ਢਿਲਵਾਂ ਨਾਮ ਚਰਚਾ ਘਰ 'ਤੇ ਪੁਲਿਸ ਵਲੋਂ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਬ ਡਵੀਜ਼ਨ ਉਪਰਲੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਫ਼ੌਜ ਦੀ ਮਦਦ ਨਾਲ ਡੇਰਾ ਸਿਰਸਾ ਪ੍ਰੇਮੀਆਂ ਵਲੋ ਉਸਾਰੇ ਨਾਮ ਚਰਚਾ ਘਰ ਢਿਲਵਾਂ ਉਪਰ ਧਾਵਾ ਬੋਲ ਕੇ

Naam charcha ghar dhilwan

ਤਪਾ ਮੰਡੀ, 26 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਥਾਨਕ ਸਬ ਡਵੀਜ਼ਨ ਉਪਰਲੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਫ਼ੌਜ ਦੀ ਮਦਦ ਨਾਲ ਡੇਰਾ ਸਿਰਸਾ ਪ੍ਰੇਮੀਆਂ ਵਲੋ ਉਸਾਰੇ ਨਾਮ ਚਰਚਾ ਘਰ ਢਿਲਵਾਂ ਉਪਰ ਧਾਵਾ ਬੋਲ ਕੇ ਛਾਣਬੀਣ ਕੀਤੀ ਗਈ। ਛਾਣਬੀਣ ਕਰਨ ਪੁੱਜੇ ਅਧਿਕਾਰੀਆਂ ਵਿਚ ਮਨਕੰਵਲ ਸਿੰਘ ਚਹਿਲ ਪੀ.ਸੀ.ਐਸ, ਉਪ ਕਪਤਾਨ ਪੁਲਿਸ ਅੱਛਰੂ ਰਾਮ ਸ਼ਰਮਾ ਸਣੇ ਡਿਊਟੀ ਮੈਜਿਸਟਰੇਟ ਬਲਕਰਨ ਸਿੰਘ ਤਹਿਸੀਲਦਾਰ ਅਤੇ ਥਾਣਾ ਮੁਖੀ ਮਨਜੀਤ ਸਿੰਘ ਪ੍ਰਮੁੱਖ ਸਨ ਜਦਕਿ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਅਤੇ ਫ਼ੌਜੀ ਜਵਾਨ ਤਲਾਸ਼ੀ ਮੁਹਿੰਮ ਆਪ੍ਰੇਸ਼ਨ ਵਿਚ ਹਾਜ਼ਰ ਸਨ।
ਅਧਿਕਾਰੀਆਂ ਨੂੰ ਨਾਮ ਚਰਚਾ ਘਰ ਅੰਦਰ ਸਿਰਫ਼ ਤਿੰਨ ਵਿਅਕਤੀ ਹਾਜ਼ਰ ਮਿਲੇ, ਜਦਕਿ ਨਾਮ ਚਰਚਾ ਘਰ ਵਿਚੋਂ ਇਕੋਸਾਰ ਮਿਣਤੀ ਦੇ ਭਾਰੀ ਮਾਤਰਾ ਵਿਚ ਸਰੀਏ, ਡਾਗਾਂ, ਬੱਲੀਆਂ ਸਣੇ ਪੱਖਿਆਂ ਦੀਆ ਰਾਡਾਂ ਵੀ ਮਿਲੀਆਂ। ਜਿਨ੍ਹਾਂ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿਚ ਲੈ ਲਿਆ, ਜਦਕਿ ਨਾਮ ਚਰਚਾ ਘਰ ਵਿਚ ਰਾਖੀ ਲਈ ਬੈਠੇ ਤਿੰਨੇ ਵਿਅਕਤੀਆਂ ਉਪਰ ਕਾਨੂੰਨੀ ਕਾਰਵਾਈ ਕਰਨ ਸਬੰਧੀ ਡੀ.ਐਸ.ਪੀ ਤਪਾ ਏ.ਆਰ. ਸ਼ਰਮਾ ਨੇ ਸਪੱਸ਼ਟ ਕੀਤਾ ਕਿ ਸਮੁੱਚੇ ਘਟਨਾਕ੍ਰਮ ਤੋ ਉਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿਤਾ ਹੈ। ਜਿਨ੍ਹਾਂ ਦੇ ਹੁਕਮਾਂ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਦਕਿ ਮਿਲੇ ਸਮਾਨ ਸਬੰਧੀ ਕਿਹਾ ਕਿ ਭਾਵੇਂ ਉਕਤ ਸਮਾਨ ਆਮ ਵਰਤੋਂ ਵਾਲਾ ਹੀ ਹੈ ਪਰ ਅਜਿਹੇ ਮੌਕੇ ਇਨ੍ਹਾਂ ਨੂੰ ਮਾਰੂ ਹਥਿਆਰਾਂ ਵਜੋਂ ਵੀ ਵਰਤਿਆ ਜਾ ਸਕਦਾ ਹੈ। ਖ਼ਬਰ ਲਿਖੇ ਜਾਣ ਤਕ ਅਧਿਕਾਰੀ ਕਈ ਹੋਰਨਾਂ ਪਹਿਲੂਆਂ ਉਪਰ ਵਿਚਾਰ ਕਰ ਰਹੇ ਸਨ ਜਦਕਿ ਚਰਚਾ ਘਰ ਦੇ ਅੰਦਰ ਬਾਹਰ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਸੀ।