ਪੰਚਕੂਲਾ ਹਿੰਸਾ : 524 ਡੇਰਾ ਪ੍ਰੇਮੀ ਗ੍ਰਿਫ਼ਤਾਰ, ਦੇਸ਼ ਧ੍ਰੋੋਹ ਦਾ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਪੁਲਿਸ ਨੇ ਸੀ.ਬੀ.ਆਈ ਕੋਰਟ ਪੰਚਕੂਲਾ ਵਲੋਂ ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਮਾਮਲੇਂ ਵਿਚ ਦੋਸ਼ੀ ਸਿੱਧ ਕਰਨ ਤੋਂ ....

violence

ਚੰਡੀਗੜ੍ਹ, 26 ਅਗੱਸਤ (ਜੈ ਸਿੰਘ ਛਿੱਬਰ) : ਹਰਿਆਣਾ ਪੁਲਿਸ ਨੇ ਸੀ.ਬੀ.ਆਈ ਕੋਰਟ ਪੰਚਕੂਲਾ ਵਲੋਂ ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਮਾਮਲੇਂ ਵਿਚ ਦੋਸ਼ੀ ਸਿੱਧ ਕਰਨ ਤੋਂ ਬਾਅਦ ਭੜਕੀ ਹਿੰਸਾ ਦੌਰਾਨ 28 ਲੋਕਾਂ ਦੀ ਮੌਤ ਮਾਮਲੇ ਵਿਚ ਡੇਰਾ ਪ੍ਰੇਮੀਆਂ ਵਿਰੁਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹਿੰਸਾ ਦੇ ਸਬੰਧ ਵਿਚ ਵੱਖ-ਵੱਖ ਅੱਠ ਮੁਕੱਦਮੇ ਦਰਜ ਕਰ ਕੇ 524 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ ਢੇਸੀ ਨੇ ਕਿਹਾ ਕਿ ਚੈਕਿੰਗ ਦੌਰਾਨ ਡੇਰੇ ਦੇ ਇਕ ਵਾਹਨ ਵਿਚੋਂ ਇਕ ਏ.ਕੇ 47 ਰਾਈਫਲ, ਇਕ ਮਾਊਜਰ ਤੇ ਇਕ ਹੋਰ ਗੱਡੀ ਵਿਚੋਂ ਦੋ ਬੰਦੂਕਾਂ, 5 ਪਿਸਤੌਲ ਬਰਾਮਦ ਕੀਤੇ ਗਏ ਹਨ। ਡੇਰਾ ਸਮਰਥਕਾਂ ਵਿਰੁਧ ਦੇਸ਼ ਧ੍ਰੋਹ ਦੇ ਅਲੱਗ ਅਲੱਗ ਕੇਸ ਦਰਜ ਕੀਤੇ ਗਏ ਹਨ।
ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ ਢੇਸੀ, ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਰਾਮ ਨਿਵਾਸ ਅਤੇ ਪੁਲਿਸ ਮੁਖੀ ਬੀ.ਐਸ ਸੰਧੂ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਕਿ 28 ਮ੍ਰਿਤਕਾਂ ਵਿਚ 3 ਔਰਤਾਂ ਤੇ ਇਕ ਬੱਚਾ ਸ਼ਾਮਲ ਸੀ। ਜਦਕਿ ਸਿਰਸਾ ਵਿਖੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ।
ਭੜਕੀ ਹਿੰਸਾ ਦੌਰਾਨ 250 ਵਿਅਕਤੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚ 50 ਪੁਲਿਸ ਮੁਲਾਜ਼ਮ ਹਨ। ਸ੍ਰੀ ਢੇਸੀ ਨੇ ਦਸਿਆ ਕਿ ਜ਼ਖ਼ਮੀਆਂ ਵਿਚੋਂ 31 ਵਿਅਕਤੀਆਂ ਦੀ ਇਲਾਜ ਤੋਂ ਬਾਅਦ ਛੁੱਟੀ ਕਰ ਦਿਤੀ ਗਈ ਹੈ ਅਤੇ 61 ਵਿਅਕਤੀ ਇਲਾਜ ਅਧੀਨ ਹਨ, ਜਿਨ੍ਹਾਂ 'ਚ 6 ਪੁਲਿਸ ਮੁਲਾਜਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰ ਦਿਤਾ ਗਿਆ ਹੈ।
ਹਿੰਸਕ ਘਟਨਾ ਦੌਰਾਨ ਪੰਚਕੂਲਾਂ ਵਿਖੇ 28 ਵਾਹਨਾਂ ਨੂੰ ਅੱਗ ਲਗਾਈ ਗਈ ਸੀ। ਅੱਗ ਲਗਣ ਕਾਰਨ ਦੋ ਸਰਕਾਰੀ ਇਮਾਰਤਾਂ ਆਮਦਨ ਕਰ ਦਫਤਰ ਤੇ ਹਾਰਟ੍ਰੋਨ ਦਫ਼ਤਰ ਨੂੰ ਅੱਗ ਲਗਾਈ ਗਈ ਸੀ। ਜਦਕਿ ਛੇ ਨਿੱਜੀ ਦੁਕਾਨਾਂ ਨੂੰ ਵੀ ਅੱਗ ਦਾ ਹਵਾਲੇ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਅਮਨ ਸ਼ਾਂਤੀ ਬਣਾਈ ਰਖਣ ਲਈ 101 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ ਜਦੋਂ ਕਿ ਫ਼ੌਜ ਦੀ 10 ਟੁਕੜੀਆਂ ਵੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਅੰਦਰ ਅਤੇ ਬਾਹਰ ਫ਼ੌਜ ਤੇ ਅਰਧ ਸੈਨਿਕਾਂ ਬਲਾਂ ਦੀ ਤੈਨਾਤੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਕੀਤੀ ਗਈ ਹੈ।
ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੀ ਜੈਡ ਪਲੱਸ ਸਰੁੱਖਿਆ ਖ਼ਤਮ ਹੋ ਗਈ ਹੈ।