ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਅਬੋਹਰ 'ਚ ਹਾਲਾਤ ਕਾਬੂ ਹੇਠ
ਸੌਦਾ ਸਾਧ ਨੂੰ ਅੱਜ ਜਿਵੇਂ ਹੀ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਬਲਾਤਕਾਰ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਤਾਂ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ ਅਤੇ..
ਅਬੋਹਰ, 25 ਅਗੱਸਤ (ਤੇਜਿੰਦਰ ਸਿੰਘ ਖਾਲਸਾ) : ਸੌਦਾ ਸਾਧ ਨੂੰ ਅੱਜ ਜਿਵੇਂ ਹੀ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਬਲਾਤਕਾਰ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਤਾਂ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਕੁਝ ਹਿਸਿੱਆਂ ਵਿਚ ਮਾਹੌਲ ਤਨਾਅਪੂਰਨ ਬਣ ਗਿਆ ਜਦ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਕਰਫਿਊ ਵੀ ਲਗਾ ਦਿਤੇ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਤਕ ਸਕੂਲ ਕਾਲਜ ਬੰਦ ਕੀਤੇ ਜਾਣ ਦੇ ਹੁਕਮ ਦੇ ਦਿਤੇ ਹਨ। ਅਬੋਹਰ ਇਲਾਕੇ ਦੇ ਗੁਆਢੀ ਸ਼ਹਿਰ ਮਲੋਟ ਅਤੇ ਫ਼ਾਜ਼ਿਲਕਾ ਵਿਚ ਕੁੱਝ ਘਟਨਾਵਾਂ ਹੋਣ ਦੀ ਸੂਚਨਾ ਮਿਲੀ ਹੈ ਜਦ ਕਿ ਅਬੋਹਰ ਵਿਚ ਦੇਰ ਸ਼ਾਮ ਤਕ ਮਾਹੌਲ ਕਾਬੂ ਹੇਠ ਸੀ ਜਦ ਕਿ ਚੱਪੇ ਚੱਪੇ ਦੇ ਪੁਲਿਸ ਪ੍ਰਸ਼ਾਸਨ ਵਲੋਂ ਨਜ਼ਰ ਰੱਖੀ ਗਈ ਹੈ।
ਦੂਜੇ ਪਾਸੇ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਦੇ ਖ਼ਬਰ ਜਦ ਸ਼ਹਿਰ ਵਿਚ ਫੈਲੀ ਤਾਂ ਬਜ਼ਾਰਾਂ ਵਿਚ ਸਨਾਟਾ ਛਾ ਗਿਆ ਅਤੇ ਦੁਕਾਨਦਾਰ ਅਪਣੀਆਂ ਦੁਕਾਨਾਂ ਬੰਦ ਕਰ ਕੇ ਘਰਾਂ ਨੂੰ ਜਾਣ ਲੱਗ ਪਏ। ਪੁਲਿਸ ਨੇ ਸੁਰੱਖਿਆ ਦੇ ਤੌਰ ਤੇ ਆਮ ਲੋਕਾਂ ਨੂੰ ਅਪਣੇ ਘਰਾਂ ਵਿਚ ਜਾਣ ਦੀ ਅਪੀਲ ਕੀਤੀ ਜਦ ਕਿ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਮੁੱਖ ਬਜ਼ਾਰ ਵਿਚ ਸਵੇਰ ਤੋਂ ਸਨਾਟਾ ਛਾਇਆ ਹੋਇਆ ਸੀ। ਉਕਤ ਹਲਾਤਾਂ ਬਾਬਤ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਕਮ ਉਪ ਮੰਡਲ ਮੈਜਿਸਟਰੇਟ ਮੈਡਮ ਪੂਨਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦੇਰ ਸ਼ਾਮ ਤਕ ਸਥਿਤੀ ਨਿਯੰਤਰਨ ਵਿਚ ਸੀ। ਉਨ੍ਹਾਂ ਕਿਤੇ ਵੀ ਕੋਈ ਵੀ ਘਟਨਾ ਨਾ ਹੋਣ ਦੀ ਪੁਸ਼ਟੀ ਕੀਤੀ ਹੈ।