ਗੁਰੂ ਰਾਮਦਾਸ ਹਵਾਈ ਅੱਡਾ ਉੱਚੀਆਂ ਹਵਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੇ 34 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

Guru Ramdas Airport

ਸਥਾਨਕ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇ ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ ਵਿਚ ਯਾਤਰੀਆਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਭਾਰਤ ਦੇ 34 ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਪਿੱਛੇ ਛੱਡ ਦਿਤਾ ਹੈ। ਇਹ ਦਾਅਵਾ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਸਮੀਪ ਸਿੰਘ ਗੁਮਟਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੇ ਜਨਵਰੀ 2018 ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਇਸ ਹਵਾਈ ਅੱਡੇ 'ਤੇ ਘਰੇਲੂ ਅਤੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿੱਤੀ ਸਾਲ 2017-18 ਦੇ ਅਪਰੈਲ ਤੋਂ ਜਨਵਰੀ ਤਕ ਦੇ 10 ਮਹੀਨਿਆਂ ਵਿਚ ਇਥੋਂ ਘਰੇਲੂ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ 10 ਮਹੀਨਿਆਂ ਦੇ ਮੁਕਾਬਲੇ 61% ਵਾਧਾ ਹੋਇਆ ਹੈ ਜੋ ਦੇਸ਼ ਵਿਚ ਸੱਭ ਤੋਂ ਜ਼ਿਆਦਾ ਸੀ। ਇਕ ਹੋਰ ਅਹਿਮ ਪ੍ਰਾਪਤੀ ਇਹ ਹੈ ਕਿ ਇਸ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਵੀ ਭਾਰਤ ਦੇ ਬਾਕੀ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੂੰ ਵੀ ਮਾਤ ਪਾ ਦਿਤਾ ਹੈ। ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਕੁਲ (ਘਰੇਲੂ ਤੇ ਅੰਤਰ-ਰਾਸ਼ਟਰੀ) ਹਵਾਈ ਉਡਾਣਾਂ ਦੀ ਗਿਣਤੀ ਵਿਚ 53% ਤੇ ਘਰੇਲੂ ਉਡਾਣਾਂ ਵਿਚ ਵੀ 78% ਵਾਧੇ ਨਾਲ ਇਹ ਹਵਾਈ ਅੱਡਾ ਪਹਿਲੇ ਸਥਾਨ 'ਤੇ ਹੈ। 

ਇਨ੍ਹਾਂ 10 ਮਹੀਨਿਆਂ ਵਿਚ ਆਈਆਂ ਤੇ ਗਈਆਂ ਹਵਾਈ ਉਡਾਣਾਂ ਦੀ ਗਿਣਤੀ 14724 ਸੀ ਜਦਕਿ ਪਿਛਲੇ ਸਾਲ 2016-17 ਦੀ  ਗਿਣਤੀ 9621 ਸੀ। ਜਨਵਰੀ 2018 ਵਿਚ ਵੀ ਹਵਾਈ ਜਹਾਜ਼ਾਂ ਦੀ ਕੁਲ ਆਵਾਜਾਈ ਵਿਚ ਪਿਛਲੇ ਸਾਲ ਜਨਵਰੀ 2017 ਦੇ ਮੁਕਾਬਲੇ 51.7% ਦੇ ਵਾਧੇ ਨਾਲ ਅੰਮ੍ਰਿਤਸਰ ਦਾ ਪਹਿਲਾ ਸਥਾਨ ਰਿਹਾ। ਇਸ ਸਮੇਂ ਯਾਤਰੂਆਂ ਦੀ ਗਿਣਤੀ 18.6 ਲੱਖ ਸੀ ਜਿਨ੍ਹਾਂ ਵਿਚੋਂ 13.5 ਲੱਖ ਘਰੇਲੂ ਤੇ 5.1 ਲੱਖ ਵਿਦੇਸ਼ੀ ਯਾਤਰੂ ਸਨ ਜਦਕਿ ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਯਾਤਰੂਆਂ ਦੀ ਗਿਣਤੀ 12.9 ਲੱਖ ਸੀ ਜਿਨ੍ਹਾਂ ਵਿਚੋਂ 8.4 ਲੱਖ ਘਰੇਲੂ ਤੇ 4.4 ਲੱਖ ਅੰਤਰ-ਰਾਸ਼ਟਰੀ ਯਾਤਰੂ ਸਨ। ਇਸ ਤਰ੍ਹਾਂ ਇਹ ਵਾਧਾ 44% ਹੋਇਆ ਹੈ। ਇਸ ਪੱਖੋਂ ਅੰਮ੍ਰਿਤਸਰ ਇਸ ਸਮੇਂ ਚੌਥੇ ਸਥਾਨ 'ਤੇ ਹੈ। ਜਨਵਰੀ 2017 ਵਿਚ ਯਾਤਰੂਆਂ ਦੀ ਮਹੀਨੇ ਦੀ ਗਿਣਤੀ 1.49 ਲੱਖ ਸੀ, ਉਹ ਜਨਵਰੀ 2018 ਵਿਚ ਵੱਧ ਕੇ 2.23 ਲੱਖ ਹੋ ਗਈ। ਇਸ ਤਰ੍ਹਾਂ ਇਹ ਵਾਧਾ 50.3% ਸੀ। ਅਕਤੂਬਰ 2017 ਵਿਚ ਯਾਤਰੂਆਂ ਦੀ ਗਿਣਤੀ ਨੇ ਪਹਿਲੀ ਵਾਰ 2 ਲੱਖ ਦਾ ਅੰਕੜਾ ਪਾਰ ਕੀਤਾ ਤੇ ਇਹ ਲਗਾਤਾਰ ਵੱਧ ਰਹੀ ਹੈ।ਘਰੇਲੂ ਯਾਤਰੀਆਂ ਦੀ ਗਿਣਤੀ ਵਿਚ 74% ਵਾਧੇ ਨਾਲ ਇਹ ਤੀਜੇ ਨੰਬਰ 'ਤੇ ਰਿਹਾ ਜਦਕਿ ਸ੍ਰੀਨਗਰ ਪਹਿਲੇ ਤੇ ਮਦੁਰਾਈ ਦਾ ਦੂਜਾ ਸਥਾਨ ਸੀ। ਇਹ ਵਾਧਾ ਦੇਸ਼ ਭਰ ਦੀ 17% ਔਸਤ ਤੋਂ ਕਿਤੇ ਵੱਧ ਹੈ। ਇਥੋਂ ਜਨਵਰੀ 2018 ਵਿਚ 1.65 ਲੱਖ ਘਰੇਲੂ ਤੇ 59,256 ਅੰਤਰ-ਰਾਸ਼ਟਰੀ ਯਾਤਰੀਆਂ ਨੇ ਉਡਾਣਾਂ ਭਰੀਆਂ। ਦਸੰਬਰ 2017 ਵਿਚ ਹਫ਼ਤੇ ਵਿਚ ਦੋ ਵਾਰ ਲਈ ਸ਼ੁਰੂ ਕੀਤੀ ਗਈ ਅੰਮ੍ਰਿਤਸਰ-ਨਾਂਦੇੜ ਉਡਾਣ ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਤੇ ਇਹ 80% ਤੋਂ ਵੱਧ ਭਰੀ ਹੁੰਦੀ ਹੈ।