ਸੌਦਾ ਸਾਧ ਦੇ ਭਵਿੱਖ ਦਾ ਫ਼ੈਸਲਾ ਅੱਜ
ਸਾਧਵੀ ਦੇ ਯੋਨ ਸ਼ੋਸ਼ਣ ਮਾਮਲੇ 'ਚ ਫਸੇ ਸੌਦਾ ਸਾਧ ਦੇ ਭਵਿੱਖ ਦਾ ਫ਼ੇਸਲਾ ਅੱਜ ਹੋਵੇਗਾ। ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਦੀਆਂ ਨਜ਼ਰਾਂ ਸੀ.ਬੀ.ਆਈ ਅਦਾਲਤ ਦੇ ਫ਼ੈਸਲੇ 'ਤੇ
ਚੰਡੀਗੜ੍ਹ, 24 ਅਗੱਸਤ (ਜੈ ਸਿੰਘ ਛਿੱਬਰ) : ਸਾਧਵੀ ਦੇ ਯੋਨ ਸ਼ੋਸ਼ਣ ਮਾਮਲੇ 'ਚ ਫਸੇ ਸੌਦਾ ਸਾਧ ਦੇ ਭਵਿੱਖ ਦਾ ਫ਼ੇਸਲਾ ਅੱਜ ਹੋਵੇਗਾ। ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਦੀਆਂ ਨਜ਼ਰਾਂ ਸੀ.ਬੀ.ਆਈ ਅਦਾਲਤ ਦੇ ਫ਼ੈਸਲੇ 'ਤੇ ਟਿਕੀਆਂ ਹੋਈਆਂ ਹਨ। ਪੰਜਾਬ ਤੇ ਹਰਿਆਣਾ ਵਿਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਦੋਵੇਂ ਰਾਜਾਂ ਦੀਆਂ ਸਰਕਾਰਾਂ ਵਲੋਂ ਭਾਵੇਂ ਪੰਜਾਬ ਤੇ ਹਰਿਆਣਾ ਵਿਚ ਧਾਰਾ 144 ਲਗਾ ਰੱਖੀ ਹੈ, ਪਰ ਇਸ ਦੇ ਬਾਵਜੂਦ ਪੰਚਕੂਲਾ ਵਿਖੇ ਡੇਰਾ ਪੈਰੋਕਾਰਾਂ ਦਾ ਬਿਨਾਂ ਕਿਸੀ ਰੋਕ ਟੋਕ 'ਤੇ ਪਹੁੰਚਣਾ ਨਿਰੰਤਰ ਜਾਰੀ ਹੈ। ਪੰਜਾਬ ਰਾਜ ਭਵਨ 'ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਰਾਜਪਾਲ ਵੀ.ਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਪੰਜਾਬ, ਹਰਿਆਣਾ ਚੰਡੀਗਡ੍ਹ 'ਚ ਅਗਲੇ 72 ਘੰਟਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਦਾ ਸੈਕਟਰ 9 ਵਿਖੇ ਸਾਂਝਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਦੋਵੇਂ ਰਾਜਾਂ ਦਾ ਸੀਨੀਅਰ ਪੁਲਿਸ ਅਧਿਕਾਰੀ ਤੈਨਾਤ ਰਹੇਗਾ। ਉਨ੍ਹਾਂ ਕਿਹਾ ਕਿ ਉਤਰ ਰੇਲਵੇ ਨੂੰ ਚੰਡੀਗੜ੍ਹ ਆਉਣ ਵਾਲੀਆਂ ਗੱਡੀਆਂ ਨੂੰ ਰੱਦ ਕਰਨ ਨੂੰ ਕਿਹਾ ਗਿਆ ਹੈ। ਰੇਲਵੇ ਨੇ ਅੱਜ ਛੇ ਯਾਤਰੀ ਗੱਡੀਆਂ ਨੂੰ ਰੱਦ ਕਰ ਦਿਤਾ ਹੈ, ਜਦੋਂ ਕਿ ਸ਼ੁਕਰਵਾਰ ਨੂੰ ਹੋਰ 22 ਗੱਡੀਆਂ ਰੱਦ ਰਹਿਣਗੀਆਂ। ਹਰਿਆਣਾ ਸਰਕਾਰ ਨੇ ਸਮੁੱਚੇ ਹਰਿਆਣਾ ਵਿਚ ਬੱਸ ਸੇਵਾਵਾਂ ਠੱਪ ਕਰ ਦਿਤੀਆਂ ਹਨ ਤੇ ਪੰਜਾਬ ਸਰਕਾਰ ਵਲੋਂ ਹਰਿਆਣਾ, ਦਿੱਲੀ ਜਾਣ ਵਾਲੇ ਰੂਟ ਬੰਦ ਕਰ ਦਿਤੇ ਹਨ। ਪੈਪਸੂ ਰੋਡਵੇਜ਼ ਦੇ ਐਮ.ਡੀ ਮਨਜੀਤ ਸਿੰਘ ਨਾਰੰਗ ਨੇ ਸ਼ੁਕਰਵਾਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਰੂਟਾਂ 'ਤੇ ਬਸਾਂ ਨਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸੀ ਤਰ੍ਹਾਂ ਡਿਪੂ ਵਿਚ ਮੁਲਾਜ਼ਮਾਂ ਤੇ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਕੰਟਰੋਲ ਰੂਮ ਬਣਾਉਣ ਨੂੰ ਕਿਹਾ ਹੈ।
ਉਧਰ ਹਰਿਆਣਾ ਦੇ ਗ੍ਰਹਿ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ ਰੇਲਵੇ ਨੂੰ ਸ਼ੁਕਰਵਾਰ ਨੂੰ ਗੱਡੀਆਂ ਰੱਦ ਕਰਨ ਨੂੰ ਕਿਹਾ ਗਿਆ ਹੈ, ਜਦੋਂ ਕਿ ਬੱਸ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਸੈਕਟਰ 17 ਤੋਂ ਸਿਰਫ਼ ਵੈਲਵੋ ਬਸਾਂ ਨੂੰ ਚਾਲੂ ਰੱਖਿਆ ਜਾਵੇਗਾ।