ਪ੍ਰੇਮੀਆਂ ਨੂੰ ਘਰ ਛੱਡਣ ਬਦਲੇ ਪੀਆਰਟੀਸੀ ਹਰਿਆਣਾ ਸਰਕਾਰ ਤੋਂ ਵਸੂਲੇਗੀ ਕਿਰਾਇਆ
ਪ੍ਰੇਮੀਆਂ ਨੂੰ ਘਰੋ-ਘਰੀ ਛੱਡਣ ਬਦਲੇ ਪੀਆਰਟੀਸੀ ਹੁਣ ਹਰਿਆਣਾ ਸਰਕਾਰ ਤੋਂ ਕਿਰਾਇਆ ਰਾਸ਼ੀ ਵਸੂਲੇਗੀ। ਪੰਜਾਬ ਸਰਕਾਰ ਦੇ ਆਦੇਸਾਂ 'ਤੇ ਹਰਿਆਣਾ 'ਚ ਅਮਨ ਤੇ ਕਾਨੂੰਨ ਬਰਕਰਾਰ..
ਬਠਿੰਡਾ, 26 ਅਗੱਸਤ (ਸੁਖਜਿੰਦਰ ਮਾਨ) : ਪ੍ਰੇਮੀਆਂ ਨੂੰ ਘਰੋ-ਘਰੀ ਛੱਡਣ ਬਦਲੇ ਪੀਆਰਟੀਸੀ ਹੁਣ ਹਰਿਆਣਾ ਸਰਕਾਰ ਤੋਂ ਕਿਰਾਇਆ ਰਾਸ਼ੀ ਵਸੂਲੇਗੀ। ਪੰਜਾਬ ਸਰਕਾਰ ਦੇ ਆਦੇਸਾਂ 'ਤੇ ਹਰਿਆਣਾ 'ਚ ਅਮਨ ਤੇ ਕਾਨੂੰਨ ਬਰਕਰਾਰ ਰੱਖਣ ਲਈ ਪੀਆਰਟੀਸੀ ਦੀਆਂ ਕਰੀਬ 100 ਬੱਸਾਂ ਜ਼ੀਰਕਪੁਰ ਤੋਂ ਦੱਖਣੀ ਮਾਲਵਾ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰੇਮੀਆਂ ਨੂੰ ਛੱਡਣ ਲਈ ਲਗਾਈਆਂ ਸਨ। ਇਹੀਂ ਨਹੀਂ ਅੱਗੇ ਬਰਨਾਲਾ, ਸੰਗਰੂਰ, ਬੁਢਲਾਡਾ ਤੇ ਬਠਿੰਡਾ ਡਿੱਪੂ ਦੀਆਂ ਬੱਸਾਂ ਨੇ ਪ੍ਰੇਮੀਆਂ ਨੂੰ ਉਨ੍ਹਾਂ ਦੇ ਪਿੰਡ-ਪਿੰਡ ਤਕ ਪਹੁੰਚਾਉਣ ਵਿਚ ਮਦਦ ਕੀਤੀ। ਹਰਿਆਣਾ ਸਰਕਾਰ ਨੇ ਵੀ ਇਸ ਵਿਵਾਦ ਕਾਰਨ ਹੋਏ ਨੁਕਸਾਨ ਦੀ ਭਰਪਾਈ ਦਾ ਵਾਅਦਾ ਕੀਤਾ ਹੈ।
ਪੀਆਰਟੀਸੀ ਦੇ ਮੈਨੈਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਇਸਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਪੰਜਾਬ ਸਰਕਾਰ ਵਲੋਂ ਹਰਿਆਣਾ 'ਚ ਅਮਨ ਤੇ ਕਾਨੂੰਨ ਬਹਾਲੀ ਲਈ ਮਦਦ ਕਰਨ ਵਾਸਤੇ ਹੀ ਪੀਆਰਟੀਸੀ ਨੂੰ ਇਹ ਸੇਵਾਵਾਂ ਦੇਣ ਲਈ ਕਿਹਾ ਸੀ। ਐਮ.ਡੀ ਨਾਰੰਗ ਨੇ ਦਸਿਆ ਕਿ ਜ਼ੀਰਕਪੁਰ ਤੋਂ ਅੱਗੇ ਜਾਣ ਵਾਲੇ ਜਿਆਦਾਤਰ ਪ੍ਰੇਮੀਆਂ ਨੇ ਕੋਈ ਟਿਕਟ ਨਹੀਂ ਲਈ ਤੇ ਨਾ ਹੀ ਅਜਿਹੇ ਮਾਹੌਲ 'ਚ ਟਿਕਟ ਲਈ ਜੋਰ ਪਾਇਆ ਜਾ ਸਕਦਾ ਸੀ, ਜਿਸਦੇ ਚੱਲਦੇ ਪੀਆਰਟੀਸੀ ਨੂੰ ਕਰੀਬ 20 ਲੱਖ ਦਾ ਨੁਕਸਾਨ ਹੋਇਆ ਹੈ ਤੇ ਇਹ ਰਾਸ਼ੀ ਹਰਿਆਣਾ ਸਰਕਾਰ ਤੋਂ ਲਈ ਜਾਵੇਗੀ। ਅਗਲੇ ਦਿਨਾਂ 'ਚ ਪੀਆਰਟੀਸੀ ਦੀ ਬੱਸ ਸੇਵਾ ਬਹਾਲ ਕਰਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮਾਹੌਲ ਠੀਕ ਹੋਣ 'ਤੇ ਹੀ ਪੂਰੀ ਸੇਵਾ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਮਾਲਵਾ ਖੇਤਰ 'ਚ ਹਾਲੇ ਤਨਾਅ ਹੈ ਅਤੇ ਕਾਰਪੋਰੇਸ਼ਨ ਦੇ ਜਿਆਦਾਤਰ ਡਿੱਪੂ ਮਾਲਵਾ 'ਚ ਹੀ ਹਨ।
ਗੌਰਤਲਬ ਹੈ ਕਿ ਪੰਚਕੂਲਾ ਵੱਲ ਗਏ ਜ਼ਿਆਦਾਤਰ ਡੇਰਾ ਪ੍ਰੇਮੀ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਸਨ। ਇਹ ਪ੍ਰੇਮੀ ਬੀਤੇ ਕੱਲ ਡੇਰਾ ਮੁਖੀ ਨੂੰ ਪੇਸ਼ ਕਰਨ ਤੋਂ ਦੋ-ਤਿੰਨ ਪਹਿਲਾਂ ਹੀ ਆਪੋ-ਅਪਣੇ ਸਾਧਨਾਂ ਜਾਂ ਫਿਰ ਜਨਤਕ ਬੱਸ ਸਰਵਿਸ ਰਾਹੀਂ ਥੋੜੇ-ਥੋੜੇ ਕਰ ਕੇ ਪੰਚਕੂਲਾ ਪੁੱਜੇ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਇਹ ਪ੍ਰੇਮੀ ਬੀਤੇ ਕਲ ਤਕ ਉਥੇ ਡਟੇ ਰਹੇ ਸਨ। ਇੰਨ੍ਹਾਂ ਵਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਫੈਲ ਗਈ ਤੇ ਸਰਕਾਰ ਨੂੰ ਕੇਂਦਰੀ ਸੁਰੱਖਿਆ ਬਲਾਂ ਤੋਂ ਬਾਅਦ ਫ਼ੌਜ ਨੂੰ ਬੁਲਾਉਣਾ ਪਿਆ। ਫ਼ੌਜ ਦੇ ਜਵਾਨਾਂ ਵਲੋਂ ਹੀ ਬੀਤੀ ਸਾਰੀ ਰਾਤ ਇੰਨ੍ਹਾਂ ਪ੍ਰੇਮੀਆਂ ਨੂੰ ਉਥੋਂ ਸਖ਼ਤੀ ਨਾਲ ਖਦੇੜਿਆ। ਪੰਜਾਬ ਸਰਕਾਰ ਨੇ ਵੀ ਗਵਾਂਢੀ ਰਾਜ ਦੀ ਮਦਦ ਲਈ ਪੀਆਰਟੀਸੀ ਨੂੰ ਇਨ੍ਹਾਂ ਪ੍ਰੇਮੀਆਂ ਨੂੰ ਉਨ੍ਹਾਂ ਦੇ ਖੇਤਰਾਂ 'ਚ ਛੱਡਣ ਲਈ ਬੱਸ ਸਰਵਿਸ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਸਨ। ਜਿਸ ਤੋਂ ਬਾਅਦ ਰਾਤੋ-ਰਾਤ ਪੀਆਰਟੀਸੀ ਵਲੋਂ ਚੰਡੀਗੜ੍ਹ, ਪਟਿਆਲਾ, ਸੰਗਰੂਰ ਆਦਿ ਡਿੱਪੂਆਂ ਦੀਆਂ ਬੱਸਾਂ ਨੂੰ ਇਸ ਕੰਮ 'ਤੇ ਲਗਾਇਆ ਸੀ।
ਉਧਰ ਪਿਛਲੇ ਤਿੰਨ ਦਿਨਾਂ ਤੋਂ ਡੇਰਾ ਵਿਵਾਦ ਕਾਰਨ ਬੱਸ ਅੱਡਿਆਂ 'ਚ ਬੰਦ ਸਰਕਾਰੀ ਬੱਸ ਸੇਵਾ ਦੇ ਹਾਲੇ ਦੋ ਦਿਨ ਹੋਰ ਸ਼ੁਰੂ ਹੋਣ ਦੀ ਉਮੀਦ ਨਹੀਂ। 28 ਅਗੱਸਤ ਨੂੰ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੰਭਾਵਤ ਰੋਸ ਨੂੰ ਵੇਖਦਿਆਂ ਪੀਆਰਟੀਸੀ ਦੀ ਮੈਨੇਜਮੈਂਟ ਨੇ ਹਾਲੇ ਬਸਾਂ ਨੂੰ ਚਲਾਉਣ ਦਾ ਫ਼ੈਸਲਾ ਨਹੀਂ ਲਿਆ ਹੈ।
ਡੇਰਾ ਮੁਖੀ ਵਿਵਾਦ ਪੀਆਰਟੀਸੀ ਨੂੰ 6 ਕਰੋੜ 'ਚ ਪਿਆ ਹੈ। 25 ਅਗੱਸਤ ਨੂੰ ਡੇਰਾ ਮੁਖੀ ਦੀ ਪੇਸ਼ੀ ਨੂੰ ਲੈ ਕੇ ਮਾਹੌਲ ਖ਼ਰਾਬ ਹੋਣ ਦੀ ਸੰਭਾਵਨਾ ਦੇ ਚਲਦੇ ਕਾਰਪੋਰੇਸ਼ਨ ਵਲੋਂ 24 ਬਾਅਦ ਦੁਪਿਹਰ ਤੋਂ ਹੀ ਅੰਤਰਰਾਜੀ ਰੂਟਾਂ ਅਤੇ ਮਾਲਵਾ ਪੱਟੀ ਦੇ ਕੁੱਝ ਜ਼ਿਲ੍ਹਿਆਂ 'ਚ ਬੱਸ ਸੇਵਾ ਬੰਦ ਕਰਨੀ ਪਈ ਸੀ। ਇਸ ਤੋਂ ਬਾਅਦ 25 ਤੇ 26 ਨੂੰ ਵੀ ਪੀਆਰਟੀਸੀ ਦੀਆਂ ਸਾਰੀ ਬੱਸ ਸੇਵਾ ਮੁਕੰਮਲ ਬੰਦ ਰਹੀ। ਮਾਹੌਲ ਨੂੰ ਦੇਖਦੇ ਹੋਏ ਹਾਲੇ 28 ਅਗੱਸਤ ਤਕ ਇਹ ਬੱਸ ਸੇਵਾ ਬੰਦ ਰਹਿਣ ਦੀ ਸੰਭਾਵਨਾ ਹੈ।
ਪੀਆਰਟੀਸੀ ਦੀ ਰੋਜ਼ਾਨਾ ਦੀ ਕਮਾਈ ਕਰੀਬ ਸਵਾ ਕਰੋੜ ਹੈ ਅਤੇ ਚਾਰ ਦਿਨਾਂ 'ਚ ਇਸਨੂੰ ਪੰਜ ਕਰੋੜ ਦਾ ਸਿੱਧਾ ਘਾਟਾ ਪਿਆ ਹੈ। ਇਸ ਤੋਂ ਇਲਾਵਾ 24 ਅਗੱਸਤ ਨੂੰ ਵੀ ਸਿਰਫ਼ 40 ਲੱਖ ਹੀ ਪ੍ਰਾਪਤ ਹੋਏ ਸਨ।