ਲੜਕੀ ਨੂੰ ਅਗ਼ਵਾ ਕਰਨ ਵਾਲੇ ਵਿਰੁਧ ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਨੂੰ ਅਗ਼ਵਾ ਕਰਨ ਵਾਲੇ ਵਿਰੁਧ ਮਾਮਲਾ ਦਰਜ 

case registered against the kidnapper

ਕਪੂਰਥਲਾ (ਇੰਦਰਜੀਤ ਸਿੰਘ) : ਪਿੰਡ ਇੱਬਣ ਅੱਡੇ 'ਤੇ ਇਕ ਲੜਕੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਤੇ ਮਾਰਕੁਟ ਕਰ ਕੇ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਮਾਮਲੇ ਤਹਿਤ ਥਾਣਾ ਸਦਰ ਪੁਲਿਸ ਨੇ ਇਕ ਨੌਜਵਾਨ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲੜਕੀ ਨੇ ਦਸਿਆ ਕਿ ਉਹ ਇਕ ਨਿੱਜੀ ਅਕੈਡਮੀ ਵਿਚ ਬਿਊਟੀ ਪਾਰਲਰ ਦਾ ਕੋਰਸ ਕਰਦੀ ਹੈ ਤੇ ਬੀਤੀ ਸ਼ਾਮ ਜਦੋਂ ਉਹ ਬੱਸ ਵਿਚ ਘਰ ਵਾਪਸ ਆ ਰਹੀ ਸੀ ਤਾਂ ਬੱਸ ਵਿਚ ਬੈਠੇ ਇਕ ਨੌਜਵਾਨ ਨੇ ਅੱਡੇ 'ਤੇ ਉਤਰਨ ਮੌਕੇ ਉਸ ਨਾਲ ਕਥਿਤ ਤੌਰ 'ਤੇ ਹੱਥੋ ਪਾਈ ਕੀਤੀ, ਜਿਸ ਨਾਲ ਉਸ ਦੇ ਸੱਟਾਂ ਵੀ ਲਗੀਆਂ।

ਲੜਕੀ ਨੇ ਬੱਸ ਵਿਚ ਬੈਠੀ ਨੇ ਅਪਣੇ ਭਰਾ ਨੂੰ ਫ਼ੋਨ 'ਤੇ ਸੂਚਨਾ ਦਿਤੀ ਤੇ ਜਦੋਂ ਉਕਤ ਨੌਜਵਾਨ ਉਸ ਨੂੰ ਅਗ਼ਵਾ ਕਰਨ ਲੱਗਾ ਤਾਂ ਮੌਕੇ 'ਤੇ ਹੀ ਉਸ ਦਾ ਭਰਾ ਮੋਟਰਸਾਈਕਲ 'ਤੇ ਪਹੁੰਚ ਗਿਆ ਤੇ ਉਸ ਨੂੰ ਘਰ ਲੈ ਆਇਆ। ਮਾਮਲੇ ਸਬੰਧੀ ਬੀਤੀ ਰਾਤ ਉਨ੍ਹਾਂ ਨੇ ਸਾਇੰਸ ਸਿਟੀ ਚੌਕੀ ਨੂੰ ਸ਼ਿਕਾਇਤ ਦਿਤੀ ਸੀ। 

ਥਾਣਾ ਸਦਰ ਮੁਖੀ ਪਰਮਿੰਦਰ ਸਿੰਘ ਸਿਵਲ ਹਸਪਤਾਲ ਵਿਖੇ ਪਹੁੰਚੇ ਤੇ ਉਨ੍ਹਾਂ ਲੜਕੀ ਕੋਲੋਂ ਸਾਰੀ ਘਟਨਾ ਦੀ ਜਾਣਕਾਰੀ ਲਈ। ਥਾਣਾ ਮੁਖੀ ਨੇ ਦਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਤਹਿਤ ਹਮਲਾਵਰ ਨੌਜਵਾਨ ਵਿਰੁਧ ਛੇੜਛਾੜ, ਚੋਰੀ ਤੇ ਧਮਕਾਉਣ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।