾਫ਼ ਦੇਣ ਦੀ ਬਜਾਏ ਪੀੜਤ ਪਰਿਵਾਰ 'ਤੇ ਦਬਾ ਬਣਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਕਿਸੇ ਵੀ ਹਾਲਤ ਵਿਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਦਾਹਰਣ ਪੇਸ਼ ਕਰਦੀ ਕਰੜੀ ਸਜ਼ਾ ਦਿੱਤੀ ਜਾਵੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜ੍ਹਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੀੜ੍ਹਤ ਪਰਿਵਾਰ ਨਾਲ ਮਿਲ ਕੇ ਜੋ ਵੀ ਰਿਪੋਰਟ ਦੇਵੇਗਾ ਉਸ ਅਨੁਸਾਰ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਸ਼੍ਰੋਮਣੀ ਕਮੇਟੀ ਵਚਨਬਧ ਹੈ। ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਹੈਦਰਾਬਾਦ ਦੇ ਰੰਗਾਰੇਡੀ ਸ਼ੁਭਾਸ਼ਨਗਰ ਵਿਚ ਪਿਛਲੇ ਦਿਨੀਂ ਇਕ ਸਿੱਖ ਨਬਾਲਗ ਲੜਕੀ ਨਾਲ ਗੈਂਗਰੇਪ ਕਰਕੇ ਉਸ ਨੂੰ ਚੌਥੀ ਮੰਜਲ ਤੋਂ ਥੱਲੇ ਸੁੱਟ ਕੇ ਕਤਲ ਕਰ ਦਿੱਤਾ ਗਿਆ ਸੀ।