ਆਪ੍ਰੇਸ਼ਨ ਬਲੂ-ਸਟਾਰ ਅਕਾਲੀਆਂ ਨੇ ਆਪ ਕਰਵਾਇਆ, ਜਨਰਲ ਸੁਬੇਗ ਸਿੰਘ ਦੇ ਭਰਾ ਸ. ਬੇਅੰਤ ਸਿੰਘ ਨੇ ਲਾਇਆ ਦੋਸ਼
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਕੀ ਚਾਹੁੰਦੇ ਸੀ ਅਤੇ ਇਸ ਫ਼ੌਜੀ ਹਮਲੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਤੇ ਚਰਚਾ ਹੁੰਦੀ ਹੈ।
ਚੰਡੀਗੜ੍ਹ (ਸੁਮਿਤ ਸਿੰਘ) : ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੰਜਾਬ ਦੇ ਸਮਾਜਕ ਅਤੇ ਸਿਆਸੀ ਮੁੱਦਿਆਂ ਵਿਚ ਮੋਹਰੀ ਥਾਂ ਹਾਸਲ ਕਰਦਾ ਜਾ ਰਿਹਾ ਹੈ। ਬੰਦੀ ਸਿੰਘਾਂ ਦੇ ਮਸਲੇ ਦੀ ਗੱਲਬਾਤ ਹੁੰਦੀ ਹੈ ਤਾਂ ਬੀਤੇ ਸਮੇਂ ਦੌਰਾਨ ਸਿੱਖਾਂ ਨਾਲ ਵਾਪਰੇ ਘਟਨਾਕ੍ਰਮ ਆਪ-ਮੁਹਾਰੇ ਚਰਚਾ ਵਿਚ ਆ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਸਾਕਾ ਨੀਲਾ ਤਾਰਾ ਬਾਰੇ ਵੀ ਅਕਸਰ ਸਵਾਲ ਉਠਦੇ ਹਨ ਕਿ ਜਦੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਉਸ ਦੌਰਾਨ ਕੀ ਗੱਲਾਂ ਹੋਈਆਂ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਕੀ ਚਾਹੁੰਦੇ ਸੀ ਅਤੇ ਇਸ ਫ਼ੌਜੀ ਹਮਲੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਤੇ ਚਰਚਾ ਹੁੰਦੀ ਹੈ।
ਇਸ ਫ਼ੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਅਫ਼ਸਰ ਕੇ.ਐਸ. ਬਰਾੜ ਦੇ ਕੁੱਝ ਦਿਨ ਪਹਿਲਾਂ ਆਏ ਬਿਆਨਾਂ ਨੇ ਇਸ ਮਾਮਲੇ ਸਬੰਧੀ ਚਰਚਾ ਨੂੰ ਨਵੀਂ ਹਵਾ ਦੇ ਦਿਤੀ। ਇਸ ਨਾਲ ਹੀ, ਦੂਜੇ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਾਥੀ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨਾਲ ਸਪੋਕਸਮੈਨ ਦੇ ਪੱਤਰਕਾਰ ਸੁਮਿਤ ਸਿੰਘ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਹੋਈ ਅਹਿਮ ਗੱਲਬਾਤ ਆਪ ਸੱਭ ਨਾਲ ਸਾਂਝੀ ਕੀਤੀ ਜਾ ਰਹੀ ਹੈ :
ਪੱਤਰਕਾਰ: ਅਸਲ ਵਿਚ ਗੱਲ ਹੋਈ ਕੀ ਸੀ? ਕੀ ਸੰਤ ਜੀ ਉਥੋਂ ਬਾਹਰ ਨਿਕਲਣਾ ਚਾਹੁੰਦੇ ਸੀ?
ਬੇਅੰਤ ਸਿੰਘ: ਦੇਖੋ ਜਿਹੜੀ ਮੇਰੀ ਪਹਿਲਾਂ ਇੰਟਰਵਿਊ ਹੋਈ, ਉਸ ਵਿਚ ਗੱਲ ਪੂਰੀ ਤਰ੍ਹਾਂ ਨਾਲ ਵਿਸਥਾਰ ’ਚ ਨਹੀਂ ਸੀ ਰੱਖੀ ਗਈ। ਉਸ ਹਾਦਸੇ ਤੋਂ 15-20 ਦਿਨ ਪਹਿਲਾਂ ਸਾਡੇ ਘਰ ਇਕ ਦਸਤਾਰਬੰਦੀ ਦਾ ਪ੍ਰੋਗਰਾਮ ਸੀ। ਦਸਤਾਰਬੰਦੀ ਨਾ ਹੋਈ ਤਾਂ ਮੈਂ ਭਾਅ ਜੀ ਨੂੰ ਪੁਛਿਆ ਕਿ ਦਸਤਾਰਬੰਦੀ ਕਿਉਂ ਨਹੀਂ ਹੋਈ? ਤਾਂ ਉਨ੍ਹਾਂ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਡੀ ਮੀਟਿੰਗ ਸੀ, ਸੰਤਾਂ ਦੀ ਮੀਟਿੰਗ ਸੀ ਲੌਂਗੋਵਾਲ ਤੇ ਟੌਹੜਾ ਸਾਹਿਬ ਨਾਲ। ਉਸ ਵਿਚ ਸੰਤਾਂ ਨੇ ਟੌਹੜਾ ਸਾਹਿਬ ਨੂੰ ਕਿਹਾ ਕਿ ਮੇਰੇ ਕਰ ਕੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਨਹੀਂ ਹੋਣਾ ਚਾਹੀਦਾ ਅਤੇ ਹੋਰ ਕਿਹਾ ਕਿ ਮੇਰੇ ਨਾਲ ਜਿਹੜੇ ਵੀ ਨੌਜਵਾਨ ਹਨ ਮੈਂ ਉਨ੍ਹਾਂ ਨੂੰ ਲੈ ਕੇ ਚਲਾ ਜਾਂਦਾ ਹਾਂ। ਅਸੀਂ ਭਾਵੇਂ ਰਹੀਏ, ਮਰੀਏ, ਜੋ ਵੀ ਸਾਡੇ ਨਾਲ ਹੋਵੇਗਾ ਅਸੀਂ ਝੱਲ ਲਵਾਂਗੇ
ਪਰ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਹ ਹਮਲੇ ਤੋਂ 15-20 ਦਿਨ ਪਹਿਲਾਂ ਦੀ ਗੱਲ ਹੈ। 3 ਤਰੀਕ ਨੂੰ ਮੋਰਚੇ ਬਣੇ, ਮਾਤਾ ਜੀ ਵੀ ਮੋਰਚਿਆਂ ’ਤੇ ਨਾਲ ਰਹੇ, ਭਾਅ ਜੀ ਵੀ ਰਹੇ ਤੇ ਸਭੱ ਕੁੱਝ ਕਰਦੇ ਰਹੇ। ਮੈਂ ਤਾਂ 3 ਤਰੀਕ ਨੂੰ ਬਾਜਪੁਰ ਰਿਹਾ। 3 ਤਰੀਕ ਦੀ ਤਾਂ ਇਹ ਗੱਲ ਹੀ ਨਹੀਂ। ਇਹ ਗੱਲ 20 ਕੁ ਦਿਨ ਪਹਿਲਾਂ ਦੀ ਹੈ। ਜਿਨ੍ਹਾਂ ਬਾਰੇ ਅੱਜ ਇਹ ਕਹਿੰਦੇ ਹਨ ਕਿ ਇਕਦਮ ਛੱਡ ਕੇ ਭੱਜ ਜਾਣਾ ਚਾਹੁੰਦੇ ਸੀ, ਉਹ ਬੁਜ਼ਦਿਲ ਨਹੀਂ ਸਨ, ਦਲੇਰ ਸਨ। ਜਨਰਲ ਸਾਬ੍ਹ ਵੀ ਦਲੇਰ ਸਨ। ਉਨ੍ਹਾਂ ਦੀ ਆਪਸ ਵਿਚ ਬੜੀ ਸੋਚ ਰਲਦੀ ਸੀ, ਨਾ ਮੈਂ ਕੋਈ ਬੁਜ਼ਦਿਲੀ ਵਾਲੀ ਗੱਲ ਕੀਤੀ ਤੇ ਨਾ ਕਰਾਂਗਾ।
ਇਹ ਮੈਂ 10 ਕੁ ਸਾਲ ਪਹਿਲਾਂ ਵੀ ਕਹਿ ਚੁਕਿਆ ਹਾਂ। ਹੁਣ ਇਹ ਵਲਟੋਹਾ ਸਾਬ੍ਹ ਕਹਿ ਰਹੇ ਨੇ ਕਿ ਮੈਂ ਨਾਲ ਰਿਹਾ ਹਾਂ। ਜੇ ਉਨ੍ਹਾਂ ਦੇ ਨਾਲ ਰਿਹਾ ਸੀ ਫਿਰ ਨਾਲ ਹੀ ਰਹਿਣਾ ਸੀ ਨਾ। ਫਿਰ ਉਨ੍ਹਾਂ ਨੂੰ ਧੋਖਾ ਦੇ ਕੇ ਗਿਆ ਕਿਧਰ? ਹੱਥ ਖੜੇ ਤੁਸੀਂ ਕਰ ਕੇ ਆਏ। ਮੈਂ ਤਾਂ ਤੁਹਾਡੇ ਬਾਰੇ ਕੋਈ ਗੱਲ ਹੀ ਨਹੀਂ ਕਹਿੰਦਾ ਜੋ ਤੁਸੀਂ ਕਰ ਰਹੇ ਜੇ। ਜੋ ਇਨ੍ਹਾਂ ਦੀਆਂ ਜਾਇਦਾਦਾਂ ਨੇ ਉਹੀ ਵੇਖ ਲਉ। 47 ਤੋਂ 84 ਤਕ ਦੀ ਸਾਡੀ ਜਾਇਦਾਦ ਵੇਖੋ, ਤੇ 47 ਤੋਂ 84 ਤਕ ਇਨ੍ਹਾਂ ਦੀ ਵੇਖ ਲਵੋ। 84 ਤੋਂ ਬਾਅਦ ਇਨ੍ਹਾਂ ਦੀ ਵੇਖ ਲਉ ਤੇ ਸਾਡੀ ਵੇਖ ਲਉ।
ਅਸੀਂ ਨਾ ਸਿਆਸਤ ਵਿਚ ਆਈਏ, ਨਾ ਕਿਸੇ ਨਾਲ ਕੋਈ ਚੰਗੀ ਮਾੜੀ ਕਰੀਏ, ਨਾ ਕੁੱਝ ਲੈਣਾ ਨਾ ਦੇਣਾ। ਇਹ ਅਪਣਾ ਜੋ ਕਰਦੇ ਹਨ, ਕਰਦੇ ਰਹਿਣ। ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਜੱਥਾ ਲੈ ਕੇ ਆਏ ਹਾਂ, ਜਿੰਨਾ ਕੁ ਅਸੀਂ ਮਦਦ ਕਰ ਸਕਦੇ ਹਾਂ, ਜੋ ਅਸੀਂ ਸਰਕਾਰ ਨੂੰ ਕਹਿ ਸਕਦੇ ਹਾਂ, ਅਸੀਂ ਓਨੇ ਕੁ ਜੋਗੇ ਹੀ ਹਾਂ। ਮੈਂ ਕੁੱਝ ਜ਼ਿਆਦਾ ਨਹੀਂ ਕਹਿੰਦਾ, ਮੈਂ 3-4 ਬਸਾਂ ਲੈ ਕੇ ਆਇਆਂ, ਮੇਰੇ ਨਾਲ ਮੇਰੇ ਯਾਰ-ਦੋਸਤ, ਮੇਰੇ ਰਿਸ਼ਤੇਦਾਰ ਆਏ ਨੇ।
ਚਲੋ ਇਹ ਵੀ ਛੱਡੋ। ਤੁਸੀਂ ਅਕਾਲੀ ਦਲ ਦੇ ਵਿਚ ਹੋ, ਸਾਨੂੰ 328 ਸਰੂਪਾਂ ਦਾ ਹੀ ਇਨਸਾਫ਼ ਦਿਵਾ ਦਿਉ। ਬਹਿਬਲ ਕਲਾਂ ਦਾ ਇਨਸਾਫ਼ ਦਿਵਾ ਦਿਉ, ਤੁਸੀਂ ਤਾਂ ਵਿਚ ਬੈਠੇ ਸੀ ਸਰਕਾਰ ਦੇ। ਸਰਕਾਰ ਦੇ ਨਾਲ ਹੋ, ਅਕਾਲੀ ਦਲ ਦੇ ਨਾਲ ਹੋ, ਬਾਦਲ ਨਾਲ ਤੁਹਾਡੀ ਗੱਲਬਾਤ ਹੈ ਪੂਰੀ। ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਣ-ਸਨਮਾਨ ਮਿਲਦਾ ਹੈ। ਸੰਤਾਂ ਦੀ ਬੁਰਾਈ ਜਾਂ ਭਰਾ ਦੀ ਬੁਰਾਈ ਕੋਈ ਕਰ ਸਕਦੈ? ਗੱਲ ਨੂੰ ਤੋੜ-ਮਰੋੜ ਕੇ ਦੇਣਾ ਇਨ੍ਹਾਂ ਦਾ ਕਿੱਤਾ ਹੈ।
ਪੱਤਰਕਾਰ: ਅਸੀਂ ਐਨਾ ਸਮਾਂ ਪਿੱਛੇ ਚਲੇ ਜਾਂਦੇ ਹਾਂ, ਸੰਤਾਂ ਦੇ ਸਮੇਂ ਦੌਰਾਨ। ਪਰ ਜੇ ਅਸੀਂ ਕੁੱਝ ਸਮਾਂ ਤੁਹਾਡੇ ਹੀ ਪਿੱਛੇ ਚਲੇ ਜਾਈਏ ਜਦੋਂ ਤੁਸੀਂ ਇਹ ਪੂਰਾ ਬਿਆਨ ਦਿਤਾ, ਅਸਲ ਵਿਚ ਤੁਸੀਂ ਪੂਰੀ ਗੱਲ ਕਹੀ ਕੀ ਸੀ? ਤੁਸੀਂ ਕੀ ਕਹਿੰਦੇ ਹੋ ਕਿ ਆਖ਼ਰਕਾਰ ਸੰਤ ਉੱਥੋਂ ਜਗ੍ਹਾ ਛਡਣੀ ਚਾਹੁੰਦੇ ਸੀ ਜਾਂ ਫ਼ਿਰ ਆਖ਼ਰਕਾਰ ਇਹ ਤਰਕ ਕੀ ਕਢਿਆ ਜਾ ਰਿਹਾ ਹੈ?
ਬੇਅੰਤ ਸਿੰਘ: ਸੰਤ ਇਹ ਨਹੀਂ ਸੀ ਚਾਹੁੰਦੇ ਕਿ ਮੇਰੀ ਵਜ੍ਹਾ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਹੋਵੇ। ਸੰਤਾਂ ਨੇ ਲੜਾਈ ਲੜੀ ਹੈ ਪੰਜਾਬ ਦੀ, ਪੰਜਾਬ ਦੇ ਹੱਕਾਂ ਦੀ, ਅਪਣੀ ਉਨ੍ਹਾਂ ਦੀ ਕੋਈ ਨਿਜੀ ਲੜਾਈ ਨਹੀਂ ਸੀ। ਮੋਰਚਾ ਇਨ੍ਹਾਂ ਦਾ ਫ਼ੇਲ੍ਹ ਹੋਇਆ, ਪਰ ਸੰਤਾਂ ਨੇ ਕਾਮਯਾਬ ਕੀਤਾ, ਸ਼ਹਾਦਤਾਂ ਦਿਤੀਆਂ, ਕੋਈ ਹੱਥ ਖੜੇ ਕਰ ਕੇ ਬਾਹਰ ਨਾ ਆਇਆ। ਹੱਥ ਖੜੇ ਕਰ ਕੇ ਟੌਹੜਾ ਸਾਬ੍ਹ, ਰਾਮੂਵਾਲੀਆ ਆਇਆ, ਇਹ ਲੋਕ ਆਏ। ਜਿਹੜਾ ਵੀ ਉਨ੍ਹਾਂ ਦੇ ਨਾਲ ਸੀ, ਉਹ ਕੋਈ ਵੀ ਹੱਥ ਖੜੇ ਕਰ ਕੇ ਨਹੀਂ ਆਇਆ। ਮੈਨੂੰ ਇਹ ਮੱਤਾਂ ਦਿੰਦੈ। 3 ਤਰੀਕ ਦੀ ਇਹ ਗੱਲ ਹੀ ਨਹੀਂ, 3 ਤਰੀਕ ਤੋਂ ਪਹਿਲਾਂ ਦੀ ਗੱਲ ਹੈ। 3 ਤਰੀਕ ਨੂੰ ਮੈਂ ਇਥੇ ਹੈ ਹੀ ਨਹੀਂ ਸੀ। ਜੇ ਇਸ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਮੇਰੇ ਨਾਲ ਪ੍ਰੈੱਸ ਦੇ ਸਾਹਮਣੇ ਬੈਠ ਕੇ ਗੱਲ ਕਰ ਲਵੇ, ਭੁਲੇਖਾ ਕੱਢ ਲਵੇ।
ਪੱਤਰਕਾਰ : ਪਰ ਜੇ ਦੇਖਿਆ ਜਾਵੇ ਤਾਂ ਇਲਜ਼ਾਮ ਬਹੁਤ ਵੱਡੇ ਨੇ ਕਿ ਜਿਥੇ ਸੰਤ ਜੀ ਦਾ ਨਾਂਅ ਲਿਆ ਜਾਂਦਾ ਹੈ, ਤਾਂ ਸੁਬੇਗ ਸਿੰਘ ਜੀ ਦਾ ਵੀ ਨਾਂਅ ਲਿਆ ਜਾਂਦਾ ਹੈ। ਜਨਰਲ ਸੁਬੇਗ ਸਿੰਘ ਦਾ ਜਦੋਂ ਨਾਂਅ ਲਿਆ ਜਾਂਦਾ ਹੈ ਤਾਂ ਤੁਸੀਂ ਵੀ ਕੌਮ ਲਈ ਬੇਹੱਦ ਖ਼ਾਸ ਹੋ ਜਾਂਦੇ ਹੋ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸੰਤ ਜੀ ਛਡਣਾ ਚਾਹੁੰਦੇ ਸੀ ਤਾਂ ਉਸ ਦਾ ਤਰਕ ਕੀ ਕਢਿਆ ਜਾ ਰਿਹਾ ਹੈ? ਭਾਵ ਕਿਤੇ ਨਾ ਕਿਤੇ ਤੁਹਾਡੀ ਗੱਲ ਨੂੰ ਇਹ ਸਮਝਿਆ ਜਾ ਰਿਹਾ ਹੈ ਕਿ ਤੁਸੀਂ ਸ਼ਾਇਦ ਇਹ ਗੱਲ ਕਹਿ ਰਹੇ ਹੋ ਕਿ ਜਦੋਂ ਸੰਤ ਜੀ ਨੂੰ ਲਗਿਆ ਕਿ ਹਮਲਾ ਹੋਣ ਵਾਲਾ ਹੈ, ਤਾਂ ਉਹ ਉਥੋਂ ਜਾਣਾ ਚਾਹੁੰਦੇ ਸੀ।
ਬੇਅੰਤ ਸਿੰਘ : ਇਹ ਤਾਂ ਉਸ ਤੋਂ 20 ਦਿਨ ਪਹਿਲਾਂ ਦੀ ਗੱਲ ਹੈ। ਸੰਤ ਤਾਂ ਉਥੋਂ ਜਾ ਕੇ ਰਾਜ਼ੀ ਨਹੀਂ ਸੀ। ਇਹ ਤਾਂ ਇਨ੍ਹਾਂ ਦੀ ਬਣਾਈ ਗੱਲ ਹੈ। ਉਹ ਸਿਰਫ਼ ਇਹ ਚਾਹੁੰਦੇ ਸੀ ਕਿ ਮੇਰੀ ਵਜ੍ਹਾ ਨਾਲ, ਭਾਵ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅੰਦਰ ਹਨ, ਇਸ ਕਰ ਕੇ ਹਮਲਾ ਹੋਣਾ ਹੈ।
ਪੱਤਰਕਾਰ: ਤੁਸੀਂ ਕਹਿੰਦੇ ਹੋ ਕਿ ਜਦੋਂ ਟੌਹੜਾ ਸਾਬ੍ਹ ਦੇ ਨਾਲ ਆਖ਼ਰਕਾਰ ਇਹ ਮੀਟਿੰਗ ਹੁੰਦੀ ਹੈ ਜਦੋਂ ਤੁਸੀਂ ਅਪਣੇ ਬੱਚੇ ਦੀ ਦਸਤਾਰਬੰਦੀ ਕਰਵਾਉਣੀ ਸੀ, ਇਹ ਉਸ ਤੋਂ ਪਹਿਲਾਂ ਦੀਆਂ ਗੱਲਾਂ ਹਨ ਜਦੋਂ ਮੀਟਿੰਗਾਂ ਚਲ ਰਹੀਆਂ ਸੀ।
ਬੇਅੰਤ ਸਿੰਘ : ਹਾਂ ਮੀਟਿੰਗਾਂ ਚਲਦੀਆਂ ਸੀ, 20 ਦਿਨ ਪਹਿਲਾਂ ਦੀ ਗੱਲ ਹੈ। ਬਲੂ ਸਟਾਰ ਵੇਲੇ ਦੀ ਤਾਂ ਗੱਲ ਹੀ ਨਹੀਂ ਹੈ ਇਹ। ਇਹ ਪੁਰਾਣੀ ਗੱਲ ਹੈ, 20 ਦਿਨ ਬੜੇ ਹੁੰਦੇ ਨੇ। ਛੋਟੀਆਂ-ਮੋਟੀਆਂ ਮੀਟਿੰਗਾਂ ਚਲਦੀਆਂ ਰਹਿੰਦੀਆਂ ਹਨ। ਟੌਹੜਾ ਸਾਬ੍ਹ, ਰਾਮੂਵਾਲੀਆ, ਇਨ੍ਹਾਂ ਦੀਆਂ ਆਪਸ ਵਿਚ ਮੀਟਿੰਗਾਂ ਚਲਦੀਆਂ ਰਹਿੰਦੀਆਂ ਸੀ।
ਪੱਤਰਕਾਰ : ਫਿਰ ਜੇ ਦੇਖਿਆ ਜਾਵੇ ਤੁਸੀਂ ਇਹ ਗੱਲ ਕਰ ਦਿਤੀ ਤੇ ਇਸ ਗੱਲ ਵਿਚੋਂ ਦੇਖਿਆ ਜਾਵੇ ਤਾਂ ਹੋ ਸਕਦਾ ਹੈ ਕਿ ਸੰਤ ਜੀ ਦੀ ਵੱਡੀ ਜ਼ਿੰਮੇਵਾਰੀ ਬਣ ਗਈ ਸੀ, ਕਿਉਂਕਿ ਲੋਕਾਂ ’ਚ ਭਰੋਸਾ ਸੀ ਤਾਂ ਉਨ੍ਹਾਂ ਉਤੇ ਹੀ ਸੀ। ਆਖ਼ਰਕਾਰ ਜੇ ਉਨ੍ਹਾਂ ਨੇ ਇਹ ਗੱਲ ਕਹੀ ਵੀ ਹੋਵੇ, ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ 20 ਦਿਨ ਪਹਿਲਾਂ ਦੀ ਗੱਲ ਹੈ, ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਹੁਣ ਤੁਹਾਡਾ ਜੋ ਲੀਡਰ ਵਿਰੋਧ ਕਰ ਰਹੇ ਨੇ, ਉਹ ਸਾਫ਼ ਤੌਰ ’ਤੇ ਕਹਿੰਦੇ ਨੇ ਕਿ ਇਹ ਇਤਿਹਾਸ ਕਿਉਂ ਬਦਲਣਾ ਚਾਹੁੰਦੇ ਨੇ? ਉਹ ਕਹਿੰਦੇ ਨੇ ਕਿ ਲਿਹਾਜ਼ ਸਿਰਫ਼ ਐਨੀ ਗੱਲ ਦਾ ਹੈ ਕਿ ਆਖ਼ਰ ਤੁਸੀਂ ਉਨ੍ਹਾਂ ਦੇ ਭਰਾ ਹੋ।
ਬੇਅੰਤ ਸਿੰਘ : ਮੇਰਾ ਵਿਰੋਧ ਇਨ੍ਹਾਂ ਨੇ ਕੀ ਕਰਨੈ? ਨਾ ਮੈਂ ਕਿਸੇ ਕੋਲੋਂ ਪੈਸੇ ਮੰਗਾਂ, ਨਾ ਮੈਂ ਅੱਜ ਤਕ ਕਿਸੇ ਕੋਲੋਂ ਮਦਦ ਮੰਗੀ, ਇੱਜ਼ਤ-ਮਾਣ ਸਾਨੂੰ ਪੰਥ ਵਲੋਂ, ਸਿੱਖਾਂ ਵਲੋਂ ਮਿਲਦਾ ਹੈ। ਅਸੀਂ ਕੋਈ ਗ਼ਲਤ ਕੰਮ ਕਿਉਂ ਕਰਾਂਗੇ? ਜਾਂ ਮੈਂ ਸੰਤਾਂ ਦੀ ਬਦਨਾਮੀ ਜਾਂ ਭਰਾ ਦੀ ਬਦਨਾਮੀ ਕਿਵੇਂ ਕਰ ਸਕਦਾ ਹਾਂ? ਇਹ ਗੱਲ ਕੋਈ ਨਹੀਂ, ਬੱਸ ਇਨ੍ਹਾਂ ਨੇ ਤੋੜ-ਮਰੋੜ ਕੇ ਦਿਤਾ ਹੈ ਕਿ ਸੰਤ ਡਰਾਕਲ ਸਨ, ਕਿ ਭੱਜਣਾ ਚਾਹੁੰਦਾ ਸੀ ਤੇ ਬੇਅੰਤ, ਇਹ ਸਪੱਸ਼ਟ ਕਰਨਾ ਚਾਹੁੰਦਾ ਸੀ ਕਿ ਸੰਤ ਉਥੋਂ ਛਡਣਾ ਚਾਹੁੰਦੇ ਸੀ। ਅਪਣੀ ਜਾਨ ਛੁਡਾਉਣਾ ਚਾਹੁੰਦੇ ਸੀ। ਇਹੋ ਜਿਹੀ ਗੱਲ ਕੋਈ ਨਹੀਂ ਸੀ। ਸੰਤ ਉੱਥੇ ਹੀ ਸ਼ਹੀਦ ਹੋਏ ਨੇ, ਉਨ੍ਹਾਂ ਦੇ ਸਾਥੀ ਵੀ, ਜਨਰਲ ਸਾਬ੍ਹ ਵੀ। ਜੋ ਉਨ੍ਹਾਂ ਅਰਦਾਸਾਂ ਕੀਤੀਆਂ, ਉਨ੍ਹਾਂ ਨਿਭਾਈਆਂ, ਇਹੀ ਅਰਦਾਸਾਂ ਤੋਂ ਭੱਜੇ ਨੇ।
Gen Shabeg Singh
ਪੱਤਰਕਾਰ : ਉਸ ਦੌਰ ਵਿਚ ਤੁਹਾਡੀ ਸ਼ਮੂਲੀਅਤ ਉਸ ਤਰ੍ਹਾਂ ਦੀ ਨਹੀਂ ਸੀ ਜਿਹੋ ਜਿਹੀ ਸੁਬੇਗ ਸਿੰਘ ਜੀ ਹੁਰਾਂ ਦੀ ਸੀ। ਤੁਸੀਂ ਕੀ ਸਮਝਦੇ ਹੋ ਕਿ ਇਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਤੇ ਇਨ੍ਹਾਂ ਨੂੰ ਰੁਕਣਾ ਚਾਹੀਦਾ ਸੀ ਉਥੇ?
ਬੇਅੰਤ ਸਿੰਘ: ਕਿਨ੍ਹਾਂ ਨੂੰ?
ਪੱਤਰਕਾਰ: ਜਿਹੜੇ ਲੀਡਰ ਉਦੋਂ ਅਕਾਲੀ ਦਲ ਦੇ ਸੀ
ਬੇਅੰਤ ਸਿੰਘ : ਅਕਾਲੀ ਦਲ ਦੇ ਲੀਡਰਾਂ ਨੇ ਹੀ ਤਾਂ ਜਾ ਕੇ ਹਮਲਾ ਕਰਵਾਇਆ, ਇਨ੍ਹਾਂ ਰੁਕਣਾ ਕਿਵੇਂ ਸੀ? ਇਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਸਦੀ ਨਜ਼ਰ ਆਉਂਦੀ ਸੀ, ਪੰਜਾਬ ਖੁਸਦਾ ਨਜ਼ਰ ਆਉਂਦਾ ਸੀ, ਇਨ੍ਹਾਂ ਨੇ ਬਲੂ ਸਟਾਰ ਇਸੇ ਕਰ ਕੇ ਤਾਂ ਕਰਵਾਇਆ। ਅੱਜ ਤਕ ਚੋਣਾਂ ਕਿਉਂ ਨਹੀਂ ਹੋਈਆਂ? ਇਸੇ ਕਰ ਕੇ ਨਹੀਂ ਹੋ ਰਹੀਆਂ ਕਿ ਜੇ ਚੋਣਾਂ ਹੋ ਗਈਆਂ ਤਾਂ ਅਸੀਂ ਲਾਂਭੇ ਹੋ ਜਾਣੈ। ਇਹ ਰਾਜਨੀਤਕ ਲੋਕ ਨੇ ਤੇ ਇਹ ਅਪਣੀ ਰਾਜਨੀਤੀ ਕਰਨ। ਸਾਡੇ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ। ਇਹ ਐਵੇਂ ਗੱਲਾਂ ਤੋੜ-ਮਰੋੜ ਕੇ ਪੇਸ਼ ਕਰਨ ਵਾਲੀਆਂ ਨਹੀਂ ਤੇ ਨਾ ਮੈਂ ਕੋਈ ਇਤਿਹਾਸ ਖ਼ਰਾਬ ਕੀਤੈ। ਮੈਂ ਕੋਈ 38 ਸਾਲ ਬਾਅਦ ਇਤਿਹਾਸ ਖ਼ਰਾਬ ਕਰਨਾ ਸੀ?
ਪੱਤਰਕਾਰ: ਪਰ ਇਸ ਵਿਚ ਜੇ ਦੇਖਿਆ ਜਾਵੇ ਜਿਹੜੀ ਤੁਸੀਂ ਗੱਲ ਕੀਤੀ ਤੇ ਤੁਹਾਡੇ ਤੋਂ ਗੱਲ ਪੁਛੀ ਜਾਵੇ ਤਾਂ ਤੁਸੀਂ ਉਦੋਂ ਵੀ ਐਵੇਂ ਹੀ ਦਸਦੇ ਹੋਵੋਂਗੇ ਜੋ ਹੂ-ਬ-ਹੂ ਹੁਣ ਕਿਹਾ ਹੈ। ਪਰ ਜਦੋਂ ਇਸ ਚੀਜ਼ ਨੂੰ ਲੈ ਕੇ ਇਸ ਤਰ੍ਹਾਂ ਦਾ ਹਮਲਾ ਤੁਹਾਡੇ ’ਤੇ ਹੁੰਦਾ ਹੈ, ਤਾਂ ਇਕ ਪਾਸੇ ਹੁੰਦੇ ਹਨ ਪੰਥ ਤੇ ਕੌਮ ਦੇ ਮਸਲੇ ਤੇ ਦੂਜੇ ਪਾਸੇ ਆ ਗਿਆ ਕਿ ਇਸ ’ਤੇ ਸਿਆਸਤ ਸ਼ੁਰੂ ਹੋ ਗਈ ਹੈ?
ਬੇਅੰਤ ਸਿੰਘ: ਮੈਂ ਇਹੋ-ਜਿਹੀਆਂ ਗੱਲਾਂ ਵਿਚ ਆਉਂਦਾ ਹੀ ਨਹੀਂ, ਨਾ ਮੈਂ ਪਹਿਲਾਂ ਆਇਆ, ਨਾ ਮੈਂ ਹੁਣ ਆਉਣੈ। ਨਾ ਮੈਂ ਰਾਜਨੀਤਕ ਹਾਂ, ਤੇ ਨਾ ਮੈਂ ਰਾਜਨੀਤੀ ਕਰਨੀ ਏ। ਇਹ ਕਰਦੇ ਨੇ, ਕਰਦੇ ਰਹਿਣ, ਮੇਰੀ ਸਿਹਤ ’ਤੇ ਕੋਈ ਅਸਰ ਨਹੀਂ। ਜਿਹੜੇ ਸੰਤਾਂ ਦੇ ਪ੍ਰਵਾਰ ਵਿਚ ਹਨ ਉਹ ਵੀ ਪਹਿਲਾਂ ਵੀ ਮੇਰੀ ਇੱਜ਼ਤ ਕਰਦੇ ਸਨ ਤੇ ਹੁਣ ਵੀ ਕਰਦੇ ਹਨ। ਤੇ ਮੈਂ ਸਿਆਸੀ ਲੋਕਾਂ ਦੇ ਮੂੰਹ-ਮੱਥੇ ਨਹੀਂ ਲਗਦਾ ਤੇ ਨਾ ਮੈਂ ਇਨ੍ਹਾਂ ਨੂੰ ਮੂੰਹ ਲਾਵਾਂ। ਮੈਂ ਕੀ ਲੈਣੈ-ਦੇਣੈ ਇਨ੍ਹਾਂ ਕੋਲੋਂ? ਇਹ ਤਾਂ ਗੱਲਾਂ ਬਣਾ ਕੇ ਇਹ ਦਸਣਾ ਚਾਹੁੰਦੇ ਹਨ ਕਿ ਅਸੀਂ ਸੰਤਾਂ ਦੇ ਨਾਲ ਸੀ। ਸੰਤਾਂ ਦੇ ਨਾਲ ਸੀ, ਫਿਰ ਹੱਥ ਕਿਉਂ ਖੜੇ ਕੀਤੇ?
ਪੱਤਰਕਾਰ : ਤੁਹਾਡਾ ਉਸ ਸਮੇਂ ਬਿਆਨ ਆਉਂਦਾ ਹੈ, ਜਦੋਂ ਜਨਰਲ ਬਰਾੜ ਬਿਆਨ ਦਿੰਦੇ ਨੇ, ਤਾਂ ਉਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਵੀ ਸਹੀ ਕਿਹਾ ਤੇ ਉਨ੍ਹਾਂ ਦੀ ਗੱਲ ਨਾਲ ਤੁਹਾਡੀ ਗੱਲ ਫਿੱਟ ਕਰ ਦਿਤੀ ਗਈ ਹੈ ਜਾਂ ਫਿੱਟ ਹੁੰਦੀ ਹੈ?
ਬੇਅੰਤ ਸਿੰਘ: ਜਨਰਲ ਬਰਾੜ ਨੇ ਜੋ ਬਿਆਨ ਦਿਤਾ, ਉਸ ਵਿਚ ਸੰਤਾਂ ਬਾਰੇ ਵੀ ਕਿਹਾ, ਉਸ ਨੂੰ ਭੜਕਾਇਆ ਗਿਆ ਹੈ, ਸਮਝਾਇਆ ਗਿਆ ਹੈ, ਦਸ ਦਿਤਾ ਗਿਆ ਹੈ ਕਿ ਬੰਦਾ ਅਤਿਵਾਦੀ ਹੈ, ਇਹੋ ਜਿਹਾ ਹੈ, ਜਦਕਿ ਸੰਤ ਇਹੋ ਜਿਹੇ ਨਹੀਂ ਸੀ। ਇਹ ਅਪਣੀ ਸਰਕਾਰ ਨੇ, ਬਾਦਲ ਸਰਕਾਰ ਸੀ ਉਸ ਵੇਲੇ, ਇਨ੍ਹਾਂ ਨੇ ਚੁਕ-ਚੁਕਾ ਕੇ ਕਰਾ ਦਿਤਾ, ਬਲੂ ਸਟਾਰ ਕਰਵਾਉਣ ਵਾਲੇ ਇਹ ਆਪ ਸੀ ਤੇ ਅਫ਼ਸਰਾਂ ਨੇ ਤਾਂ ਕਰਨਾ ਹੀ ਕਰਨਾ ਸੀ। ਇਹ ਗ਼ਲਤੀ ਹੈ ਬਰਾੜ ਸਾਬ੍ਹ ਦੀ, ਉਨ੍ਹਾਂ ਨੇ ਇਨ੍ਹਾਂ ਦੇ ਆਖੇ ਤੇ ਇਹ ਕੀਤਾ ਤੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਗੁਰੇਜ਼ ਕਰਨਾ ਚਾਹੀਦਾ ਸੀ।
ਪੱਤਰਕਾਰ: ਤੁਸੀਂ ਮੰਨਦੇ ਹੋ ਕਿ ਸਰਕਾਰਾਂ ਜਾਂ ਸਿਆਸਤਦਾਨਾਂ ਸਮੇਤ ਕਾਂਗਰਸ ’ਤੇ ਇਹ ਬਹੁਤ ਵੱਡਾ ਦਾਗ਼ ਹੈ? ਸਿਆਸੀ ਭਾਸ਼ਣਾਂ ਵਿਚ ਵੀ ਇਹ ਗੱਲਾਂ ਚਲਦੀਆਂ ਰਹਿਣਗੀਆਂ, ਪਰ ਕੀ ਤੁਸੀਂ ਸਮਝਦੇ ਹੋ ਕਿ ਸਰਕਾਰਾਂ ਨਹੀਂ ਸੀ ਚਾਹੁੰਦੀਆਂ ਪਰ ਜੋ ਮੌਕੇ ’ਤੇ ਹੋਇਆ, ਉਹੀ ਆਖ਼ਰਕਾਰ ਦੋਸ਼ੀ ਹੋ ਗਿਆ?
ਬੇਅੰਤ ਸਿੰਘ : ਪੰਜਾਬ ਸਰਕਾਰ ਤਾਂ ਚਾਹੁੰਦੀ ਸੀ ਤੇ ਸੈਂਟਰ ਸਰਕਾਰ ਨੂੰ ਇਕ ਬਹਾਨਾ ਮਿਲ ਗਿਆ। ਸੰਨ੍ਹ ਲਾਉਣ ਵਾਲੇ ਤੇ ਇਹ ਨੇ, ਬਲੂ ਸਟਾਰ ਕਰਵਾਉਣ ਵਾਲੇ ਤੇ ਇਹ ਨੇ। ਸੈਂਟਰ ਸਰਕਾਰ ਤਾਂ 47 ਤੋਂ ਬਾਅਦ ਹੀ ਸਾਨੂੰ ਨਹੀਂ ਚਾਹੁੰਦੀ ਸੀ। ਪੰਜਾਬ ਨੂੰ, ਪੰਜਾਬ ਵਾਸੀਆਂ ਨੂੰ ਤਾਂ ਉਹ ਵੇਖ ਕੇ ਨਹੀਂ ਸੁਖਾਉਂਦੀ ਸੀ, ਉਨ੍ਹਾਂ ਨੂੰ ਇਕ ਬਹਾਨਾ ਮਿਲ ਗਿਆ। ਉਨ੍ਹਾਂ ਨੇ ਇਕ ਯੋਜਨਾ ਬਣਾ ਕੇ ਨਸਲਕੁਸ਼ੀ ਕਰ ਦਿਤੀ, ਬਲੂ ਸਟਾਰ ਕਰਵਾ ਦਿਤਾ। ਸੰਤ ਇਥੇ ਸੀ, ਪਰ ਬਾਕੀ ਦੇ 30 ਗੁਰਦਵਾਰਿਆਂ ਵਿਚ ਕਿਹੜੇ ਸੰਤ ਸੀ? ਉਨ੍ਹਾਂ ਦੀ ਯੋਜਨਾ ਸੀ ਕਿ ਪੰਜਾਬ ਦਾ ਇਕ ਵਾਰੀ ਸਫ਼ਾਇਆ ਕਰ ਦਿਉ।
ਪੱਤਰਕਾਰ: ਪਰ ਜੇ ਦੇਖੀਏ ਤਾਂ ਦੋਸ਼ ਤਾਂ ਸਾਰਾ ਕੇਂਦਰ ਸਿਰ ਹੀ ਹੋ ਗਿਆ, ਕਿਉਂਕਿ ਫ਼ੌਜ ਕੇਂਦਰ ਦੀ ਸੀ। ਠੀਕ ਹੈ ਕਿ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਹੋ, ਹੋਰ ਲੋਕ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਉਸ ਵੇਲੇ ਦੇ ਲੀਡਰਾਂ ਦਾ ਰੋਲ ਸੀ। ਪਰ ਲੋਕਾਂ ਦੇ ਦਿਮਾਗ ਵਿਚ ਤਾਂ ਇਹੀ ਆਇਐ ਕਿ ਕੇਂਦਰ ਦਾ ਕਸੂਰ ਸੀ।
ਬੇਅੰਤ ਸਿੰਘ : ਨਹੀਂ, ਕੇਂਦਰ ਬਾਅਦ ਵਿਚ ਦੋਸ਼ੀ ਹੈ, ਪਹਿਲਾਂ ਪੰਜਾਬ ਸਰਕਾਰ। ਅਕਾਲੀ, ਜਿਨ੍ਹਾਂ ਨੇ ਜਾ ਕੇ ਦਸਿਆ ਕਿ ਜਿਸ ਤਰ੍ਹਾਂ ਹੋ ਰਿਹੈ, ਸਾਡੇ ਕੋਲੋਂ ਪੰਜਾਬ ਖੁਸ ਜਾਣੈ ਨੇ, ਜੇ ਸੰਤਾਂ ਦੇ ਹੱਥ ਆ ਗਿਆ ਤਾਂ ਖਾੜਕੂਆਂ ਦਾ ਕਬਜ਼ਾ ਹੋ ਜਾਣੈ ਜਦਕਿ ਅਜਿਹੀ ਕੋਈ ਗੱਲ ਹੀ ਨਹੀਂ ਸੀ। ਇਹ ਪੰਜਾਬ ਦਾ ਮਸਲਾ ਸੀ, ਪੰਜਾਬ ਵਾਸਤੇ ਹੀ ਸੰਤਾਂ ਨੇ ਸੱਭ ਕੁੱਝ ਕੀਤਾ ਸੀ। ਇਨ੍ਹਾਂ ਦੀ ਚੁਕਣਾ ਕਰ ਕੇ ਹੋਇਆ, ਪੰਜਾਬ ਨੂੰ ਉਹ ਪਹਿਲਾਂ ਹੀ ਨਹੀਂ ਚਾਹੁੰਦੇ ਸੀ ਤੇ ਬਲੂ ਸਟਾਰ ਕਰ ਕੇ ਉਨ੍ਹਾਂ ਨੇ ਪੰਜਾਬ ਨੂੰ ਰਗੜਾ ਬੰਨ੍ਹ ਦਿਤਾ। ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਸਿੱਖਾਂ ਦਾ ਨੁਕਸਾਨ ਕੀਤਾ, ਸਿੱਖੀ ਨੂੰ ਠੇਸ ਪਹੁੰਚਾਈ, ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚੀ।
ਇਹ ਹੁਣ ਐਵੇਂ ਮਨਘੜਤ ਗੱਲਾਂ ਮੇਰੇ ਮੱਥੇ ਲਾਉਂਦੇ ਰਹਿਣ ਤਾਂ ਇਨ੍ਹਾਂ ਦੀ ਮਰਜ਼ੀ ਹੈ, ਪਰ ਮੇਰੀ ਸਿਹਤ ’ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ। ਜੇ ਬਹੁਤੀ ਗੱਲ ਹੈ ਤਾਂ ਮੇਰੇ ਨਾਲ ਸਾਹਮਣੇ ਬੈਠ ਕੇ ਗੱਲ ਕਰ ਲੈਣ। ਇਹ ਪੁਰਾਣੀ ਗੱਲ ਹੈ, ਘੱਟੋ-ਘੱਟ 20 ਦਿਨ ਪੁਰਾਣੀ। ਬਲੂ ਸਟਾਰ ਵਾਲੇ ਦਿਨ ਤਾਂ ਕਿਸੇ ਨੇ ਵੀ ਕਿਸੇ ਨੂੰ ਨਹੀਂ ਪੁਛਿਆ। ਉਥੋਂ ਨਿਕਲਣ ਦਾ ਮਤਲਬ ਹੀ ਨਹੀਂ ਸੀ ਬਣਦਾ। ਇਹ ਐਵੇਂ ਖ਼ਾਹਮ-ਖ਼ਾਹ ਦੀਆਂ ਗੱਲਾਂ ਕਰੀ ਜਾਂਦੇ ਨੇ।
ਜਿਵੇਂ ਜਨਰਲ ਸੁਬੇਗ ਸਿੰਘ ਦੇ ਭਰਾ ਹੋਣ ਦੇ ਨਾਤੇ ਕੁੱਝ ਗੱਲਾਂ ਬੇਅੰਤ ਸਿੰਘ ਹੁਰਾਂ ਨੂੰ ਪਤਾ ਹਨ, ਆਮ ਲੋਕ ਵੀ ਸਾਰੇ ਜਾਣਨਾ ਚਾਹੁੰਦੇ ਹਨ ਕਿ ਉਸ ਵੇਲੇ ਹੋਇਆ ਕੀ ਸੀ। ਬਹੁਤ ਸਾਰੀਆਂ ਚੀਜ਼ਾਂ ਬਾਰੇ ਅੱਜ ਵੀ ਮੰਨਿਆ ਜਾਂਦਾ ਹੈ ਕਿ ਉਹ ਆਨ-ਰਿਕਾਰਡ ਨਹੀਂ, ਬਹੁਤ ਸਾਰੀਆਂ ਮੀਟਿੰਗਾਂ ਆਨ-ਰਿਕਾਰਡ ਨਹੀਂ ਤੇ ਇਨ੍ਹਾਂ ਬਾਰੇ ਜਦੋਂ ਸੁਬੇਗ ਸਿੰਘ ਦੇ ਭਰਾ ਬਿਆਨ ਦਿੰਦੇ ਹਨ ਤਾਂ ਇਹ ਜੋੜਿਆ ਜਾਂਦਾ ਹੈ ਕਿ ਸੰਤਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਜੋ ਬਿਆਨ ਪਹਿਲਾਂ ਦਿਤਾ, ਉਸ ’ਤੇ ਉਹ ਅੱਜ ਵੀ ਕਾਇਮ ਹਨ। ਪਰ ਜਦੋਂ ਤੁਸੀਂ ਪੂਰੀ ਗੱਲ ਸਮਝੋਗੇ, ਤਾਂ ਉਸ ਵੇਲੇ ਦੇ ਲੀਡਰ ਵੀ ਓਨੇ ਹੀ ਦੋਸ਼ੀ ਹਨ। ਦੋਸ਼ ਕੇਂਦਰ ਸਿਰ ਤਾਂ ਮੜ੍ਹ ਦਿਤਾ ਜਾਂਦਾ ਹੈ, ਪਰ ਆਖ਼ਰ ਸਾਡੇ ਸੂਬੇ ਦੇ ਲੀਡਰਾਂ ਦਾ ਕੀ ਰੋਲ ਸੀ, ਭੁਲਣਾ ਉਹ ਵੀ ਨਹੀਂ ਚਾਹੀਦਾ।