ਹਿੰਦੂ ਸੁਰੱਖਿਆ ਸਮਿਤੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁਧ ਕੀਤਾ ਜਾਗਰੂਕ
ਆਏ ਦਿਨ ਨਸ਼ੇ ਦੀ ਲਤ ਨਾਲ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਕਾਰਨ ਕਈ ਪਰਵਾਰ ਤਬਾਹ ਹੋ ਰਹੇ ਹਨ
ਦੀਨਾਨਗਰ (ਦੀਪਕ ਕੁਮਾਰ) : ਆਏ ਦਿਨ ਨਸ਼ੇ ਦੀ ਲਤ ਨਾਲ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਕਾਰਨ ਕਈ ਪਰਵਾਰ ਤਬਾਹ ਹੋ ਰਹੇ ਹਨ ਪਰ ਹਾਲਾਤ ਫਿਰ ਵੀ ਇਹ ਬਣੇ ਹੋਏ ਹਨ ਕਿ ਨਸ਼ੇ ਦੇ ਤਸਕਰ ਬੇਖ਼ੌਫ਼ ਆਪਣੇ ਧੰਦੇ ਨੂੰ ਓਵੇਂ ਜਿਵੇਂ ਚਲਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਿੰਦੂ ਸੁਰੱਖਿਆ ਸਮਿਤੀ ਦੇ ਯੂਥ ਪ੍ਰਧਾਨ ਜਤਿਨ ਕੁਮਾਰ ਨੇ ਕੀਤਾ।
ਹਿੰਦੂ ਸੁਰੱਖਿਆ ਸਮਿਤੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਯੂਥ ਪ੍ਰਧਾਨ ਜਤਿਨ ਕੁਮਾਰ ਦੀ ਅਗਵਾਈ ਵਿਚ ਦੀਨਾਨਗਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਹਿੰਦੂ ਸੁਰੱਖਿਆ ਸਮਿਤੀ ਦੇ ਪੰਜਾਬ ਵਾਈਸ ਪ੍ਰਧਾਨ ਡਾ. ਹਰਿਦੇਵ ਅਗਨੀਹੋਤਰੀ ਸ਼ਾਮਲ ਹੋਏ। ਇਸ ਮੌਕੇ ਸਮਿਤੀ ਦੇ ਮੀਤ ਪ੍ਰਧਾਨ ਵਲੋਂ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਨਸ਼ਾ ਕਰਨ ਦੇ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਡਾ.ਹਰਿਦੇਵ ਅਗਨੀਹੋਤਰੀ ਅਤੇ ਜਤਿਨ ਕੁਮਾਰ ਨੇ ਦੱਸਿਆ ਕਿ ਸਮਿਤੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਕ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਵੱਖ-ਵੱਖ ਸ਼ਹਿਰ ਅਤੇ ਪਿੰਡਾਂ 'ਚ ਟੀਮਾਂ ਗਠਿਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੈਮੀਨਾਰ ਲਗਾਏ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਨਸ਼ਾ ਇਕ ਸਮਾਜ ਵਿਚ ਬਹੁਤ ਵੱਡਾ ਕੋਹੜ ਹੈ, ਇਸ ਸਬੰਧੀ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ।