ਬਰਨਾਲਾ ਪੁਲਿਸ ਵਲੋਂ ਚਰਚਾ ਘਰ ਦੀ ਤਲਾਸ਼ੀ
ਬਰਨਾਲਾ ਪੁਲਿਸ ਵਲੋਂ ਸੌਦਾ ਸਾਧ ਦੇ ਬਰਨਾਲਾ ਵਿਚਲੇ ਚਰਚਾ ਘਰ ਵਿਚੋਂ ਤਲਾਸ਼ੀ ਦੌਰਾਨ ਭਾਰੀ ਗਿਣਤੀ ਵਿਚ ਡੀਜ਼ਲ ਤੇ ਪੈਟਰੌਲ ਦੀਆਂ ਕੇਨੀਆਂ, ਤਲਵਾਰਾਂ, ਡਾਂਗਾਂ, ਲੋਹੇ..
ਬਰਨਾਲਾ, 26 ਅਗੱਸਤ (ਜਗਸੀਰ ਸਿੰਘ ਸੰਧੂ) : ਬਰਨਾਲਾ ਪੁਲਿਸ ਵਲੋਂ ਸੌਦਾ ਸਾਧ ਦੇ ਬਰਨਾਲਾ ਵਿਚਲੇ ਚਰਚਾ ਘਰ ਵਿਚੋਂ ਤਲਾਸ਼ੀ ਦੌਰਾਨ ਭਾਰੀ ਗਿਣਤੀ ਵਿਚ ਡੀਜ਼ਲ ਤੇ ਪੈਟਰੌਲ ਦੀਆਂ ਕੇਨੀਆਂ, ਤਲਵਾਰਾਂ, ਡਾਂਗਾਂ, ਲੋਹੇ ਦੀਆਂ ਰਾਡਾਂ, ਕਹੀਆਂ ਦੇ ਦਸਤੇ ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ।
ਸੀ.ਬੀ.ਆਈ ਅਦਾਲਤ ਪੰਚਕੂਲਾ ਵਲੋਂ ਸੌਦਾ ਸਾਧ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਹਾਈਕੋਰਟ ਦੇ ਹੁਕਮਾਂ 'ਤੇ ਡਿਊਟੀ ਮੈਜਿਸਟਰੇਟ ਪਰਮਜੀਤ ਕੁਮਾਰ ਜਿੰਦਲ (ਨਾਇਬ ਤਹਿਸੀਲਦਾਰ ਧਨੌਲਾ) ਦੀ ਹਾਜ਼ਰੀ ਵਿਚ ਐਸ. ਪੀ. (ਡੀ) ਸਵਰਨ ਸਿੰਘ ਖੰਨਾ ਅਤੇ ਡੀ.ਐਸ.ਪੀ ਬਰਨਾਲਾ ਰਾਜੇਸ਼ ਕੁਮਾਰ ਛਿੱਬਰ ਵਲੋਂ ਪੁਲਿਸ ਪਾਰਟੀ ਸਮੇਤ ਚਰਚਾ ਘਰ ਬਰਨਾਲਾ ਦੀ ਤਲਾਸ਼ੀ ਕੀਤੀ ਗਈ।
ਤਲਾਸ਼ੀ ਦੌਰਾਨ 10 ਲੋਹੇ ਦੀਆਂ ਰਾਡਾਂ, 16 ਕਹੀ ਦੇ ਦਸਤੇ, 7 ਕਹੀ ਦੇ ਕੰਘੇ, 45 ਡਾਂਗਾਂ, 3 ਨੰਗੀਆਂ ਤਲਵਾਰਾਂ, 8 ਕਹੀਆਂ, 4 ਬਾਂਸ ਬੌਕੀਆਂ, 3 ਕਸੀਏ, 30 ਲੋਹੇ ਦੀਆਂ ਪਾਈਪਾਂ, 17 ਖ਼ੁਰਪੀਆਂ, 1 ਦਾਤੀ, 1 ਦਾਤ, 1 ਲੋਹੇ ਦੀ ਵੱਡੀ ਰਾਡ, 7 ਪੀਪੀਆਂ ਤੇਲ ਡੀਜ਼ਲ-ਪੈਟਰੌਲ ਬਰਾਮਦ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਸੌਦਾ ਸਾਧ ਦੇ ਕੁੱਝ ਪੈਰੋਕਾਰ ਵੀ ਚਰਚਾਘਰ ਵਿਚ ਮੌਜੂਦ ਸਨ। ਪੁਲਿਸ ਨੇ ਸਾਰੇ ਚਰਚਾ ਘਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ, ਪਰ ਇਸ ਚਰਚਾ ਘਰ ਨੂੰ ਸੀਲ ਕਰਨ ਦੇ ਮਾਮਲੇ 'ਤੇ ਪੁਲਿਸ ਪ੍ਰਸਾਸ਼ਨ ਅਤੇ ਸਿਵਲ ਪ੍ਰਸਾਸ਼ਨ ਵਿਚ ਸਹਿਮਤੀ ਨਾ ਹੋ ਸਕੀ, ਕਿਉਂਕਿ ਪੁਲਿਸ ਚਾਹੁੰਦੀ ਸੀ ਕਿ ਡਿਊਟੀ ਮੈਜਿਸਟਰੇਟ ਵਲੋਂ ਚਰਚਾ ਘਰ ਨੂੰ ਜ਼ਿੰਦਰਾ ਲਗਾ ਕੇ ਸੀਲ ਲਗਾਈ ਜਾਵੇ, ਜਦਕਿ ਡਿਊਟੀ ਮੈਜਿਸਟਰੇਟ ਦਾ ਤਰਕ ਸੀ ਕਿ ਉਸ ਦੀ ਹਾਜ਼ਰੀ ਵਿਚ ਚਰਚਾ ਘਰ ਨੂੰ ਪੁਲਿਸ ਜਿੰਦਰਾ ਲਗਾਕੇ ਸੀਲ ਕਰੇ। ਇਸ ਉਪਰੰਤ ਡਿਊਟੀ ਮੈਜਿਸਟਰੇਟ ਵਲੋਂ ਡੀ.ਸੀ ਬਰਨਾਲਾ ਨਾਲ ਗੱਲਬਾਤ ਕਰ ਕੇ ਚਰਚਾ ਘਰ ਨੂੰ ਫਿਲਹਾਲ ਸੀਲ ਕਰਨ ਦੀ ਬਜਾਏ ਪੁਲਿਸ ਕਬਜ਼ੇ ਵਿਚ ਹੀ ਰੱਖਣ ਲਈ ਕਹਿ ਦਿਤਾ।
ਜਦਕਿ ਡੀ.ਸੀ ਬਰਨਾਲਾ ਘਣਸਿਆਮ ਥੋਰੀ ਨੇ ਦਸਿਆ ਹੈ ਬਰਨਾਲਾ ਜ਼ਿਲ੍ਹੇ ਵਿਚ ਤਿੰਨ ਚਰਚਾ ਘਰ ਹਨ ਅਤੇ ਬਰਨਾਲਾ ਵਿਚਲਾ ਚਰਚਾ ਘਰ ਇਤਰਾਜ਼ਯੋਗ ਸਮਾਨ ਅਤੇ ਡਾਂਗਾਂ ਤੇ ਹਥਿਆਰ ਮਿਲਣ ਕਰਕੇ ਸੀਲ ਕਰ ਦਿਤਾ ਗਿਆ ਹੈ।
ਹੰਡਿਆਇਆ 'ਚ ਸੇਵਾ ਕੇਂਦਰ ਦੀ ਭੰਨਤੋੜ, ਚਾਰ ਅਣਪਛਾਤਿਆਂ 'ਤੇ ਪਰਚਾ ਦਰਜ
ਹੰਡਿਆਇਆ, 26 ਅਗੱਸਤ (ਬੰਧਨਤੋੜ ਸਿੰਘ) : ਕਸਬਾ ਹੰਡਿਆਇਆ ਵਿਖੇ ਬੀਤੇ ਕੱਲ ਸੌਦਾ ਸਾਧ ਦੇ ਦੋਸ਼ੀ ਪਾਏ ਜਾਣ ਬਾਅਦ ਡੇਰਾ ਪ੍ਰੇਮੀਆਂ ਵਲੋਂ ਹੰਡਿਆਇਆ ਦੇ ਸੇਵਾ ਕੇਂਦਰ ਦੀ ਤੋੜ ਭੰਨ ਕਰ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਦੇ ਸਬੰਧ ਵਿਚ ਪੁਲਿਸ ਥਾਣਾ ਸਦਰ ਬਰਨਾਲਾ ਵਿਖੇ ਸੇਵਾ ਕੇਂਦਰ ਦੇ ਸਕਿਊਰਟੀ ਗਾਰਡ ਭਗਵੰਤ ਸਿੰਘ ਦੀ ਸ਼ਿਕਾਇਤ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਚੌਕੀ ਇੰਚਾਰਜ ਗੁਰਪਾਲ ਸਿੰਘ ਨੇ ਦਸਿਆ ਕਿ ਤਫ਼ਤੀਸ਼ੀ ਅਧਿਕਾਰੀ ਗਿਆਨ ਸਿੰਘ ਏ.ਐਸ.ਆਈ. ਦੀ ਤਫ਼ਤੀਸ਼ ਤਹਿਤ ਪਰਚਾ ਦਰਜ ਕਰ ਕੇ ਚਾਰ ਅਣਪਛਾਤੇ ਡੇਰਾ ਪੇਮੀਆਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।