ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੀਆਂ ਪ੍ਰਮੁੱਖ ਥਾਵਾਂ ’ਤੇ ਲੱਗਣ ਵਾਲੇ ਜਾਮ ਤੋਂ ਮਿਲੇਗੀ ਮੁਕਤੀ
ਕੇਂਦਰ ਸਰਕਾਰ ਨੇ 6 ਲੇਨ ਕੰਟਰੋਲਡ ਗ੍ਰੀਨਫੀਲਡ ਲਈ 1463.95 ਕਰੋੜ ਰੁਪਏ ਕੀਤੇ ਮਨਜ਼ੂਰ
ਚੰਡੀਗੜ੍ਹ : ਟ੍ਰਾਈਸਿਟੀ ਚੰਡੀਗੜ੍ਹ-ਮੋਹਾਲੀ ਅਤੇ ਪੰਚਕੂਲਾ ਦੇ ਲੋਕਾਂ ਲਈ ਰਾਹਤ ਵਾਲੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ 1,463.95 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਬਣਨ ਵਾਲੇ 6-ਲੇਨ ਐਕਸੈੱਸ-ਕੰਟਰੋਲਡ ਗ੍ਰੀਨਫੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਟੀਟ ਕਰਕੇ ਜਾਣਕਾਰੀ ਦਿੱਤੀ। ਇਹ ਨੈਸ਼ਨਲ ਹਾਈਵੇ-205A ਦੇ ਅੰਬਾਲਾ-ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ ਅਤੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਅਹਿਮ ਹਿੱਸਾ ਬਣੇਗਾ। ਇਸ ਨਵੇਂ ਕਾਰੀਡੋਰ ਨਾਲ ਥਰੂ-ਟ੍ਰੈਫਿਕ ਹੁਣ ਸ਼ਹਿਰਾਂ ਵਿੱਚੋਂ ਲੰਘਣ ਦੀ ਬਜਾਏ ਇਸ ਬਾਈਪਾਸ ਰਾਹੀਂ ਡਾਇਵਰਟ ਹੋ ਜਾਵੇਗਾ।
ਇਸ ਨਾਲ ਐਨ.ਐਚ-44, ਐਨ.ਐਚ-205A ਅਤੇ ਐਨ.ਐਚ-152 'ਤੇ ਭਾਰੀ ਵਾਹਨਾਂ ਦਾ ਦਬਾਅ ਘਟੇਗਾ। ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਮੁੱਖ ਸ਼ਹਿਰੀ ਜੰਕਸ਼ਨਾਂ 'ਤੇ ਲੱਗਣ ਵਾਲਾ ਭਿਆਨਕ ਜਾਮ ਕਾਫ਼ੀ ਹੱਦ ਤੱਕ ਘਟ ਜਾਵੇਗਾ। ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਨੂੰ ਤੇਜ਼ ਅਤੇ ਆਸਾਨ ਸੰਪਰਕ ਪ੍ਰਦਾਨ ਕਰੇਗਾ। ਇਸ ਬਾਈਪਾਸ ਦੇ ਬਣਨ ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਖੇਤਰੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗਾ।